ਨਸ਼ਾ ਤਸਕਰਾਂ ਦੀ ਸੂਹ ਦੇਣ ਲਈ ਨੰਬਰ ਜਾਰੀ
ਸੀਨੀਅਰ ਕਪਤਾਨ ਪੁਲਿਸਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਕੀਤਾ ਜਾਗਰੂਕ
Publish Date: Sun, 08 Feb 2026 04:36 PM (IST)
Updated Date: Mon, 09 Feb 2026 04:02 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਗੁਰਪ੍ਰੀਤ ਸਿੰਘ ਡੀਐੱਸਪੀ ਸਬ ਡਿਵੀਜ਼ਨ ਮੋਗਾ ਅਤੇ ਡੀਐੱਸਪੀ ਟਰੈਫ਼ਿਕ ਮੋਗਾ ਦੀ ਰਹਿਨੁਮਾਈ ਹੇਠ ਪਨਸਪ ਗੋਦਾਮ, ਐੱਫਸੀਆਈ ਰੋਡ ਮੋਗਾ ਵਿਖੇ ਕਰਮਚਾਰੀਆਂ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਮੌਕੇ ਟਰੈਫ਼ਿਕ ਨਿਯਮਾਂ ਦੀ ਪਾਲਣਾ, ਟਰੈਫ਼ਿਕ ਚਿੰਨਾਂ ਦੀ ਮਹੱਤਤਾ, 112 ਹੈਲਪਲਾਈਨ ਨੰਬਰ ਦੀ ਵਰਤੋਂ, ਨਸ਼ਿਆਂ ਤੋਂ ਦੂਰ ਰਹਿਣ ਅਤੇ ਸਾਈਬਰ ਅਪਰਾਧ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਾਅ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਸੈਮੀਨਾਰ ਦੌਰਾਨ ਏਐੱਸਆਈ ਕੇਵਲ ਸਿੰਘ, ਇੰਚਾਰਜ ਟਰੈਫ਼ਿਕ ਐਜੂਕੇਸ਼ਨ ਸੈੱਲ ਮੋਗਾ ਨੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਟਰੈਫ਼ਿਕ ਚਿੰਨਾਂ ਬਾਰੇ ਵਿਸਥਾਰ ਨਾਲ ਸਮਝਾਇਆ ਅਤੇ ਕਿਹਾ ਕਿ ਸੜਕ ਹਾਦਸਿਆਂ ਤੋਂ ਬਚਣ ਲਈ ਟਰੈਫ਼ਿਕ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਨੇ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਪਹਿਨਣ, ਵਾਹਨ ਚਲਾਉਂਦੇ ਸਮੇਂ ਓਵਰਸਪੀਡਿੰਗ ਤੋਂ ਬਚਣ, ਨਸ਼ੇ ਦੀ ਹਾਲਤ ਵਿਚ ਵਾਹਨ ਨਾ ਚਲਾਉਣ ਅਤੇ ਡਰਾਈਵਿੰਗ ਲਾਈਸੈਂਸ ਸਮੇਤ ਵਾਹਨਾਂ ਦੇ ਸਾਰੇ ਦਸਤਾਵੇਜ਼ ਪੂਰੇ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਵੱਲੋਂ 112 ਐਮਰਜੈਂਸੀ ਹੈਲਪਲਾਈਨ ਨੰਬਰ ਦੀ ਵਰਤੋਂ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਅਤੇ ਕਿਹਾ ਕਿ ਕਿਸੇ ਵੀ ਐਮਰਜੈਂਸੀ ਸਥਿਤੀ ਵਿਚ ਤੁਰੰਤ ਇਸ ਨੰਬਰ ’ਤੇ ਸੰਪਰਕ ਕੀਤਾ ਜਾਵੇ। ਇਸ ਤੋਂ ਇਲਾਵਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਗਿਆ। ਏਐੱਸਆਈ ਕੇਵਲ ਸਿੰਘ ਨੇ ਕਿਹਾ ਕਿ ਨਸ਼ਾ ਨੌਜਵਾਨਾਂ ਦੇ ਭਵਿੱਖ ਨੂੰ ਬਰਬਾਦ ਕਰ ਰਿਹਾ ਹੈ ਅਤੇ ਇਸ ਤੋਂ ਦੂਰ ਰਹਿਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਨੇ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਸੇਫ਼ ਪੰਜਾਬ ਐਪ ਦੇ ਨੰਬਰ 9779100200 ’ਤੇ ਦੇਣ ਦੀ ਅਪੀਲ ਵੀ ਕੀਤੀ। ਸਾਈਬਰ ਕ੍ਰਾਈਮ ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਲਈ ਕਰਮਚਾਰੀਆਂ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਅਤੇ ਸਾਈਬਰ ਸੈੱਲ ਹੈਲਪਲਾਈਨ ਨੰਬਰ 1930 ਬਾਰੇ ਜਾਣੂੰ ਕਰਵਾਇਆ ਗਿਆ। ਪ੍ਰੋਗਰਾਮ ਦੇ ਅੰਤ ਵਿਚ ਕਰਮਚਾਰੀਆਂ ਵੱਲੋਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਇਹ ਭਰੋਸਾ ਦਿੱਤਾ ਗਿਆ ਕਿ ਉਹ ਟਰੈਫ਼ਿਕ ਨਿਯਮਾਂ ਦੀ ਪਾਲਣਾ ਕਰਨਗੇ ਅਤੇ ਨਸ਼ਿਆਂ ਅਤੇ ਸਾਈਬਰ ਅਪਰਾਧਾਂ ਤੋਂ ਦੂਰ ਰਹਿਣਗੇ।