ਕਰਮਚਾਰੀ ਵੱਲੋਂ ਸਰਕਾਰ ਵਿਰੋਧੀ ਪ੍ਰਚਾਰ ਨਿੰਦਣਯੋਗ : ਢੋਸੀਵਾਲ
ਐੱਲਬੀਸੀਟੀ (ਲਾਰਡ ਬੁੱਧਾ ਚੈਰੀਟੇਬਲ ਟਰੱਸਟ)
Publish Date: Fri, 03 Apr 2026 03:33 PM (IST)
Updated Date: Sat, 04 Apr 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਰੀਦਕੋਟ: ਐੱਲਬੀਸੀਟੀ (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਦੇ ਸੰਸਥਾਪਕ ਚੇਅਰਮੈਨ ਅਤੇ ਆਲ ਇੰਡੀਆ ਐੱਸਸੀ./ਬੀਸੀ./ਐੱਸਟੀ ਏਕਤਾ ਭਲਾਈ ਮੰਚ ਦੇ ਰਾਸ਼ਟਰੀ ਪ੍ਰਧਾਨ ਦਲਿਤ ਰਤਨ ਜਗਦੀਸ਼ ਰਾਏ ਢੋਸੀਵਾਲ ਨੇ ਇਕ ਸਰਕਾਰੀ ਕਰਮਚਾਰੀ ਵੱਲੋਂ ਸਰਕਾਰ ਵਿਰੁੱਧ ਕੂੜ ਪ੍ਰਚਾਰ ਕੀਤੇ ਜਾਣ ਨੂੰ ਬੇਹੱਦ ਨਿੰਦਣਯੋਗ ਕਰਾਰ ਦਿੱਤਾ ਹੈ। ਇਸ ਸਬੰਧੀ ਅੱਜ ਇਥੇ ਜਾਣਕਾਰੀ ਦਿੰਦੇ ਹੋਏ ਢੋਸੀਵਾਲ ਨੇ ਦੱਸਿਆ ਹੈ ਕਿ ਸਥਾਨਕ ਯੂਕੋਨ ਦੀ ਐਸੋਸੀਏਟ ਪ੍ਰੋਫੈਸਰ ਮਨਦੀਪ ਕੌਰ ਦੇ ਪਤੀ ਪੰਜਾਬ ਰਾਜ ਬਿਜਲੀ ਬੋਰਡ ਵਿਚ ਤਾਇਨਾਤ ਸਰਕਾਰੀ ਕਰਮਚਾਰੀ ਜਸਵੰਤ ਸਿੰਘ ਨੇ ਪਿਛਲੇ ਦਿਨੀਂ ਸੋਸ਼ਲ ਮੀਡੀਆ ’ਤੇ ਇਕ ਪੋਸਟ ਪਾਈ ਸੀ। ਇਸ ਪੋਸਟ ਵਿਚ ਸਰਕਾਰੀ ਕਰਮਚਾਰੀ ਜਸਵੰਤ ਸਿੰਘ ਨੇ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਅੰਤਰ ਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਯੂਰੋਲੋਜਿਸਟ ਡਾ. ਰਾਜੀਵ ਸੂਦ ਨੇਕ ਦਿਲ ਇਨਸਾਨ ਵਜੋਂ ਜਾਣੇ ਜਾਂਦੇ ਸਪੀਕਰ ਅਤੇ ਹਰਮਨ ਪਿਆਰੇ ਹਲਕਾ ਵਿਧਾਇਕ ਉਪਰ ਕੁਰੱਪਸ਼ਨ ਵਿਚ ਸ਼ਾਮਲ ਹੋਣ ਦੇ ਕਥਿਤ ਦੋਸ਼ ਲਗਾਏ ਸਨ। ਪ੍ਰਧਾਨ ਢੋਸੀਵਾਲ ਨੇ ਉਕਤ ਸਰਕਾਰੀ ਕਰਮਚਾਰੀ ਵੱਲੋਂ ਉਪਰੋਕਤ ਝੂਠੇ ਦੋਸ਼ ਲਗਾ ਕੇ ਯੂਨੀਵਰਸਿਟੀ ਅਤੇ ਸਰਕਾਰ ਨੂੰ ਬਦਨਾਮ ਕਰਨ ਦੀ ਘਟੀਆ ਸਾਜਿਸ਼ ਕਰਾਰ ਦਿੱਤਾ ਹੈ ਢੋਸੀਵਾਲ ਨੇ ਅੱਗੇ ਕਿਹਾ ਹੈ ਕਿ ਕੁਝ ਵਿਅਕਤੀਆਂ ਵੱਲੋਂ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਸਾਜਿਸ਼ੀ ਢੰਗ ਨਾਲ ਯੂਨੀਵਰਸਿਟੀ ਅਤੇ ਸਰਕਾਰ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਢੋਸੀਵਾਲ ਨੇ ਇਸ ਗੱਲ ’ਤੇ ਬੇਹੱਦ ਹੈਰਾਨੀ ਅਤੇ ਦੁੱਖ ਪ੍ਰਗਟ ਕੀਤਾ ਹੈ ਕਿ ਆਪਣੀ ਪਤਨੀ ਮਨਦੀਪ ਕੌਰ ਨਾਲ ਯੂਨੀਵਰਸਿਟੀ ਦੀ ਸਰਕਾਰੀ ਰਿਹਾਇਸ਼ ਵਿਚ ਰਹਿ ਰਹੇ ਉਕਤ ਜਸਵੰਤ ਸਿੰਘ ’ਵਰਸਿਟੀ ਅਤੇ ਸਰਕਾਰ ਵਿਰੁੱਧ ਕੂੜ ਪ੍ਰਚਾਰ ਕਰਕੇ ‘‘ਜਿਸ ਥਾਲੀ ਵਿਚ ਖਾਣਾ, ਉਸੇ ਵਿਚ ਛੇਕ ਕਰਨਾ’’ ਵਾਲੀ ਕਹਾਵਤ ਸਿੱਧ ਕਰ ਦਿਤੀ ਹੈ। ਨੌਕਰੀ ਸਰਕਾਰੀ, ਰਿਹਾਇਸ਼ ਸਰਕਾਰੀ ਪਰ ਬੋਲੀ ਸਰਕਾਰ ਵਿਰੋਧੀ ਕਿਸੇ ਵੀ ਹਾਲਤ ਵਿੱਚ ਠੀਕ ਨਹੀਂ ਜਾਪਦੀ। ਪ੍ਰਧਾਨ ਢੋਸੀਵਾਲ ਵੱਲੋਂ ਕੱਲ੍ਹ ਵਾਇਸ ਚਾਂਸਲਰ ਡਾ. ਰਾਜੀਵ ਸੂਦ ਨਾਲ ਉਨ੍ਹਾਂ ਦੇ ਦਫਤਰ ਵਿਖੇ ਮੁਲਾਕਾਤ ਕੀਤੀ ਗਈ। ਇਸ ਸਮੇਂ ਢੋਸੀਵਾਲ ਨੇ ਸਰਕਾਰੀ ਕਰਮਚਾਰੀ ਜਸਵੰਤ ਸਿੰਘ ਵੱਲੋਂ ਯੂਨੀਵਰਸਿਟੀ ਅਤੇ ਸਰਕਾਰ ਵਿਰੁੱਧ ਸੋਸ਼ਲ ਮੀਡੀਆ ’ਤੇ ਕੀਤੇ ਜਾ ਰਹੇ ਕੂੜ ਪ੍ਰਚਾਰ ਬਾਰੇ ਉਸ ਵਿਰੁੱਧ ਕਾਰਵਾਈ ਕਰਨ ਸਬੰਧੀ ਸ਼ਿਕਾਇਤ ਪੱਤਰ ਵੀ ਦਿੱਤਾ। ਪੱਤਰ ਦੇ ਨਾਲ ਜਸਵੰਤ ਸਿੰਘ ਵੱਲੋਂ ਪਾਈ ਪੋਸਟ ਦੀ ਸਕਰੀਨ ਸ਼ਾਟ ਕਾਪੀ ਵੀ ਦਿੱਤੀ ਗਈ। ਮੁਲਾਕਾਤ ਦੌਰਾਨ ਵਾਇਸ ਚਾਂਸਲਰ ਨੇ ਕਿਹਾ ਕਿ ਇਸ ਪੱਤਰ ਉਪਰ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।