ਰੈਂਪ ਸਕੀਮ ਤਹਿਤ ਜਾਗਰੂਕਤਾ ਵਰਕਸ਼ਾਪ ਲਾਈ
ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ
Publish Date: Fri, 17 Apr 2026 05:11 PM (IST)
Updated Date: Sat, 18 Apr 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ : ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ ਦੇ ਵਿਕਾਸ ਅਤੇ ਮਜ਼ਬੂਤੀ ਨੂੰ ਧਿਆਨ ਵਿਚ ਰੱਖਦਿਆਂ ਭਾਰਤ ਸਰਕਾਰ ਦੀ ਰੇਜ਼ਿੰਗ ਐਂਡ ਐਕਸੇਲਰੇਟਿੰਗ ਐੱਮਐੱਸਐੱਮਈ ਪਰਫਾਰਮੈਂਸ ਸਕੀਮ ਤਹਿਤ ਜ਼ਿਲ੍ਹਾ ਮੋਗਾ ਵਿਚ ਇਕ ਵਿਸ਼ੇਸ਼ ਜਾਗਰੂਕਤਾ ਅਤੇ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡੀਸੀ ਮੋਗਾ ਸਾਗਰ ਸੇਤੀਆ ਨੇ ਇਸ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ। ਇਹ ਵਰਕਸ਼ਾਪ ਮਗਸੀਪਾ ਵੱਲੋਂ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਦੇ ਸਹਿਯੋਗ ਨਾਲ ਡਿਪਟੀ ਕਮਿਸ਼ਨਰ ਦਫਤਰ ਮੋਗਾ ਦੇ ਮੀਟਿੰਗ ਹਾਲ ਵਿਖੇ ਕਰਵਾਈ ਗਈ। ਵਰਕਸ਼ਾਪ ਵਿਚ ਵੱਡੀ ਗਿਣਤੀ ਵਿਚ ਜ਼ਿਲ੍ਹੇ ਦੇ ਉਦਯੋਗਪਤੀ ਉਦਯੋਗਿਕ ਐਸੋਸੀਏਸ਼ਨਾਂ ਦੇ ਪ੍ਰਤੀਨਿਧੀ, ਸੈਲਫ ਹੈਲਪ ਗਰੁੱਪਾਂ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਭਾਗ ਲਿਆ। ਵਰਕਸ਼ਾਪ ਦੌਰਾਨ ਮੋਗਾ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਜੇਪੀੱਐਸ ਖੰਨਾ ਮੌਜੂਦ ਰਹੇ। ਇਸ ਮੌਕੇ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਮੋਗਾ ਸੁਖਮਿੰਦਰ ਸਿੰਘ ਰੇਖੀ ਵੱਲੋਂ ਹਾਜ਼ਰ ਉਦਯੋਗਪਤੀਆਂ ਨੂੰ ਵਰਕਸ਼ਾਪ ਦੇ ਉਦੇਸ਼ਾਂ ਅਤੇ ਰੈਂਪ ਸਕੀਮ ਦੇ ਲਾਭਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਸਕੀਮ ਦਾ ਮੁੱਖ ਉਦੇਸ਼ ਐੱਸਐੱਸਐੱਮਈਜ ਦੀ ਕਾਰਗੁਜ਼ਾਰੀ ਨੂੰ ਬਹਿਤਰ ਬਣਾਉਣਾ, ਉਨ੍ਹਾਂ ਦੀ ਮੁਕਾਬਲੇ ਦੀ ਸਮਰੱਥਾ ਵਧਾਉਣਾ ਅਤੇ ਉਦਯੋਗਿਕ ਵਿਕਾਸ ਨੂੰ ਤੇਜ਼ੀ ਦੇਣਾ ਹੈ। ਮਗਸੀਪਾ ਤੋਂ ਡਾ. ਦੀਪਤੀ ਮਨਚੰਦਾ ਕੰਸਲਟੈਂਟ, ਡਾ. ਰਣਜੀਤ ਸਿੰਘ ਹੈਡ-ਕਮਪੀ ਆਰ ਸਾਇੰਟਿਸਟ ਲੁਧਿਆਣਾ, ਸੰਜੀਵ ਜੱਗੀ ਕਾਊਂਸਲਰ ਅਤੇ ਰਜਨੀਸ਼ ਤੁੱਲੀ ਸਟੇਟ ਲੀਡ ਪ੍ਰੋਜੈਕਟ ਮੈਨੇਜਰ ਪੀਐੱਮਐੱਫਐੱਮਈ ਵੱਲੋਂ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਲੀਡਰਸ਼ਿੱਪ ਸਕਿੱਲਜ਼, ਮਾਰਕੀਟਿੰਗ ਅਤੇ ਉਦਯੋਗ ਪ੍ਰਬੰਧਨ, ਫੂਡ ਪ੍ਰੋਸੈਸਿੰਗ ਸਬੰਧੀ ਉਦਯੋਗ ਸਥਾਪਿਤ ਕਰਨ, ਪੀਐੱਮਐੱਫਐੱਮਈ ਸਕੀਮ ਸਬੰਧੀ ਲੈਕਚਰ ਦਿੱਤੇ। ਰਣਜੀਤ ਸਿੰਘ ਵੱਲੋਂ ਦੱਸਿਆ ਕਿ ਇਹ ਅਦਾਰਾ ਉਦਮੀਆਂ ਨੂੰ ਨਵੀਂ ਤਕਨੀਕ ਦੀ ਵਰਤੋਂ ਕਰਦੇ ਹੋਏ ਆਪਣਾ ਬਿਜਨਸ ਨਿਖਾਰਨ ਵਿਚ ਮਦਦ ਕਰਦਾ ਹੈ ਅਤੇ ਬੁਨਿਆਦੀ ਢਾਂਚਾ ਅਪਗ੍ਰੇਡ ਕਰਨ ਲਈ ਉਤਸ਼ਾਹਿਤ ਕਰਦਾ ਹੈ। ਜਿਲ੍ਹਾ ਮੋਗਾ ਵਿਚ ਪੰਜਾਬ ਸਖੀ ਸ਼ਕਤੀ ਮੇਲਾ ਜਿਹੜਾ ਕਿ 19 ਮਾਰਚ ਤੋਂ 21 ਮਾਰਚ ਤੱਕ ਸਰਕਾਰੀ ਆਈਟੀਆਈ ਮੋਗਾ ਵਿਖੇ ਲਗਾਇਆ ਗਿਆ ਸੀ, ਜਿਸ ਵਿਚ ਮਹਿਲਾ ਉਦਮੀਆਂ ਅਤੇ ਸੈਲਫ ਹੈਲਪ ਗਰੁੱਪਾਂ ਦੁਆਰਾ ਭਾਗ ਲੈਂਦੇ ਹੋਏ 70 ਦੇ ਕਰੀਬ ਸਟਾਲਾਂ ਲਗਾਈਆਂ ਗਈਆਂ ਸਨ। ਇਨ੍ਹਾਂ ਵਿਚੋਂ ਚੰਗੀ ਕਾਰਗੁਜਾਰੀ ਵਾਲੀਆਂ 4 ਮਹਿਲਾ ਉਦਮੀਆਂ ਨੂੰ ਡੀਸੀ ਮੋਗਾ ਦੁਆਰਾ ਸਨਮਾਨਿਤ ਕੀਤਾ ਗਿਆ। ਪਹਿਲਾ ਇਨਾਮ ਰਾਸ਼ੀ 35000 ਰੁਪਏ ਵਾਹਿਗੁਰੂ ਆਜੀਵਿਕਾ ਸੈਲਫ ਹੈਲਪ ਗਰੁੱਪ, ਦੂਜਾ ਇਨਾਮ ਰਾਸ਼ੀ 25000 ਰੁਪਏ ਉਮੀਦ ਆਜੀਵਿਕਾ ਸੈਲਫ ਹੈਲਪ ਗਰੁੱਪ, ਤੀਜਾ ਇਨਾਮ 10,000 ਰੁਪਏ ਮਹਿਕ ਸੈਲਫ ਹੈਲਪ ਗਰੁੱਪ ਅਤੇ ਆਸ਼ਾ ਸੈਲਫ ਹੈਲਪ ਗਰੁੱਪ ਨੂੰ ਦਿੱਤੀ ਗਈ। ਵਰਕਸ਼ਾਪ ਦੌਰਾਨ ਉਦਯੋਗਪਤੀਆਂ ਨਾਲ ਖੁੱਲ੍ਹੀ ਚਰਚਾ ਵੀ ਕੀਤੀ ਗਈ ਜਿਸ ਵਿਚ ਉਦਯੋਗਪਤੀਆਂ ਸਮੱਸਿਆਵਾਂ ਜਿਵੇਂ ਕਿ ਮਾਰਕੀਟਿੰਗ, ਵਿੱਤੀ ਸਹਾਇਤਾ, ਤਕਨੀਕੀ ਅਪਗ੍ਰੇਡੇਸ਼ਨ ਅਤੇ ਕਲਸਟਰ ਡਿਵੈਲਪਮੈਂਟ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਅਧਿਕਾਰੀਆਂ ਵੱਲੋਂ ਉਨ੍ਹਾਂ ਦੇ ਪ੍ਰਸ਼ਨਾਂ ਦੇ ਸੰਤੁਸ਼ਟੀਜਨਕ ਉੱਤਰ ਦਿੱਤੇ ਗਏ।