- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਰਤੀ ਕਿਸਾਨ ਯੂਨੀਅਨ ਲੱਖੋਵਾਲ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਦਫ਼ਤਰ ਦੁੱਨੇਕੇ ਵਿਖੇ ਮੋਗਾ ਵਿਖੇ ਹੋਈ ਇਕ ਅਹਿਮ ਮੀਟਿੰਗ ਦੌਰਾਨ ਪੰਜਾਬ ਵਿਚ ਝੋਨੇ ਦੀ ਖ਼ਰੀਦ ਨਾਲ ਜੁੜੇ ਕਥਿਤ ਬਹੁ-ਕਰੋੜੀ ਘਪਲੇ ਨੂੰ ਲੈ ਕੇ ਗੰਭੀਰ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਗੱਲਬਾਤ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ ਨੇ ਮੰਗ ਕੀਤੀ ਕਿ ਇਸ ਮਾਮਲੇ ਦੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੌਜੂਦਾ ਸਿਟਿੰਗ ਜੱਜ ਤੋਂ ਨਿਰਪੱਖ ਜਾਂਚ ਕਰਵਾਈ ਜਾਵੇ। ਭੁਪਿੰਦਰ ਸਿੰਘ ਦੌਲਤਪੁਰਾ ਨੇ ਕਿਹਾ ਕਿ ਮੀਡੀਆ ਵਿਚ ਆ ਰਹੀਆਂ ਖ਼ਬਰਾਂ ਅਤੇ ਜਨਤਕ ਚਰਚਾਵਾਂ ਅਨੁਸਾਰ ਪੰਜਾਬ ਵਿਚ ਝੋਨੇ ਦੀ ਸਰਕਾਰੀ ਖ਼ਰੀਦ ਦੌਰਾਨ ਬਹੁ-ਕਰੋੜੀ ਘਪਲਾ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 2025-26 ਦੇ ਸੀਜ਼ਨ ਦੌਰਾਨ ਸੂਬੇ ਦੀਆਂ ਮੰਡੀਆਂ ਵਿਚ ਫਰਜ਼ੀ ਖ਼ਰੀਦ ਦੇ ਜ਼ਰੀਏ ਲਗਭਗ 6,000 ਕਰੋੜ ਤੋਂ ਲੈ ਕੇ 10,000 ਕਰੋੜ ਰੁਪਏ ਤੱਕ ਦੀ ਵੱਡੀ ‘ਖੇਡ’ ਹੋਣ ਦੇ ਦੋਸ਼ ਲਗ ਰਹੇ ਹਨ, ਜੋ ਕਿ ਬਹੁਤ ਹੀ ਗੰਭੀਰ ਮਾਮਲਾ ਹੈ। ਉਨ੍ਹਾਂ ਕਿਹਾ ਕਿ ਦੋਸ਼ਾਂ ਮੁਤਾਬਿਕ ਦੂਜੇ ਸੂਬਿਆਂ ਤੋਂ ਘੱਟੋ ਘੱਟ ਸਮਰਥਨ ਮੁੱਲ ਐੱਮਐੱਸਪੀ ਤੋਂ ਕਾਫ਼ੀ ਘੱਟ ਦਰਾਂ ’ਤੇ ਝੋਨਾ ਖ਼ਰੀਦਿਆ ਗਿਆ ਅਤੇ ਬਾਅਦ ਵਿਚ ਉਸੇ ਝੋਨੇ ਨੂੰ ਪੰਜਾਬ ਵਿਚ ਐੱਮਐੱਸਪੀ ’ਤੇ ਵੇਚ ਕੇ ਵੱਡਾ ਮੁਨਾਫ਼ਾ ਕਮਾਇਆ ਗਿਆ। ਇਸ ਤਰ੍ਹਾਂ ਦੇ ਗੰਭੀਰ ਦੋਸ਼ਾਂ ਕਾਰਨ ਕਿਸਾਨਾਂ, ਸਰਕਾਰ ਅਤੇ ਪੂਰੇ ਸਿਸਟਮ ’ਤੇ ਸਵਾਲੀਆ ਨਿਸ਼ਾਨ ਖੜ੍ਹੇ ਹੋ ਰਹੇ ਹਨ। ਦੌਲਤਪੁਰਾ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਸੱਚ ਸਾਹਮਣੇ ਲਿਆਉਣਾ ਹੈ ਤਾਂ ਇਸ ਮਾਮਲੇ ਦੀ ਜਾਂਚ ਕਿਸੇ ਸਿਆਸੀ ਦਬਾਅ ਤੋਂ ਬਿਨ੍ਹਾਂ ਹਾਈਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਈ ਜਾਵੇ। ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਦੇਸ਼ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਪਿਆ, ਜਿਸ ਦਾ ਸਿੱਧਾ ਅਸਰ ਪੰਜਾਬ ’ਤੇ ਵੀ ਪਿਆ। ਪੰਜਾਬ ਦੇ ਕਈ ਇਲਾਕੇ ਪਾਣੀ ’ਚ ਡੁੱਬ ਗਏ, ਜਿਸ ਨਾਲ ਖੇਤਾਂ ਵਿਚ ਲੱਗੀ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਹੋਇਆ। ਕਈ ਥਾਵਾਂ ’ਤੇ ਖੇਤਾਂ ਵਿਚ ਲੰਮੇ ਸਮੇਂ ਤੱਕ ਪਾਣੀ ਖੜ੍ਹਾ ਰਿਹਾ ਜਦਕਿ ਕਈ ਇਲਾਕਿਆਂ ਵਿਚ ਰੇਤ ਜੰਮ ਗਈ। ਇਸ ਕਾਰਨ ਪੰਜਾਬ ਵਿਚ ਝੋਨੇ ਦੀ ਕੁੱਲ ਪੈਦਾਵਾਰ ਘੱਟ ਰਹੀ। ਦੌਲਤਪੁਰਾ ਨੇ ਸਵਾਲ ਉਠਾਇਆ ਕਿ ਜਦੋਂ ਜ਼ਮੀਨੀ ਹਕੀਕਤ ਵਿਚ ਫ਼ਸਲ ਨੂੰ ਨੁਕਸਾਨ ਹੋਇਆ ਅਤੇ ਪੈਦਾਵਾਰ ਘੱਟ ਰਹੀ ਤਾਂ ਫ਼ਿਰ ਸਰਕਾਰੀ ਕਿਤਾਬਾਂ ਵਿਚ ਝੋਨੇ ਦੀ ਆਮਦ ਇੰਨੀ ਵੱਡੀ ਮਾਤਰਾ ਵਿਚ ਕਿਵੇਂ ਦਰਜ ਕੀਤੀ ਗਈ, ਇਹ ਗੱਲ ਆਪਣੇ ਆਪ ਵਿਚ ਕਈ ਸਵਾਲਾਂ ਨੂੰ ਜਨਮ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਵਿਚ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ ਪਿਛਲੇ ਸਾਲ ਹੜ੍ਹਾਂ ਅਤੇ ਵੱਧ ਨਮੀ ਕਾਰਨ ਪੈਦਾਵਾਰ ’ਤੇ ਪਿਆ ਅਸਰ ਇਸ ਘਪਲੇ ਨੂੰ ਅੰਜ਼ਾਮ ਦੇਣ ਲਈ ਵਰਤਿਆ ਗਿਆ। ਮੀਟਿੰਗ ਦੇ ਅੰਤ ਵਿਚ ਕਿਸਾਨ ਆਗੂਆਂ ਨੇ ਇਕਸੁਰ ਹੋ ਕੇ ਮੰਗ ਕੀਤੀ ਕਿ ਇਸ ਮਾਮਲੇ ਦੀ ਜਲਦ ਤੋਂ ਜਲਦ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜੇਕਰ ਦੋਸ਼ ਸਾਬਿਤ ਹੁੰਦੇ ਹਨ ਤਾਂ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿਚ ਕਿਸਾਨਾਂ ਦੇ ਹੱਕਾਂ ਨਾਲ ਇਸ ਤਰ੍ਹਾਂ ਦੀ ਧੋਖਾਧੜੀ ਨਾ ਹੋ ਸਕੇ। ਇਸ ਮੌਕੇ ’ਤੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਦੌਲਤਪੁਰਾ, ਬਲਾਕ ਪ੍ਰਧਾਨ ਗੁਰਮੇਲ ਸਿੰਘ ਡਰੋਲੀ ਭਾਈ, ਬਲਦੇਵ ਸਿੰਘ ਮੋਗਾ, ਜ਼ਿਲ੍ਹਾ ਮੀਡੀਆ ਸਕੱਤਰ ਬਲਕਰਨ ਸਿੰਘ ਢਿੱਲੋਂ ਸਮੇਤ ਹੋਰ ਕਿਸਾਨ ਆਗੂ ਅਤੇ ਮੈਂਬਰ ਹਾਜ਼ਰ ਸਨ।