- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਨੇੜਲੇ ਪਿੰਡ ਚੰਦਪੁਰਾਣਾ ਵਿਖੇ

101 ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ, ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਭਰੀ ਹਾਜ਼ਰੀ
ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਮੋਗਾ ਨੇੜਲੇ ਪਿੰਡ ਚੰਦਪੁਰਾਣਾ ਵਿਖੇ ਸਥਿਤ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਤਪ ਅਸਥਾਨ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਵਿਖੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਦੀ ਯਾਦ ਅਤੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਬਰਸੀ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਵੱਡੀ ਸ਼ਰਧਾ ਅਤੇ ਧੂਮਧਾਮ ਨਾਲ ਆਯੋਜਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਦੀ ਅਗਵਾਈ ਹੇਠ ਇਹ ਵਿਸ਼ਾਲ ਧਾਰਮਿਕ ਸਮਾਗਮ ਦੇਸ਼-ਵਿਦੇਸ਼ ਦੀਆਂ ਸ਼ਰਧਾਲੂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਸ਼ਿਰਕਤ ਕਰ ਕੇ ਆਪਣੀ ਹਾਜ਼ਰੀ ਲਗਵਾਈ। ਸਮਾਗਮ ਦੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਕਰਵਾਏ ਗਏ 101 ਸ੍ਰੀ ਅਖੰਡ ਪਾਠਾਂ ਦੇ ਭੋਗ ਨਾਲ ਹੋਈ। ਸੰਗਤਾਂ ਵੱਲੋਂ ਭਾਰੀ ਸ਼ਰਧਾ ਨਾਲ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਸਮੂਹ ਇਲਾਕੇ ਵਿਚ ਧਾਰਮਿਕ ਮਾਹੌਲ ਬਣਿਆ ਰਿਹਾ। ਇਸ ਮੌਕੇ ਸਜੇ ਵਿਸ਼ਾਲ ਧਾਰਮਿਕ ਦੀਵਾਨਾਂ ਵਿਚ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵੀਰ ਸਿੰਘ, ਭਾਈ ਗੁਰਸਿਮਰਨ ਸਿੰਘ, ਭਾਈ ਗੁਰਪ੍ਰੇਮ ਸਿੰਘ ਸਮੇਤ ਹੋਰ ਪ੍ਰਸਿੱਧ ਰਾਗੀ ਜਥਿਆਂ ਨੇ ਰੱਬੀ ਬਾਣੀ ਦੇ ਅੰਮ੍ਰਿਤਮਈ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਸਭ ਤੋਂ ਪਹਿਲਾਂ ਖਰਾਬ ਮੌਸਮ ਦੇ ਬਾਵਜੂਦ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਸਮਾਗਮ ਵਿਚ ਪਹੁੰਚੀਆਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਹਿਯੋਗੀਆਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਵੀ ਕੀਤਾ। ਆਪਣੇ ਪ੍ਰਵਚਨਾਂ ਵਿਚ ਉਨ੍ਹਾਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਸਾਧੂ-ਸੰਤ ਮਨੁੱਖਤਾ ਨੂੰ ਸੱਚ ਦੇ ਰਾਹ ’ਤੇ ਤੁਰਨ ਦੀ ਪ੍ਰੇਰਣਾ ਦਿੰਦੇ ਹਨ। ਉਨ੍ਹਾਂ ਸੰਗਤਾਂ ਨੂੰ ਸੰਦੇਸ਼ ਦਿੱਤਾ ਕਿ ਹਰ ਇਕ ਸਿੱਖ ਨੂੰ ਗੁਰੂ ਦੀ ਬਾਣੀ ਅਤੇ ਬਾਣੇ ਵਿਚ ਪ੍ਰਪੱਕ ਹੋ ਕੇ ਆਪਣਾ ਜੀਵਨ ਸਫ਼ਲ ਬਣਾਉਣਾ ਚਾਹੀਦਾ ਹੈ ਅਤੇ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਕਿਹਾ ਕਿ ਸਿੱਖੀ ਮਨੁੱਖਤਾ ਦੀ ਭਲਾਈ ਦਾ ਮਾਰਗ ਹੈ ਅਤੇ ਹਰ ਸਿੱਖ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸੇਵਾ, ਸਿਮਰਨ ਅਤੇ ਸੱਚ ਦੇ ਰਾਹ ’ਤੇ ਤੁਰਨਾ ਚਾਹੀਦਾ ਹੈ। ਉਨ੍ਹਾਂ ਸੰਗਤਾਂ ਨੂੰ ਸਮਾਜ ਵਿਚ ਭਾਈਚਾਰੇ, ਸਾਂਝ ਅਤੇ ਸੇਵਾ ਦੀ ਭਾਵਨਾ ਵਧਾਉਣ ਦੀ ਅਪੀਲ ਵੀ ਕੀਤੀ। ਇਸ ਮੌਕੇ ਵਿਧਾਇਕ ਦਰਸ਼ਨ ਸਿੰਘ ਬਰਾੜ, ਜਥੇਦਾਰ ਤੀਰਥ ਸਿੰਘ ਮਾਹਲਾ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਹੋਰ ਉੱਚ ਸ਼ਖ਼ਸੀਅਤਾਂ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਸੰਤ ਬਾਬਾ ਗੁਰਦੀਪ ਸਿੰਘ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੇ ਮਿਸ਼ਨ ਨੂੰ ਅੱਗੇ ਵਧਾਉਂਦੇ ਹੋਏ ਸਿੱਖੀ ਦੇ ਪ੍ਰਚਾਰ ਅਤੇ ਮਨੁੱਖਤਾ ਦੀ ਭਲਾਈ ਲਈ ਲਗਾਤਾਰ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਧਾਰਮਿਕ ਸਮਾਗਮ ਸਮਾਜ ਵਿਚ ਆਤਮਿਕਤਾ ਅਤੇ ਇਕਤਾ ਨੂੰ ਮਜ਼ਬੂਤ ਕਰਦੇ ਹਨ। ਸਜੇ ਧਾਰਮਿਕ ਦੀਵਾਨਾਂ ਦੌਰਾਨ ਕਈ ਸੰਤਾਂ ਮਹਾਂਪੁਰਖਾਂ ਅਤੇ ਕਥਾਵਾਚਕਾਂ ਨੇ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਇਨ੍ਹਾਂ ਵਿਚ ਸੰਤ ਬਾਬਾ ਬਲਦੇਵ ਸਿੰਘ ਮੰਡੀਰਾਂ ਵਾਲੇ, ਬਾਬਾ ਮਹਿੰਦਰ ਸਿੰਘ ਬਹੋਨਾ, ਬਾਬਾ ਬਲਕਾਰ ਸਿੰਘ ਘੋਲੀਆ, ਬਾਬਾ ਸੁਖਦੇਵ ਸਿੰਘ ਡਮੇਲੀ ਵਾਲੇ, ਬਾਬਾ ਬੰਤਾ ਸਿੰਘ ਪਿੰਡ ਮੁੰਡਾ, ਬਾਬਾ ਛਿੰਦਰ ਸਿੰਘ ਜੈਮਲਵਾਲਾ, ਸੰਤ ਮੋਹਨ ਦਾਸ ਬਰਗਾੜੀ ਵਾਲੇ, ਸੰਤ ਮਹਿੰਦਰ ਦਾਸ ਕੋਠਾ ਗੁਰੂ, ਮਹੰਤ ਇਕਬਾਲ ਸਿੰਘ ਦੱਲੂਵਾਲਾ, ਸੰਤ ਅਵਤਾਰ ਸਿੰਘ ਡੋਰਾ ਭਜਨ ਗੜ੍ਹ, ਸੰਤ ਬਾਬਾ ਜਗਤਾਰ ਸਿੰਘ ਮਸਤਾਨਾ, ਬਾਬਾ ਗੋਜਾ ਸਿੰਘ ਨਾਨਕਸਰ ਵਾਲੇ, ਸੰਤ ਬਾਬਾ ਮਹਿੰਦਰ ਸਿੰਘ ਜਨੇਰ ਵਾਲੇ ਅਤੇ ਸੰਤ ਭਜਨ ਸਿੰਘ ਕਪੂਰੇ ਸਮੇਤ ਹੋਰ ਮਹਾਂਪੁਰਖ ਸ਼ਾਮਲ ਸਨ। ਇਸ ਸਮਾਗਮ ਦੀ ਇਕ ਵਿਸ਼ੇਸ਼ ਖਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਕ ਇੰਚ ਦੀ ਬੀੜ ਸੀ, ਜਿਸ ਨੂੰ ਸ਼ੀਸ਼ਿਆਂ ਨਾਲ ਸਜਾਈ ਪਾਲਕੀ ਵਿਚ ਸ਼ੁਸ਼ੋਭਿਤ ਕੀਤਾ ਗਿਆ ਸੀ। ਇਸ ਅਨੋਖੀ ਬੀੜ ਦੇ ਦਰਸ਼ਨ ਕਰਨ ਲਈ ਸੰਗਤਾਂ ਵਿਚ ਵੱਡਾ ਉਤਸ਼ਾਹ ਵੇਖਣ ਨੂੰ ਮਿਲਿਆ ਅਤੇ ਇਹ ਸੰਗਤਾਂ ਲਈ ਵਿਸ਼ੇਸ਼ ਆਕਰਸ਼ਣ ਦਾ ਕੇਂਦਰ ਬਣੀ ਰਹੀ। ਇਸ ਮੌਕੇ ਓਐੱਸਡੀਟੂ ਮੁੱਖ ਮੰਤਰੀ ਸੰਨੀ ਬਰਾੜ, ਐੱਮਪੀ ਮੁਹੰਮਦ ਸਦੀਕ, ਸਾਬਕਾ ਸਰਪੰਚ ਹਰਵਿੰਦਰ ਸਿੰਘ ਜਿੰਮੀ ਗੱਜਣਵਾਲਾ, ਨੰਬਰਦਾਰ ਹਰਬੰਸ ਸਿੰਘ ਲੋਲਣਾ ਗੱਜਣਵਾਲਾ, ਚੇਅਰਮੈਨ ਇੰਦਰਜੀਤ ਸਿੰਘ ਬੀੜ ਜ਼ਿਲ੍ਹਾ ਯੋਜਨਾ ਬੋਰਡ, ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਜ਼ਿਲ੍ਹਾ ਪ੍ਰੀਸ਼ਦ, ਜਥੇਦਾਰ ਤੀਰਥ ਸਿੰਘ ਅਕਾਲੀ ਦਲ, ਭਾਈ ਹਰਪ੍ਰੀਤ ਸਿੰਘ ਡੋਨੀ ਚੜਿੱਕ, ਕੁਲਬੀਰ ਸਿੰਘ ਕੋਠੇ ਪੱਤੀ ਮੁਹੱਬਤ, ਚਮਕੌਰ ਸਿੰਘ ਬਰਾੜ ਚੰਦਪੁਰਾਣਾ, ਅਵਤਾਰ ਸਿੰਘ ਦੁਨੇਕੇ, ਅਮਰਜੀਤ ਸਿੰਘ, ਤਰਲੋਕ ਸਿੰਘ, ਸਾਬਕਾ ਸਰਪੰਚ ਮੇਜਰ ਸਿੰਘ, ਸਾਧੂ ਸਿੰਘ, ਜੀਤਾ ਸਿੰਘ, ਗੁਰਜੰਟ ਸਿੰਘ, ਸੁੱਖਾ ਸਿੰਘ ਮੋਗਾ, ਮਿੰਦੀ ਸਿੰਘ ਮੋਗਾ, ਗਾਮਾ ਸਿੰਘ, ਬਲਦੇਵ ਸਿੰਘ ਮੋਗਾ, ਦਰਸ਼ਨ ਸਿੰਘ ਡਰੋਲੀ ਭਾਈ, ਬਿੱਲ ਸਿੰਘ, ਧਰਮ ਸਿੰਘ, ਭਾਈ ਇਕਬਾਲ ਸਿੰਘ ਲੰਗੇਆਣਾ ਸਟੋਰ ਸੈਕਟਰੀ, ਦਿਲਬਾਗ ਸਿੰਘ ਇੰਸਪੈਕਟਰ, ਬੀਬੀ ਜਸਵੀਰ ਕੌਰ ਲੰਡੇ ਅਤੇ ਇੰਦਰਜੀਤ ਸਿੰਘ ਜੇਈ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਤੋਂ ਇਲਾਵਾ ਪੰਜ ਪਿਆਰਿਆਂ ਦੇ ਜੱਥਿਆਂ ਵਿਚ ਭਾਈ ਰਛਪਾਲ ਸਿੰਘ ਨਾਥੂਵਾਲਾ, ਭਾਈ ਹਾਕਮ ਸਿੰਘ ਚੰਦ ਨਵਾਂ ਅਤੇ ਚੱਕ 56 ਜੀ.ਬੀ. ਰਾਜਸਥਾਨ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਸਮੇਤ ਦੇਸ਼-ਵਿਦੇਸ਼ ਤੋਂ ਆਈਆਂ ਸੰਗਤਾਂ ਨੇ ਭਾਰੀ ਗਿਣਤੀ ਵਿਚ ਹਾਜ਼ਰੀਆਂ ਭਰ ਕੇ ਸਮਾਗਮ ਦੀ ਸ਼ੋਭਾ ਵਧਾਈ। ਸਮਾਗਮ ਦੌਰਾਨ ਸੰਗਤਾਂ ਲਈ ਵਿਸ਼ਾਲ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਜਿੱਥੇ ਹਜ਼ਾਰਾਂ ਸ਼ਰਧਾਲੂਆਂ ਨੇ ਗੁਰੂ ਦਾ ਲੰਗਰ ਛਕ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਸਮੂਹ ਸਮਾਗਮ ਗੁਰਮਈ ਮਾਹੌਲ ਵਿਚ ਸੰਪੰਨ ਹੋਇਆ ਅਤੇ ਸੰਗਤਾਂ ਗੁਰੂ ਦੀ ਬਾਣੀ ਨਾਲ ਜੁੜ ਕੇ ਆਤਮਿਕ ਆਨੰਦ ਮਾਣਦੀਆਂ ਰਹੀਆਂ।