ਟ੍ਰੈਫਿਕ ਨਿਯਮਾਂ ਤੇ ਸਾਈਬਰ ਸੁਰੱਖਿਆ ਬਾਰੇ ਕੀਤਾ ਜਾਗਰੂਕ
ਸੀਨੀਅਰ ਕਪਤਾਨ ਪੁਲਿਸ
Publish Date: Sat, 21 Feb 2026 04:12 PM (IST)
Updated Date: Sun, 22 Feb 2026 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਸੀਨੀਅਰ ਕਪਤਾਨ ਪੁਲਿਸ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਗੁਰਪ੍ਰੀਤ ਸਿੰਘ ਡੀਐੱਸਪੀ ਸਬਡਿਵੀਜ਼ਨ ਮੋਗਾ ਅਤੇ ਡੀਐੱਸਪੀ ਟ੍ਰੈਫਿਕ ਮੋਗਾ ਦੀ ਰਹਿਨੁਮਾਈ ਵਿਚ ਫੂਡ ਗਰੇਨ ਅਲਾਇਡ ਵਰਕਰ ਯੂਨੀਅਨ ਮੋਗਾ ਦੇ ਕਿਰਤੀਆਂ ਲਈ ਵਿਸ਼ੇਸ਼ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਦਾ ਮੁੱਖ ਉਦੇਸ਼ ਕਿਰਤੀਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ, ਸੜਕ ਸੁਰੱਖਿਆ, ਨਸ਼ਾ ਮੁਕਤੀ ਅਤੇ ਸਾਈਬਰ ਅਪਰਾਧ ਤੋਂ ਬਚਾਅ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਸੀ। ਇਸ ਮੌਕੇ ਏਐੱਸਆਈ ਕੇਵਲ ਸਿੰਘ ਇੰਚਾਰਜ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਨੇ ਹਾਜ਼ਰ ਕਿਰਤੀਆਂ ਨੂੰ ਸੰਬੋਧਨ ਕਰਦਿਆਂ ਟ੍ਰੈਫਿਕ ਚਿੰਨ੍ਹਾਂ ਅਤੇ ਨਿਯਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸੜਕ ਹਾਦਸਿਆਂ ਨੂੰ ਰੋਕਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਰਤੀਆਂ ਨੂੰ ਅਪੀਲ ਕੀਤੀ ਕਿ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਵੈਧ ਡਰਾਈਵਿੰਗ ਲਾਈਸੈਂਸ ਰੱਖਣ, ਓਵਰਸਪੀਡ ਤੋਂ ਬਚਣ, ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਦੀ ਵਰਤੋਂ ਲਾਜ਼ਮੀ ਕਰਨ ਅਤੇ ਨਸ਼ੇ ਦੀ ਹਾਲਤ ਵਿਚ ਵਾਹਨ ਨਾ ਚਲਾਉਣ। ਇਸ ਦੇ ਨਾਲ ਹੀ ਵਾਹਨਾਂ ਦੇ ਸਾਰੇ ਜ਼ਰੂਰੀ ਦਸਤਾਵੇਜ਼ ਪੂਰੇ ਰੱਖਣ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ। ਕੈਂਪ ਦੌਰਾਨ 112 ਐਮਰਜੈਂਸੀ ਹੈਲਪਲਾਈਨ ਨੰਬਰ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕਿਸੇ ਵੀ ਸੰਕਟ ਜਾਂ ਐਮਰਜੈਂਸੀ ਸਥਿਤੀ ਵਿਚ ਇਸ ਨੰਬਰ ਦਾ ਲਾਭ ਲਿਆ ਜਾਵੇ। ਇਸ ਤੋਂ ਇਲਾਵਾ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਵਿਸਥਾਰ ਨਾਲ ਦੱਸਿਆ ਗਿਆ ਅਤੇ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਹੈਲਪਲਾਈਨ ਨੰਬਰ 9779100200 ’ਤੇ ਸਾਂਝੀ ਕਰਨ ਦੀ ਅਪੀਲ ਕੀਤੀ ਗਈ। ਸਾਈਬਰ ਅਪਰਾਧਾਂ ਵਿਚ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਸਾਈਬਰ ਠੱਗੀਆਂ ਤੋਂ ਬਚਣ ਦੇ ਤਰੀਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਲੋਕਾਂ ਨੂੰ ਸਚੇਤ ਕੀਤਾ ਗਿਆ ਕਿ ਅਣਜਾਣ ਫ਼ੋਨ ਕਾਲਾਂ, ਲਿੰਕਾਂ ਅਤੇ ਓਟੀਪੀ ਸਾਂਝੇ ਕਰਨ ਤੋਂ ਬਚਿਆ ਜਾਵੇ। ਸਾਈਬਰ ਧੋਖਾਧੜੀ ਦੀ ਸ਼ਿਕਾਇਤ ਲਈ 1930 ਸਾਈਬਰ ਹੈਲਪਲਾਈਨ ਨੰਬਰ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਗਈ। ਇਸ ਮੌਕੇ ਯੂਨੀਅਨ ਪ੍ਰਧਾਨ ਹਾਕਮ ਸਿੰਘ ਸਮੇਤ ਯੂਨੀਅਨ ਦੇ ਹੋਰ ਮੈਂਬਰ ਅਤੇ ਕਿਰਤੀ ਵੱਡੀ ਗਿਣਤੀ ਵਿਚ ਮੌਜੂਦ ਸਨ।