22 ਫਰਵਰੀ ਨੂੰ ਅਮਿਤ ਸ਼ਾਹ ਦੀ ਮੋਗਾ ਵਿਖੇ ਹੋਣ ਵਾਲੀ ਰੈਲੀ ਅਚਾਨਕ ਰੱਦ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ
Publish Date: Tue, 17 Feb 2026 06:31 PM (IST)
Updated Date: Wed, 18 Feb 2026 04:10 AM (IST)

ਵੱਖ-ਵੱਖ ਪਾਰਟੀਆਂ ਦੀਆਂ ਰੈਲੀਆਂ ਨਾਲ ਸਿਆਸੀ ਮਾਹੌਲ ਗਰਮ, ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ’ਤੇ ਵੱਡਾ ਦਬਾਅ ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ 22 ਫਰਵਰੀ ਨੂੰ ਮੋਗਾ ਵਿਚ ਹੋਣ ਵਾਲੀ ਪ੍ਰਸਤਾਵਿਤ ਰੈਲੀ ਅਚਾਨਕ ਰੱਦ ਕਰ ਦਿੱਤੀ ਗਈ ਹੈ। ਹਾਲਾਂਕਿ ਰੈਲੀ ਮੁਲਤਵੀ ਕੀਤੀ ਗਈ ਹੈ ਜਾਂ ਪੂਰੀ ਤਰ੍ਹਾਂ ਰੱਦ ਹੋਈ ਹੈ, ਇਸ ਬਾਰੇ ਭਾਰਤੀ ਜਨਤਾ ਪਾਰਟੀ ਵੱਲੋਂ ਅਜੇ ਤੱਕ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ। ਪਾਰਟੀ ਸੂਤਰਾਂ ਮੁਤਾਬਕ ਰੈਲੀ ਮੋਗਾ ਵਿਚ ਹੀ ਕਰਵਾਈ ਜਾਵੇਗੀ ਪਰ ਇਸ ਦੀ ਨਵੀਂ ਤਰੀਕ, ਸਥਾਨ ਅਤੇ ਪ੍ਰਬੰਧਾਂ ਬਾਰੇ ਅਣਿਸ਼ਚਿਤਤਾ ਬਣੀ ਹੋਈ ਹੈ। ਜ਼ਿਕਰਯੋਗ ਹੈ ਕਿ ਭਾਜਪਾ ਵੱਲੋਂ 22 ਫਰਵਰੀ ਨੂੰ ਦਾਣਾ ਮੰਡੀ ਵਿਚ ਵੱਡੀ ਰੈਲੀ ਕਰਨ ਦੀ ਯੋਜਨਾ ਤਹਿਤ ਤਿਆਰੀਆਂ ਜ਼ੋਰਾਂ ’ਤੇ ਚੱਲ ਰਹੀਆਂ ਸਨ। ਵੱਖ ਵੱਖ ਆਗੂਆਂ ਅਤੇ ਵਰਕਰਾਂ ਨੂੰ ਇੰਚਾਰਜ ਨਿਯੁਕਤ ਕਰ ਦਿੱਤਾ ਗਿਆ ਸੀ ਅਤੇ ਪਿੰਡ ਪੱਧਰ ਤੱਕ ਸੰਪਰਕ ਮੁਹਿੰਮ ਚਲ ਰਹੀ ਸੀ ਪਰ ਫਰਵਰੀ ਦੇ ਸ਼ੁਰੂ ਤੋਂ ਹੀ ਸੂਬਾ ਭਾਜਪਾ ਨੇ ਰੈਲੀ ਸੰਬੰਧੀ ਸੰਕੇਤ ਦੇਣੇ ਬੰਦ ਕਰ ਦਿੱਤੇ ਜਿਸ ਕਾਰਨ ਆਖਿਰਕਾਰ ਇਹ ਪ੍ਰੋਗਰਾਮ ਰੱਦ ਹੋ ਗਿਆ। ਮਾਲਵਾ ਖੇਤਰ ਵਿਚ ਸਿਆਸੀ ਤਾਪਮਾਨ ਚੜ੍ਹਿਆ ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਜੰਗ ਮੁਹਿੰਮ ਦੇ ਦੂਜੇ ਪੜਾਅ ਤਹਿਤ ਕਿਲੀ ਚਹਿਲਾਂ ਵਿਚ ਵੱਡੀ ਰੈਲੀ ਕਰਵਾਈ ਗਈ ਜਿਸ ਨਾਲ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਖਾਸਾ ਜੋਸ਼ ਦੇਖਣ ਨੂੰ ਮਿਲਿਆ। ਪਾਰਟੀ ਦੇ ਦਾਅਵੇ ਅਨੁਸਾਰ ਇਸ ਰੈਲੀ ਵਿਚ 1.25 ਲੱਖ ਤੋਂ 1.5 ਲੱਖ ਤੱਕ ਲੋਕ ਸ਼ਾਮਲ ਹੋਏ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ 18 ਮਾਰਚ ਨੂੰ ਬਾਘਾ ਪੁਰਾਣਾ ਵਿਚ ਵੱਡੀ ਰੈਲੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਪਿਛਲੇ ਮਹੀਨੇ ਭਾਰਤੀ ਰਾਸ਼ਟਰੀ ਕਾਂਗਰਸ ਨੇ ਵੀ ਬਾਘਾ ਪੁਰਾਣਾ ਵਿਚ ਮਨਰੇਗਾ ਦੇ ਮੁੱਦੇ ’ਤੇ ਰੈਲੀ ਕਰਕੇ ਮਾਲਵਾ ਭਰ ਤੋਂ ਵਰਕਰ ਇਕੱਠੇ ਕੀਤੇ ਸਨ। ਇਸ ਤਰ੍ਹਾਂ ਵੱਖ ਵੱਖ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਕਾਰਨ ਮੋਗਾ ਅਤੇ ਮਾਲਵਾ ਖ਼ੇਤਰ ਦਾ ਸਿਆਸੀ ਮਾਹੌਲ ਗਰਮ ਹੋ ਗਿਆ ਹੈ। ਹੁਣ ਭਾਜਪਾ ਦੇ ਸਥਾਨਕ ਆਗੂਆਂ ’ਤੇ ਦਬਾਅ ਹੈ ਕਿ ਉਹ ਹੋਰ ਪਾਰਟੀਆਂ ਨਾਲੋਂ ਵੱਡੀ ਰੈਲੀ ਕਰਕੇ ਆਪਣੀ ਮੌਜੂਦਗੀ ਦਰਸਾਉਣ। ਗੌਰਤਲਬ ਹੈ ਕਿ ਭਾਜਪਾ ਨੇ ਪਿਛਲੀਆਂ ਦੋ ਜ਼ਿਲ੍ਹਾ ਪੰਚਾਇਤ ਚੋਣਾਂ ਵਿਚ ਇਕੱਲੇ ਚੋਣ ਲੜੀ ਸੀ ਪਰ ਉਨ੍ਹਾਂ ਨੂੰ ਵੱਡੀ ਸਫ਼ਲਤਾ ਨਹੀਂ ਮਿਲੀ। ਆਉਣ ਵਾਲੀਆਂ ਨਗਰ ਨਿਗਮ ਚੋਣਾਂ ਨੂੰ ਧਿਆਨ ਵਿਚ ਰੱਖਦਿਆਂ ਪਾਰਟੀ ਹੁਣ ਸ਼ਹਿਰੀ ਵੋਟਰਾਂ ਨੂੰ ਲਾਮਬੰਦ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਦੀ ਰੈਲੀ ਨੂੰ ਮਹੱਤਵਪੂਰਨ ਮੰਚ ਵਜੋਂ ਦੇਖ ਰਹੀ ਹੈ। ਆਉਣ ਵਾਲੇ ਦਿਨਾਂ ’ਚ ਨਵੀਂ ਤਰੀਕ ਦਾ ਸੰਭਾਵਿਤ ਐਲਾਨ ਸਿਆਸੀ ਆਗੂਆਂ ਦਾ ਮੰਨਣਾ ਹੈ ਕਿ ਭਾਜਪਾ ਜਲਦ ਹੀ ਨਵੀਂ ਤਰੀਕ ਦਾ ਐਲਾਨ ਕਰ ਸਕਦੀ ਹੈ ਕਿਉਂਕਿ ਮਾਲਵਾ ਖੇਤਰ ਵਿਚ ਆਪਣੀ ਪਕੜ ਮਜ਼ਬੂਤ ਕਰਨ ਲਈ ਵੱਡੇ ਪੱਧਰ ਦੀ ਰੈਲੀ ਕਰਨਾ ਪਾਰਟੀ ਲਈ ਲਾਜ਼ਮੀ ਬਣ ਗਿਆ ਹੈ। ਹੁਣ ਸਭ ਦੀ ਨਿਗਾਹ ਇਸ ਗੱਲ ’ਤੇ ਟਿਕੀ ਹੈ ਕਿ ਅਮਿਤ ਸ਼ਾਹ ਦੀ ਮੋਗਾ ਰੈਲੀ ਕਦੋਂ ਅਤੇ ਕਿਹੜੇ ਪੱਧਰ ’ਤੇ ਕਰਵਾਈ ਜਾਂਦੀ ਹੈ।