- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪ੍ਰਸ਼ਾਸਨ ਦੇ ਡੀਸੀ ਦਫ਼ਤਰ ਵਿਚ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਜ਼ਿਲ੍ਹਾ ਪ੍ਰਸ਼ਾਸਨ ਦੇ ਡੀਸੀ ਦਫ਼ਤਰ ਵਿਚ ਸਥਾਪਿਤ ਮਹਾਨ ਕ੍ਰਾਂਤੀਕਾਰੀ ਨੇਤਾ ਸੁਭਾਸ਼ ਚੰਦਰ ਬੋਸ ਦੇ ਬੁੱਤ ਦੀ ਬੇਹਾਲ ਹਾਲਤ ਨੂੰ ਲੈ ਕੇ ਸ਼ਹਿਰ ਵਿਚ ਨਾਰਾਜ਼ਗੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਦੇਸ਼ ਦੀ ਆਜ਼ਾਦੀ ਦੀ ਲੜਾਈ ਦੇ ਆਗੂ ਰਹੇ ਇਸ ਮਹਾਨ ਦੇਸ਼ਭਗਤ ਦੀ ਯਾਦਗਾਰ ਉੱਪਰ ਛੱਤ ਦੀ ਵਿਵਸਥਾ ਨਾ ਹੋਣ ਕਰਕੇ ਮੀਂਹ, ਧੂੜ ਅਤੇ ਪੰਛੀਆਂ ਦੀ ਗੰਦਗੀ ਲਗਾਤਾਰ ਇਕੱਠੀ ਹੋ ਰਹੀ ਹੈ, ਜਿਸ ਨਾਲ ਸਮਾਰਕ ਦੀ ਮਰਿਆਦਾ ਅਤੇ ਸ਼ਾਨ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ। ਇਹ ਮਾਮਲਾ ਸਿਰਫ਼ ਇਕ ਬੁੱਤ ਦੀ ਸਫ਼ਾਈ ਤੱਕ ਸੀਮਿਤ ਨਹੀਂ, ਸਗੋਂ ਇਹ ਸਵਾਲ ਖੜ੍ਹਾ ਕਰਦਾ ਹੈ ਕਿ ਕੀ ਅਸੀਂ ਆਪਣੇ ਦੇਸ਼ ਦੇ ਮਹਾਨ ਨਾਇਕਾਂ ਦੀ ਵਿਰਾਸਤ ਨੂੰ ਸੰਭਾਲਣ ਲਈ ਸੰਵੇਦਨਸ਼ੀਲ ਹਾਂ ਜਾਂ ਨਹੀਂ। ਇਸ ਮਾਮਲੇ ’ਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਆਗੂਆਂ ਨੇ ਤਿੱਖੀ ਪ੍ਰਤੀਕ੍ਰਿਆ ਦਿੰਦੇ ਹੋਏ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪੰਜਾਬ ਪ੍ਰਧਾਨ ਗਗਨ ਨੌਹਰਿਆਂ ਸਮੇਤ ਵਿਕਾਸ ਕਪੂਰ, ਰਾਮ ਬਚਨ ਅਤੇ ਮਨਦੀਪ ਸ਼ਰਮਾ ਨੇ ਕਿਹਾ ਕਿ ਦੇਸ਼ ਲਈ ਆਪਣੀ ਜਾਨ ਨਿਛਾਵਰ ਕਰਨ ਵਾਲੇ ਮਹਾਨ ਵਿਅਕਤੀਆਂ ਦੇ ਬੁੱਤਾਂ ਦੀ ਅਣਦੇਖੀ ਕਰਨਾ ਬਹੁਤ ਹੀ ਦੁਖਦਾਈ ਅਤੇ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਇਹ ਯਾਦਗਾਰਾਂ ਸਿਰਫ਼ ਧਾਤੂ ਜਾਂ ਪੱਥਰ ਦੀਆਂ ਮੂਰਤੀਆਂ ਨਹੀਂ ਹਨ ਸਗੋਂ ਇਹ ਦੇਸ਼ ਦੀ ਆਜ਼ਾਦੀ ਦੀ ਲੜਾਈ, ਸ਼ਹੀਦਾਂ ਦੀ ਕੁਰਬਾਨੀ ਅਤੇ ਰਾਸ਼ਟਰੀ ਅਸਮੀਤਾ ਦੇ ਜੀਵੰਤ ਪ੍ਰਤੀਕ ਹਨ। ਅਜਿਹੇ ਸਮਾਰਕਾਂ ਦੀ ਅਣਦੇਖੀ ਕਰਨਾ ਇਤਿਹਾਸ ਨਾਲ ਨਿਆਂ ਨਾ ਕਰਨ ਦੇ ਬਰਾਬਰ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਬੁੱਤ ਉੱਪਰ ਸੁਰੱਖਿਆ ਲਈ ਕੋਈ ਪੱਕੀ ਛੱਤ ਨਹੀਂ ਹੈ, ਜਿਸ ਕਾਰਨ ਮੀਂਹ ਦਾ ਪਾਣੀ ਸਿੱਧਾ ਬੁੱਤ ’ਤੇ ਪੈਂਦਾ ਹੈ, ਧੂੜ ਅਤੇ ਮਿੱਟੀ ਦੀ ਪਰਤ ਜੰਮ੍ਹ ਜਾਂਦੀ ਹੈ, ਪੰਛੀਆਂ ਦੀ ਗੰਦਗੀ ਨਾਲ ਸਮਾਰਕ ਦੀ ਸ਼ਕਲ ਵਿਗੜ ਰਹੀ ਹੈ, ਧਾਤੂ ਅਤੇ ਪੱਥਰ ਦੀ ਸਤ੍ਹਾ ’ਤੇ ਖਰਾਬੀ ਦੇ ਨਿਸ਼ਾਨ ਦਿਖ ਰਹੇ ਹਨ, ਆਲੇ ਦੁਆਲੇ ਗੰਦਗੀ ਕਾਰਨ ਆਉਣ ਵਾਲੇ ਲੋਕਾਂ ’ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸ ਸਥਿਤੀ ਨਾਲ ਸਮਾਰਕ ਦੀ ਸੁੰਦਰਤਾ ਹੀ ਨਹੀਂ ਘਟਦੀ ਸਗੋਂ ਇਹ ਸੰਦੇਸ਼ ਵੀ ਜਾਂਦਾ ਹੈ ਕਿ ਅਸੀਂ ਆਪਣੇ ਇਤਿਹਾਸਕ ਨਾਇਕਾਂ ਦੀ ਵਿਰਾਸਤ ਨੂੰ ਸੰਭਾਲਣ ਵਿਚ ਲਾਪਰਵਾਹ ਹਾਂ। ਸਮਾਜ ਸੇਵੀਆਂ ਦਾ ਮੰਨਣਾ ਹੈ ਕਿ ਅਜਿਹੀਆਂ ਯਾਦਗਾਰਾਂ ਦੀ ਅਣਦੇਖੀ ਨੌਜਵਾਨ ਪੀੜ੍ਹੀ ਵਿਚ ਗਲਤ ਸੰਦੇਸ਼ ਪੈਦਾ ਕਰਦੀ ਹੈ। ਜਦੋਂ ਉਹ ਦੇਖਦੇ ਹਨ ਕਿ ਦੇਸ਼ ਦੇ ਮਹਾਨ ਸੂਰਮਿਆਂ ਦੇ ਸਮਾਰਕ ਹੀ ਸੰਭਾਲੇ ਨਹੀਂ ਜਾ ਰਹੇ ਤਾਂ ਉਨ੍ਹਾਂ ਦੇ ਮਨ ਵਿਚ ਇਤਿਹਾਸ ਅਤੇ ਕੁਰਬਾਨੀ ਪ੍ਰਤੀ ਸਤਿਕਾਰ ਘਟ ਸਕਦਾ ਹੈ। ਮਾਹਿਰਾਂ ਅਨੁਸਾਰ ਜੇਕਰ ਇਨ੍ਹਾਂ ਸਮਾਰਕਾਂ ਨੂੰ ਸਹੀ ਤਰੀਕੇ ਨਾਲ ਸੰਭਾਲਿਆ ਜਾਵੇ ਤਾਂ ਇਹ ਨੌਜਵਾਨਾਂ ਲਈ ਦੇਸ਼ਭਗਤੀ, ਅਨੁਸ਼ਾਸਨ ਅਤੇ ਸੇਵਾ ਭਾਵਨਾ ਦੇ ਜੀਵੰਤ ਪਾਠਸ਼ਾਲਾ ਬਣ ਸਕਦੇ ਹਨ। ਸੰਸਥਾਵਾਂ ਅਤੇ ਨਾਗਰਿਕਾਂ ਵੱਲੋਂ ਪ੍ਰਸ਼ਾਸਨ ਮੰਗ ਹੈ ਕਿ ਬੁੱਤ ਉੱਪਰ ਪੱਕੀ ਛੱਤ ਦਾ ਨਿਰਮਾਣ, ਰੋਜ਼ਾਨਾ ਜਾਂ ਹਫ਼ਤਾਵਾਰ ਸਫ਼ਾਈ ਪ੍ਰਬੰਧ, ਆਲੇ ਦੁਆਲੇ ਦੀ ਸਫ਼ਾਈ ਅਤੇ ਸੁੰਦਰਤਾ ਲਈ ਵਿਸ਼ੇਸ਼ ਯੋਜਨਾ, ਸਮਾਰਕਾਂ ਦੀ ਸੰਭਾਲ ਲਈ ਵੱਖਰਾ ਬਜਟ ਨਿਰਧਾਰਿਤ ਕੀਤਾ ਜਾਵੇ, ਸੁਰੱਖਿਆ ਲਈ ਸੀਸੀਟੀਵੀ ਕੈਮਰੇ ਲਗਾਏ ਜਾਣ, ਸ਼ਹੀਦਾਂ ਅਤੇ ਰਾਸ਼ਟਰੀ ਨਾਇਕਾਂ ਦੇ ਸਮਾਰਕਾਂ ਦੀ ਸੂਚੀ ਤਿਆਰ ਕਰਕੇ ਨਿਯਮਿਤ ਨਿਗਰਾਨੀ ਕੀਤੀ ਜਾਵੇ, ਵਿਦਿਆਰਥੀਆਂ ਅਤੇ ਸਮਾਜਿਕ ਸੰਸਥਾਵਾਂ ਨੂੰ ਸੰਭਾਲ ਮੁਹਿੰਮ ਨਾਲ ਜੋੜਿਆ ਜਾਵੇ। ਆਗੂਆਂ ਸਪੱਸ਼ਟ ਕੀਤਾ ਕਿ ਜੇਕਰ ਮੰਗਾਂ ਸਬੰਧੀ ਜਲਦੀ ਕੋਈ ਢੁੱਕਵਾਂ ਕਦਮ ਨਾ ਚੁੱਕਿਆ ਗਿਆ ਤਾਂ ਸੰਸਥਾ ਵੱਲੋਂ ਸੰਘਰਸ਼ ਅਤੇ ਪ੍ਰਦਰਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਮਹਾਨ ਨਾਇਕਾਂ ਦੇ ਸਨਮਾਨ ਲਈ ਹਰ ਸੰਭਵ ਕਦਮ ਚੁੱਕਿਆ ਜਾਵੇਗਾ। ਸ਼ਹਿਰ ਦੇ ਜਾਗਰੂਕ ਨਾਗਰਿਕਾਂ, ਸਮਾਜ ਸੇਵੀਆਂ ਅਤੇ ਬੁੱਧੀਜੀਵੀਆਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਦੇਸ਼ਭਗਤਾਂ ਦੀਆਂ ਯਾਦਗਾਰਾਂ ਦੀ ਸੰਭਾਲ ਨੂੰ ਸਭ ਤੋਂ ਵੱਧ ਤਰਜ਼ੀਹ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਸਮਾਰਕ ਸਾਡੀ ਸਾਂਝੀ ਵਿਰਾਸਤ ਹਨ ਅਤੇ ਇਨ੍ਹਾਂ ਦੀ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ। ਇਤਿਹਾਸਕਾਰਾਂ ਅਤੇ ਸਮਾਜ ਵਿਗਿਆਨੀਆਂ ਦਾ ਮੰਨਣਾ ਹੈ ਕਿ ਕਿਸੇ ਵੀ ਦੇਸ਼ ਦੀ ਤਰੱਕੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਹ ਆਪਣੇ ਮਹਾਨ ਨਾਇਕਾਂ ਅਤੇ ਸ਼ਹੀਦਾਂ ਦੀ ਯਾਦਗਾਰਾਂ ਦੀ ਕਿੰਨੀ ਕਦਰ ਕਰਦਾ ਹੈ। ਸਮਾਰਕਾਂ ਦੀ ਸੰਭਾਲ ਸਿਰਫ਼ ਪ੍ਰਸ਼ਾਸਨ ਦੀ ਡਿਊਟੀ ਨਹੀਂ ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਦੇਸ਼ ਲਈ ਕੁਰਬਾਨੀ ਦੇਣ ਵਾਲਿਆਂ ਦੀ ਯਾਦਗਾਰਾਂ ਦਾ ਸਨਮਾਨ ਕਰਨਾ ਹੀ ਸੱਚੀ ਦੇਸ਼ਭਗਤੀ ਹੈ।