ਚੋਰੀ ਦੇ ਮਾਮਲੇ ’ਚ ਵਿਅਕਤੀ ਕਾਬੂ, ਨਕਦੀ ਬਰਾਮਦ
ਪਿੰਡ ਨਾਥੇਵਾਲਾ ਵਿਖੇ ਕੰਧ
Publish Date: Mon, 23 Feb 2026 03:38 PM (IST)
Updated Date: Tue, 24 Feb 2026 04:01 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮੋਗਾ: ਪਿੰਡ ਨਾਥੇਵਾਲਾ ਵਿਖੇ ਕੰਧ ਟੱਪ ਕੇ ਘਰ ’ਚ ਚੋਰੀ ਕਰਨ ਦੇ ਦੋਸ਼ ’ਚ ਪੁਲਿਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਚੌਰੀ ਕੀਤੇ ਪੈਸਿਆਂ ’ਚ 79 ਹਜ਼ਾਰ ਰੁਪਏ ਬਰਾਮਦ ਕਰ ਲਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਬਾਘਾਪੁਰਾਣਾ ਪੁਲਿਸ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਅਜੈ ਗਾਂਧੀ ਐੱਸਐੱਸਪੀ ਮੋਗਾ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਵਿਚ ਅਤੇ ਦਲਬੀਰ ਸਿੰਘ ਉੱਪ ਕਪਤਾਨ ਪੁਲਿਸ ਬਾਘਾਪੁਰਾਣਾ ਦੀ ਯੋਗ ਅਗਵਾਈ ਹੇਠ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਬਾਘਾਪੁਰਾਣਾ ਪੁਲਿਸ ਵੱਲੋਂ ਚੋਰੀ ਦੇ ਮਾਮਲੇ ਵਿਚ ਤੁਰੰਤ ਕਾਰਵਾਈ ਕਰਦਿਆਂ ਪੁਲਿਸ ਨੇ ਇਕ ਅਰੋਪੀ ਨੂੰ ਗ੍ਰਿਫ਼ਤਾਰ ਕਰਕੇ ਚੋਰੀਸ਼ੁਦਾ ਰਕਮ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸੁਖਪ੍ਰੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਨਾਥੇਵਾਲਾ ਨੇ ਆਪਣੇ ਬਿਆਨ ਦਰਜ ਕਰਵਾਏ ਕਿ ਮਿਤੀ 18-02-2026 ਨੂੰ ਸਵੇਰੇ ਕਰੀਬ 10:30 ਵਜੇ ਉਹ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਵਿਖੇ ਭੋਗ ਸਮਾਗਮ ਵਿਚ ਸ਼ਾਮਿਲ ਹੋਣ ਲਈ ਗਿਆ ਸੀ। ਦੁਪਹਿਰ ਕਰੀਬ 2:00 ਵਜੇ ਘਰ ਵਾਪਸ ਆਉਣ ’ਤੇ ਉਸ ਨੇ ਦੇਖਿਆ ਕਿ ਘਰ ਦਾ ਮੇਨ ਗੇਟ ਖੋਲ੍ਹ ਕੇ ਅੰਦਰ ਜਾਣ ’ਤੇ ਕੱਪੜੇ ਧੋਣ ਵਾਲੀ ਮਸ਼ੀਨ ਟੁੱਟੀ ਹੋਈ ਸੀ ਅਤੇ ਲੱਗਦਾ ਸੀ ਕਿ ਕੋਈ ਵਿਅਕਤੀ ਕੰਧ ਟੱਪ ਕੇ ਅੰਦਰ ਦਾਖ਼ਲ ਹੋਇਆ ਹੈ। ਕਮਰੇ ਵਿਚ ਪਏ ਸੰਦੂਕ ਦਾ ਜਿੰਦਾ ਟੁੱਟਿਆ ਹੋਇਆ ਸੀ ਅਤੇ ਸਮਾਨ ਖਿੱਲਰਿਆ ਪਿਆ ਸੀ। ਜਾਂਚ ਕਰਨ ’ਤੇ ਪਤਾ ਲੱਗਾ ਕਿ ਸੰਦੂਕ ਵਿਚ ਪਏ ਕੁੱਲ 1,20,000/- ਰੁਪਏ ਚੋਰੀ ਹੋ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿਚ ਥਾਣਾ ਬਾਘਾਪੁਰਾਣਾ ਵਿਖੇ ਮੁਕੱਦਮਾ ਨੰਬਰ 50 ਮਿਤੀ 21-02-2026 ਅਧੀਨ ਧਾਰਾ 331(3), 305 ਬੀਐੱਨਐੱਸ ਦੇ ਤਹਿਤ ਦਰਜ ਕਰਕੇ ਤਫ਼ਤੀਸ਼ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਦੌਰਾਨੇ ਤਫ਼ਤੀਸ਼ ਹਰਜੀਤ ਸਿੰਘ ਵੱਲੋਂ ਮੁਖ਼ਬਰ ਖ਼ਾਸ ਦੀ ਸੂਚਨਾ ਅਤੇ ਤਕਨੀਕੀ ਸਹਾਇਤਾ ਦੇ ਆਧਾਰ ’ਤੇ ਅਰੋਪੀ ਗੁਰਪਿੰਦਰ ਸਿੰਘ ਉਰਫ਼ ਗੋਰੀ ਵਾਸੀ ਨਾਥੇਵਾਲਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਅਰੋਪੀ ਪਾਸੋਂ 79,000/- ਰੁਪਏ ਨਕਦ ਅਤੇ ਇਕ ਜਿੰਦਾ ਬਰਾਮਦ ਕੀਤਾ ਗਿਆ ਹੈ। ਬਾਕੀ ਰਹਿੰਦੀ ਰਕਮ ਦੀ ਬਰਾਮਦਗੀ ਲਈ ਅਰੋਪੀ ਤੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਮੋਗਾ ਪੁਲਿਸ ਵੱਲੋਂ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਆਪਣੇ ਘਰਾਂ ਦੀ ਸੁਰੱਖਿਆ ਲਈ ਉਚਿਤ ਪ੍ਰਬੰਧ ਕੀਤੇ ਜਾਣ ਅਤੇ ਕਿਸੇ ਵੀ ਸੰਦੇਹਜਨਕ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।