ਬਰਜਿੰਦਰ ਸਿੰਘ ਮੱਖਣ ਬਰਾੜ ਨੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਤੋਂ ਤੋੜਿਆ ਨਾਤਾ
ਸ਼੍ਰੋਮਣੀ ਅਕਾਲੀ ਦਲ ਪੁਨਰ
Publish Date: Sat, 04 Apr 2026 05:51 PM (IST)
Updated Date: Sat, 04 Apr 2026 05:52 PM (IST)

- ਗਿਆਨੀ ਹਰਪ੍ਰੀਤ ਸਿੰਘ ਤੇ ਮਨਪ੍ਰੀਤ ਇਯਾਲੀ ’ਤੇ ਲਾਏ ਦੋਸ਼ ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਅਕਾਉਂਟ ’ਤੇ ਪਾਈ ਹੈ। ਮੱਖਣ ਬਰਾੜ ਨੇ ਲਿਖਿਆ ਹੈ ਕਿ ਉਹ ਭਰੇ ਮਨ ਨਾਲ ਸ਼੍ਰੋਅਦ ਪੁਨਰ ਸੁਰਜੀਤ ਦਲ ਦੇ ਸਾਰੇ ਅਹੁਦਿਆਂ ਤੇ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦੇ ਹਨ। ਉਨ੍ਹਾਂ ਕਿਹਾ ਏਜੰਸੀਆਂ ਨਾਲ ਮਿਲ ਕੇ ਪੰਥ ਅਤੇ ਪੰਜਾਬ ਨੂੰ ਗੁੰਮਰਾਹ ਕਰ ਰਹੇ ਹਨ ਗਿਆਨੀ ਹਰਪ੍ਰੀਤ ਸਿੰਘ ਤੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ। ਮੱਖਣ ਬਰਾੜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨਾਮ ਤੇ ਕੌਮ ਨੂੰ ਭਾਵੁਕ ਕਰਕੇ ਬੀਤੇ ਸਮੇਂ ਵਿਚ ਕੁਝ ਲੋਕਾਂ ਵੱਲੋਂ ਵੱਡੀ ਸਾਜਿਸ਼ ਰਚੀ ਗਈ ਜਿਸ ਨੂੰ ਅੱਗੇ ਜਾ ਕੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦਾ ਨਾਮ ਦਿੱਤਾ ਗਿਆ। ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਪੰਥ ਦੀ ਨੁਮਾਇੰਦਾ ਜਥੇਬੰਦੀ ਨੂੰ ਖ਼ਤਮ ਕਰਨ ਲਈ ਕੇਂਦਰੀ ਤਾਕਤਾਂ ਨੇ ਅਜਿਹੀ ਸਾਜਿਸ਼ ਘੜੀ ਕਿ ਕਿਸੇ ਨੂੰ ਭਿਣਕ ਤੱਕ ਨਾ ਲੱਗੀ। ਇਸ ਸਾਜਿਸ਼ ਦਾ ਹਿੱਸਾ ਕੇਂਦਰੀ ਏਜੰਸੀਆਂ ਅਤੇ ਪੰਜਾਬ ਦੀ ‘ਆਪ’ ਸਰਕਾਰ ਵੀ ਸੀ ਜਿਨ੍ਹਾਂ ਨੇ ਪੰਥ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਲਈ ਹਰ ਦਾਅ ਵਰਤਿਆ। ਪੰਥਕ ਪਰਿਵਾਰ ਹੋਣ ਕਰਕੇ ਸਾਨੂੰ ਵੀ ਇਸ ਜਾਲ ਚ ਫਸਾਉਣ ਲਈ ਮਨਪ੍ਰੀਤ ਸਿੰਘ ਇਆਲੀ ਨੇ ਭੂਮਿਕਾ ਨਿਭਾਈ ਤੇ ਉਹ ਉਸ ਦੇ ਨਾਲ ਇਸ ਦਲ ਵਿਚ ਚਲਾ ਗਿਆ। ਉਨ੍ਹਾਂ ਗਿਆਨੀ ਹਰਪ੍ਰੀਤ ਸਿੰਘ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਬਾਰੇ ਤਾਂ ਹੁਣ ਸੰਗਤ ਖੁਦ ਹੀ ਜਾਣ ਚੁੱਕੀ ਹੈ ਕਿ ਕਿਵੇਂ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਰਤ ਕੇ ਪੰਥ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨੂੰ ਕੇਂਦਰੀ ਏਜੰਸੀਆਂ ਦੇ ਆਖੇ ਖ਼ਤਮ ਕਰਨ ਦਾ ਹਰ ਹੀਲਾ ਵਰਤਿਆ। ਮੱਖਣ ਬਰਾੜ ਨੇ ਕਿਹਾ ਕਿ ਉਹ ਅੱਜ ਇਸ ਨਵੇਂ ਦਲ ਦੇ ਸਾਰੇ ਅਹੁਦਿਆਂ ਅਤੇ ਮੁਢਲੀ ਮੈਂਬਰਸ਼ਿਪ ਤੋਂ ਆਪਣਾ ਅਸਤੀਫ਼ਾ ਦਿੰਦੇ ਹਨ, ਆਉਣ ਵਾਲੇ ਸਮੇਂ ਵਿਚ ਪੰਥ ਦੀ ਕਚਹਿਰੀ ਵਿਚ ਸੱਚ ਸਭ ਦੇ ਸਾਹਮਣੇ ਰੱਖਣਗੇ। ਕੌਣ ਨੇ ਮੱਖਣ ਬਰਾੜ... : ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਰਹਿ ਚੁੱਕੇ ਅਤੇ ਮਰਹੂਮ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਪੁੱਤਰ ਹਨ ਬਰਜਿੰਦਰ ਸਿੰਘ ਮੱਖਣ ਬਰਾੜ। ਉਹ ਸ਼੍ਰੋਮਣੀ ਅਕਾਲੀ ਦਲ ਸਰਕਾਰ ਸਮੇਂ ਨਗਰ ਕੌਂਸਲ ਮੋਗਾ ਦੇ ਪਹਿਲੇ ਪ੍ਰਧਾਨ ਬਣੇ ਅਤੇ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਪੰਜਾਬ ਚੇਅਰਮੈਨ ਵੀ ਰਹਿ ਚੁੱਕੇ ਹਨ। ਉਹ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਸੁਰਜੀਤ ਲਈ ਕੰਮ ਕਰ ਰਹੇ ਸਨ ਜਿਨ੍ਹਾਂ ਨੇ ਹੁਣ ਅਸਤੀਫਾ ਦੇ ਦਿੱਤਾ ਹੈ।