- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼ਹਿਰ ਦੇ ਬਹੋਨਾ ਰੋਡ ਤੋਂ ਨਿਗਾਹਾ

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਮੋਗਾ: ਸ਼ਹਿਰ ਦੇ ਬਹੋਨਾ ਰੋਡ ਤੋਂ ਨਿਗਾਹਾ ਰੋਡ ਨੂੰ ਜੋੜਣ ਵਾਲੀ ਮੁੱਖ ਸੜਕ ’ਤੇ ਬਣੇ ਗਹਿਰੇ ਅਤੇ ਲਗਾਤਾਰ ਫ਼ੈਲ ਰਹੇ ਖੱਡੇ ਨੂੰ ਲੈ ਕੇ ਹੁਣ ਸਿਆਸੀ ਮਾਹੌਲ ਗਰਮਾ ਗਿਆ ਹੈ। ਇਸ ਮੌਕੇ ਅਕਾਲੀ ਦਲ ਦੇ ਹਲਕਾ ਇੰਚਾਰਜ ਸੰਜੀਤ ਸਿੰਘ ਸਨੀ ਗਿੱਲ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਉਠਾਉਂਦੇ ਹੋਏ ਚੇਤਾਵਨੀ ਦਿੱਤੀ ਹੈ ਕਿ ਜੇਕਰ ਇਕ ਦੋ ਦਿਨਾਂ ਦੇ ਅੰਦਰ ਸੜਕ ਦੀ ਮੁਰੰਮਤ ਅਤੇ ਸੀਵਰੇਜ ਸਮੱਸਿਆ ਦਾ ਪੱਕਾ ਹੱਲ ਨਾ ਕੀਤਾ ਗਿਆ ਤਾਂ ਉਹ ਇਲਾਕਾ ਵਾਸੀਆਂ ਨਾਲ ਮਿਲ ਕੇ ਨਗਰ ਨਿਗਮ ਦਫ਼ਤਰ ਅੱਗੇ ਧਰਨਾ ਦੇਣ ਲਈ ਮਜ਼ਬੂਰ ਹੋਣਗੇ। ਸਨੀ ਗਿੱਲ ਨੇ ਮੌਕੇ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਲਗਭਗ 12 ਦਿਨ ਪਹਿਲਾਂ ਸੜਕ ਦਾ ਇਕ ਛੋਟਾ ਹਿੱਸਾ ਧਸਿਆ ਸੀ, ਜਿਸ ਨੂੰ ਸਮੇਂ ਸਿਰ ਠੀਕ ਕੀਤਾ ਜਾ ਸਕਦਾ ਸੀ ਪਰ ਨਿਗਮ ਦੀ ਕਥਿਤ ਲਾਪਰਵਾਹੀ ਕਾਰਨ ਹੁਣ ਉਹੀ ਖੱਡਾ 15 ਤੋਂ 16 ਫੁੱਟ ਤੱਕ ਚੌੜਾ ਅਤੇ ਗਹਿਰਾ ਹੋ ਚੁੱਕਾ ਹੈ। ਸੜਕ ਦਾ ਕਿਨਾਰਾ ਲਗਾਤਾਰ ਹੇਠਾਂ ਬੈਠਦਾ ਜਾ ਰਿਹਾ ਹੈ, ਜਿਸ ਨਾਲ ਆਲੇ ਦੁਆਲੇ ਦੀਆਂ ਦੁਕਾਨਾਂ ਅਤੇ ਇਮਾਰਤਾਂ ਦੀ ਨੀਂਹ ਨੂੰ ਵੀ ਖਤਰਾ ਪੈਦਾ ਹੋ ਗਿਆ ਹੈ। ਸੀਵਰੇਜ ਦਾ ਗੰਦਾ ਪਾਣੀ ਦੁਕਾਨਾਂ ਦੇ ਹੇਠਾਂ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਵਪਾਰੀਆਂ ਵਿਚ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਇਹ ਸੜਕ ਇਲਾਕੇ ਦੀਆਂ ਮੁੱਖ ਮਾਰਗਾਂ ’ਚੋਂ ਇਕ ਹੈ, ਜਿੱਥੋਂ ਹਰ ਰੋਜ਼ ਭਾਰੀ ਆਵਾਜਾਈ ਰਹਿੰਦੀ ਹੈ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ ਖੱਡੇ ਦੇ ਨੇੜੇ ਦੋ ਸਕੂਲ ਸਥਿਤ ਹਨ, ਜਿੱਥੋਂ ਹਰ ਰੋਜ਼ ਛੋਟੇ ਛੋਟੇ ਬੱਚਿਆਂ ਦੀ ਆਵਾਜਾਈ ਹੁੰਦੀ ਹੈ। ਇਸ ਦੇ ਬਾਵਜੂਦ ਨਗਰ ਨਿਗਮ ਨੇ ਸਿਰਫ਼ ਖਾਨਾਪੂਰਤੀ ਕਰਦੇ ਹੋਏ 12 ਦਿਨ ਪਹਿਲਾਂ ਖੱਡੇ ਉੱਪਰ ਅਸਥਾਈ ਤੌਰ ’ਤੇ ਟਰਾਲੀ ਰੱਖ ਦਿੱਤੀ ਅਤੇ ਉਸ ਤੋਂ ਬਾਅਦ ਕੋਈ ਢੰਗ ਦੀ ਕਾਰਵਾਈ ਨਹੀਂ ਕੀਤੀ। ਖੱਡਾ ਲਗਾਤਾਰ ਫ਼ੈਲਦਾ ਜਾ ਰਿਹਾ ਹੈ ਜੋ ਕਿਸੇ ਵੀ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਫੰਡਾਂ ਨੂੰ ਲੈ ਕੇ ਵੀ ਸਨੀ ਗਿੱਲ ਨੇ ਨਿਗਮ ਪ੍ਰਸ਼ਾਸਨ ਨੂੰ ਘੇਰਿਆ। ਉਨ੍ਹਾਂ ਕਿਹਾ ਕਿ ਪੂਰਵ ਮੇਅਰ ਨੀਤਿਕਾ ਭੱਲਾ ਦੇ ਕਾਰਜਕਾਲ ਦੌਰਾਨ ਨਿਗਮ ਕੋਲ ਲਗਭਗ 34 ਕਰੋੜ ਰੁਪਏ ਦੀ ਐੱਫਡੀ ਸੀ ਜੋ ਹੁਣ ਘਟ ਕੇ ਕਰੀਬ 13 ਕਰੋੜ ਰਹਿ ਗਈ ਹੈ। “ਜੇ ਫੰਡ ਮੌਜੂਦ ਹਨ ਤਾਂ ਸ਼ਹਿਰ ਦੀਆਂ ਬੁਨਿਆਦੀ ਸਮੱਸਿਆਵਾਂ ਕਿਉਂ ਨਹੀਂ ਸੁਲਝ ਰਹੀਆਂ ? ਇਹ ਪੈਸਾ ਆਖਿਰ ਕਿੱਥੇ ਖਰਚ ਹੋ ਰਿਹਾ ਹੈ, ਉਨ੍ਹਾਂ ਸਵਾਲ ਕੀਤਾ। ਸਨੀ ਗਿੱਲ ਨੇ ਕਿਹਾ ਕਿ ਸਮੱਸਿਆ ਸਿਰਫ਼ ਨਿਗਾਹਾ ਰੋਡ ਤੱਕ ਸੀਮਿਤ ਨਹੀਂ ਹੈ। ਪ੍ਰੀਤ ਨਗਰ ਸਮੇਤ ਕਈ ਇਲਾਕਿਆਂ ਵਿਚ ਲੰਬੇ ਸਮੇਂ ਤੋਂ ਸੀਵਰੇਜ ਦਾ ਪਾਣੀ ਗਲੀਆਂ ਅਤੇ ਸੜਕਾਂ ਵਿਚ ਭਰਿਆ ਪਿਆ ਹੈ, ਜਿਸ ਨਾਲ ਲੋਕਾਂ ਦਾ ਜੀਵਨ ਦੁੱਖਦਾਈ ਬਣ ਗਿਆ ਹੈ। ਬਦਬੂ, ਗੰਦਗੀ ਅਤੇ ਬਿਮਾਰੀਆਂ ਦਾ ਖ਼ਤਰਾ ਵੱਧ ਰਿਹਾ ਹੈ ਪਰ ਨਿਗਮ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਗੰਭੀਰ ਨਹੀਂ ਦਿਖ ਰਹੇ। ਉਨ੍ਹਾਂ ਸਪੱਸ਼ਟ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਨਿਰਧਾਰਿਤ ਸਮੇਂ ਵਿਚ ਸੜਕ ਦੀ ਮੁਰੰਮਤ ਅਤੇ ਸੀਵਰੇਜ ਪ੍ਰਬੰਧ ਨੂੰ ਠੀਕ ਨਾ ਕੀਤਾ ਗਿਆ ਤਾਂ ਉਹ ਸਥਾਨਕ ਵਪਾਰੀਆਂ, ਮਾਪਿਆਂ ਅਤੇ ਇਲਾਕਾ ਵਾਸੀਆਂ ਨਾਲ ਮਿਲ ਕੇ ਨਗਰ ਨਿਗਮ ਦਫ਼ਤਰ ਅੱਗੇ ਸ਼ਾਂਤੀਪੂਰਨ ਧਰਨਾ ਦੇਣਗੇ ਅਤੇ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕਰਨਗੇ। ਇਲਾਕੇ ਦੇ ਲੋਕਾਂ ਨੇ ਵੀ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਕਿਸੇ ਅਣਹੋਣੀ ਤੋਂ ਪਹਿਲਾਂ ਤੁਰੰਤ ਪੱਕਾ ਅਤੇ ਢੰਗ ਦਾ ਹੱਲ ਕੀਤਾ ਜਾਵੇ ਤਾਂ ਜੋ ਸ਼ਹਿਰ ਵਿਚ ਬਣ ਰਹੇ ਇਹ ਜਾਨਲੇਵਾ ਖੱਡੇ ਰੋਕੇ ਜਾ ਸਕਣ। ਇਸ ਮੌਕੇ ’ਤੇ ਖੇਤਰੀ ਪਾਰਸ਼ਦ ਜਗਜੀਤ ਸਿੰਘ ਜੀਤਾ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਕਈ ਵਾਰ ਸ਼ਿਕਾਇਤ ਕੀਤੀ ਜਾ ਚੁੱਕੀ ਹੈ ਪਰ ਅਧਿਕਾਰੀ ਇਸ ਸਮੱਸਿਆ ਨੂੰ ਲੈ ਕੇ ਬਿਲਕੁਲ ਵੀ ਗੰਭੀਰ ਨਹੀਂ ਹਨ।