ਪੱਤਰਕਾਰਾਂ ’ਤੇ ਕੇਸ ਦਰਜ ਕਰਨਾ ਨਿੰਦਣਯੋਗ : ਸੈਣੀ
ਕਾਂਗਰਸ ਪਾਰਟੀ ਦੇ ਵਾਰਡ ਨੰਬਰ
Publish Date: Sun, 04 Jan 2026 04:55 PM (IST)
Updated Date: Mon, 05 Jan 2026 04:06 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਕਾਂਗਰਸ ਪਾਰਟੀ ਦੇ ਵਾਰਡ ਨੰਬਰ 18 ਤੋਂ ਇੰਚਾਰਜ ਅਤੇ ਪੰਜਾਬ ਓਬੀਸੀ ਕਾਂਗਰਸ ਦੇ ਸਟੇਟ ਸੈਕਟਰੀ ਕ੍ਰਿਸ਼ਨ ਸੈਣੀ ਵੱਲੋਂ ਜਗਤਾਰ ਸਿੰਘ ਬਰਾੜ ਦੇ ਦਫ਼ਤਰ ਵਾਰਡ ਨੰਬਰ 18 ਵਿਚ ਮੀਟਿੰਗ ਹੋਈ। ਇਸ ਮੀਟਿੰਗ ਵਿਚ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਾਰਡ ਪੱਧਰ ਦੇ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਇਸ ਮੀਟਿੰਗ ਦੌਰਾਨ ਸਰਕਾਰੀ ਹੈਲੀਕਾਪਟਰ ਦੇ ਕਥਿਤ ਦੁਰਵਰਤੋਂ ਮਾਮਲੇ ‘ਤੇ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਇਨਫਲੂਐਂਸਰਾਂ ਖ਼ਿਲਾਫ਼ ਦਰਜ ਕੀਤੀਆਂ ਐੱਫਆਈਆਰਾਂ ਦੀ ਤਿੱਖੀ ਨਿੰਦਾ ਕੀਤੀ ਗਈ। ਇਸ ਮੌਕੇ ਕ੍ਰਿਸ਼ਨ ਸੈਣੀ ਨੇ ਕਿਹਾ ਕਿ ਸਰਕਾਰੀ ਹੈਲੀਕਾਪਟਰ ਦੇ ਇਸਤੇਮਾਲ ਬਾਰੇ ਸਵਾਲ ਉਠਾਉਣ ਵਾਲੇ ਪੱਤਰਕਾਰਾਂ, ਆਰਟੀਆਈ ਐਕਟੀਵਿਸਟਾਂ ਅਤੇ ਸੋਸ਼ਲ ਮੀਡੀਆ ਨਾਲ ਜੁੜੇ ਲੋਕਾਂ ‘ਤੇ ਪਰਚੇ ਦਰਜ ਕਰਨਾ ਸਿੱਧੇ ਤੌਰ ‘ਤੇ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ‘ਤੇ ਤਿੱਖਾ ਹਮਲਾ ਕਰਦਿਆਂ ਇਸ ਸਾਰੀ ਕਾਰਵਾਈ ਨੂੰ “ਪੰਜਾਬ ਵਿੱਚ ਅਣਘੋਸ਼ਿਤ ਇਮਰਜੈਂਸੀ” ਕਰਾਰ ਦਿੱਤਾ। ਕ੍ਰਿਸ਼ਨ ਸੈਣੀ ਨੇ ਕਿਹਾ ਕਿ ਲੋਕਤੰਤਰ ਵਿਚ ਸਵਾਲ ਪੁੱਛਣਾ ਹਰ ਨਾਗਰਿਕ ਅਤੇ ਮੀਡੀਆ ਦਾ ਅਧਿਕਾਰ ਹੁੰਦਾ ਹੈ, ਪਰ ਮੌਜੂਦਾ ਸਰਕਾਰ ਆਲੋਚਨਾ ਤੋਂ ਡਰ ਕੇ ਦਮਨਕਾਰੀ ਨੀਤੀਆਂ ਅਪਣਾ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੀ ਹੁਣ ਸਰਕਾਰੀ ਕੰਮਕਾਜ ‘ਤੇ ਸਵਾਲ ਚੁੱਕਣਾ ਵੀ ਜੁਰਮ ਬਣ ਗਿਆ ਹੈ? ਪੁਲਿਸ ਦਾ ਸਹਾਰਾ ਲੈ ਕੇ ਆਵਾਜ਼ਾਂ ਨੂੰ ਦਬਾਉਣਾ ਵਿਅਕਤੀਗਤ ਆਜ਼ਾਦੀ ‘ਤੇ ਸਿੱਧਾ ਹਮਲਾ ਹੈ ਅਤੇ ਲੋਕਤੰਤਰਕ ਮੁੱਲਾਂ ਦੀ ਘੋਰ ਉਲੰਘਣਾ ਹੈ। ਉਨ੍ਹਾਂ ਕਿਹਾ ਕਿ ਜੇ ਮਾਮਲਾ ਇੰਨਾ ਹੀ ਗੰਭੀਰ ਸੀ ਤਾਂ ਐੱਫਆਈਆਰ ਨੂੰ ਲੁਕਾ ਕੇ ਰੱਖਣ ਦੀ ਲੋੜ ਕਿਉਂ ਪਈ। ਇਸ ਤੋਂ ਸਾਫ਼ ਹੁੰਦਾ ਹੈ ਕਿ ਸਰਕਾਰ ਦੀ ਮਨਸ਼ਾ ਸਵਾਲ ਉਠਾਉਣ ਵਾਲਿਆਂ ਨੂੰ ਡਰਾਉਣ ਅਤੇ ਧਮਕਾਉਣ ਦੀ ਹੈ। ਜਿਨ੍ਹਾਂ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ, ਉਨ੍ਹਾਂ ਵਿਚ ਸੋਸ਼ਲ ਮੀਡੀਆ ਇਨਫਲੂਐਂਸਰ ਮਿੰਟੂ ਗੁਰੂਸਰੀਆ ਅਤੇ ਆਰਟੀਆਈ ਐਕਟੀਵਿਸਟ ਮਾਣਿਕ ਗੋਇਲ ਦੇ ਨਾਮ ਸ਼ਾਮਿਲ ਹਨ। ਅੰਤ ਵਿਚ ਕ੍ਰਿਸ਼ਨ ਸੈਣੀ ਨੇ ਕਿਹਾ ਕਿ ਆਉਣ ਵਾਲੀਆਂ ਮੋਗਾ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਵੱਡੀ ਗਿਣਤੀ ਵਿੱਚ ਮਿਊਨਸੀਪਲ ਕੌਂਸਲਰ ਜਿਤੇਗੀ ਅਤੇ ਲੋਕ ਇਨ੍ਹਾਂ ਦਮਨਕਾਰੀ ਨੀਤੀਆਂ ਦਾ ਲੋਕਤੰਤਰੀ ਅਤੇ ਸੰਵਿਧਾਨਕ ਢੰਗ ਨਾਲ ਕਰਾਰਾ ਜਵਾਬ ਦੇਣਗੇ। ਇਸ ਮੀਟਿੰਗ ਵਿੱਚ ਪੰਜਾਬ ਸਟੇਟ ਓਬੀਸੀ ਵਾਇਸ ਚੇਅਰਮੈਨ ਸੁਰਿੰਦਰ ਬਾਵਾ, ਸੀਨੀਅਰ ਆਗੂ ਰਮਨਦੀਪ ਸਿੰਘ ਲੰਡੇ ਕੇ, ਮਨਪ੍ਰੀਤ ਸਿੰਘ ਲੰਡੇਕੇ, ਸੀਨੀਅਰ ਯੂਥ ਆਗੂ ਅਮਰਜੀਤ ਸਿੰਘ, ਜਗਤਾਰ ਸਿੰਘ ਬਰਾੜ, ਓਮ ਪ੍ਰਕਾਸ਼ ਸੈਣੀ ਅਤੇ ਸੰਦੀਪ ਕੁਮਾਰ ਓਬੀਸੀ ਸ਼ਹਿਰੀ ਪ੍ਰਧਾਨ ਮੋਗਾ ਸਮੇਤ ਹੋਰ ਕਾਂਗਰਸੀ ਆਗੂ ਹਾਜ਼ਰ ਰਹੇ।