ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਗੱਡੀ ਹਾਦਸਾਗ੍ਰਸਤ
ਅਕਾਲੀ ਦਲ ਵਾਰਿਸ ਪੰਜਾਬ
Publish Date: Sat, 14 Mar 2026 06:35 PM (IST)
Updated Date: Sat, 14 Mar 2026 06:36 PM (IST)

- ਐੱਮਪੀ ਲੈਂਡ ਫੰਡਾਂ ਬਾਬਤ ਹਲਕਾ ਮੋਗਾ ਦੇ ਪਿੰਡਾਂ ’ਚ ਕਰਨ ਜਾ ਰਹੇ ਸਨ ਮੀਟਿੰਗਾਂ ਵਕੀਲ ਮਹਿਰੋਂ, ਪੰਜਾਬੀ ਜਾਗਰਣ ਮੋਗਾ : ਅਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਭਾਈ ਰਛਪਾਲ ਸਿੰਘ ਸੋਸਣ ਦੀ ਗੱਡੀ ਅੱਜ ਪਿੰਡ ਕੋਰੇਵਾਲਾ ਨੇੜੇ ਉਸ ਵੇਲੇ ਹਾਦਸਾਗ੍ਰਸਤ ਹੋ ਗਈ ਜਦੋਂ ਉਹ ਸੜਕ ’ਤੇ ਜਾ ਰਹੇ ਇਕ ਕਤੂਰੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਹ ਅੱਜ ਵੱਖ-ਵੱਖ ਪਿੰਡਾਂ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕਰਨ ਲਈ ਹਲਕੇ ਦਾ ਦੌਰਾ ਕਰ ਰਹੇ ਸਨ। ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਪਿੰਡ ਕੋਰੇਵਾਲਾ ਵਿਚ ਇਕ ਘਰ ਦੇ ਥਮਲੇ ਨਾਲ ਜਾ ਟਕਰਾਈ। ਇਸ ਘਟਨਾ ਵਿਚ ਗੱਡੀ ਦਾ ਭਾਵੇਂ ਭਾਰੀ ਨੁਕਸਾਨ ਹੋ ਗਿਆ ਪਰ ਗੱਡੀ ਵਿਚ ਸਵਾਰ ਭਾਈ ਰਸ਼ਪਾਲ ਸਿੰਘ ਸੋਸਣ ਅਤੇ ਆਗੂਆਂ ਸਤਪਾਲ ਸਿੰਘ ਸੱਤਾ ਡਗਰੂ ਅਤੇ ਨਿਰਮਲ ਸਿੰਘ ਸੱਦਾ ਸਿੰਘ ਵਾਲਾ ਦੇ ਸੱਟਾਂ ਲੱਗਣ ਤੋਂ ਬਚਾਅ ਰਿਹਾ। ਪੜ੍ਹੇ-ਲਿਖੇ ਸਮਾਜ ਸੇਵੀ ਤੇ ਉੱਘੇ ਬਿਜਨਸਮੈਨ ਭਾਈ ਰਛਪਾਲ ਸਿੰਘ ਸੋਸਣ ਨੂੰ ਕੁੱਝ ਦਿਨ ਪਹਿਲਾਂ ਹੀ ਅਕਾਲੀ ਦਲ ਵਾਰਿਸ ਪੰਜਾਬ ਦੇ ਸਰਪ੍ਰਸਤ ਬਾਪੂ ਤਰਸੇਮ ਸਿੰਘ ਵੱਲੋਂ ਖਡੂਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਭਾਈ ਅਮ੍ਰਿਤਪਾਲ ਸਿੰਘ ਦੀ ਸਹਿਮਤੀ ਨਾਲ ਅਗਾਮੀ ਵਿਧਾਨ ਸਭਾ ਚੋਣਾਂ ਲਈ ਹਲਕਾ ਮੋਗਾ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਪਿਛਲੇ ਦਿਨਾਂ ਤੋਂ ਲਗਾਤਾਰ ਹਲਕੇ ਵਿਚ ਕੀਤੀ ਜਾ ਰਹੀ ਸਰਗਰਮ ਸਿਆਸੀ ਸਰਗਰਮੀ ਕਾਰਨ ਉਹ ਕਾਫ਼ੀ ਚਰਚਾ ਵਿਚ ਹਨ। ਰਛਪਾਲ ਸਿੰਘ ਸੋਸਣ ਪਿਛਲੇ ਕੁੱਝ ਦਿਨਾਂ ਤੋਂ ਹਲਕੇ ਦੇ ਪਿੰਡਾਂ ਵਿਚ ਫ਼ਰੀਦਕੋਟ ਤੋਂ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਖ਼ਾਲਸਾ ਵੱਲੋਂ ਵਿਕਾਸ ਕੰਮਾਂ ਲਈ ਦਿੱਤੇ ਜਾਣ ਵਾਲੇ ਫੰਡਾਂ ਸਬੰਧੀ ਲੋਕਾਂ ਨਾਲ ਮੀਟਿੰਗਾਂ ਕਰ ਰਹੇ ਸਨ ਅਤੇ ਪ੍ਰਧਾਨ ਮੰਤਰੀ ਗ੍ਰਾਂਮ ਸੜਕ ਯੋਜਨਾ ਅਧੀਨ ਬਣਨ ਵਾਲੀਆਂ ਸੜਕਾਂ ਦਾ ਨਿਰੀਖਣ ਕਰ ਰਹੇ ਹਨ।