- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨਗਰ ਨਿਗਮ ਵਿਚ ਮੇਅਰ ਦੀ ਚੋਣ ਕੀਤੀ

ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ: ਨਗਰ ਨਿਗਮ ਵਿਚ ਮੇਅਰ ਦੀ ਚੋਣ ਕੀਤੀ ਗਈ ਹੈ, ਨੂੰ ਲੈ ਕੇ ਸਿਆਸੀ ਮਾਹੌਲ ਪੂਰੀ ਤਰ੍ਹਾਂ ਤਣਾਅਪੂਰਨ ਬਣਿਆ ਹੋਇਆ ਹੈ। ਇਸ ਮੌਕੇ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਲਵਿਕਾ ਸੂਦ ਨੇ ਆਮ ਆਦਮੀ ਪਾਰਟੀ ਅਤੇ ਸੱਤਾਧਾਰੀ ਸਰਕਾਰ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਗਾਇਆ ਕਿ ਆਪ ਸਰਕਾਰ ਨੇ ਤੰਤਰ, ਧਮਕੀਆਂ ਅਤੇ ਦਬਾਅ ਦੇ ਜ਼ੋਰ ’ਤੇ ਮੁੜ ਨਗਰ ਨਿਗਮ ਮੋਗਾ ’ਤੇ ਕਬਜ਼ਾ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੇਅਰ ਦੀ ਚੋਣ ਲੋਕਤੰਤਰਕ ਮਰਿਆਦਾਵਾਂ ਦੇ ਉਲਟ ਕਰਵਾਈ ਗਈ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਕੌਂਸਲਰਾਂ ਨੂੰ ਧਮਕਾਇਆ ਗਿਆ, ਉਨ੍ਹਾਂ ਨਾਲ ਧੱਕੇਸ਼ਾਹੀ ਕੀਤੀ ਗਈ ਅਤੇ ਕਈ ਕੌਂਸਲਰਾਂ ਨੂੰ ਵੋਟ ਪਾਉਣ ਤੋਂ ਵੀ ਰੋਕਣ ਦੀ ਕੋਸ਼ਿਸ਼ ਹੋਈ। ਉਨ੍ਹਾਂ ਕਿਹਾ ਕਿ ਸੱਤ੍ਹਾਧਾਰੀ ਧਿਰ ਵੱਲੋਂ ਪੂਰਾ ਪ੍ਰਸ਼ਾਸਨਿਕ ਤੰਤਰ ਆਪਣੇ ਹੱਕ ਵਿਚ ਵਰਤ ਕੇ ਨਤੀਜੇ ਮਰਜ਼ੀ ਮੁਤਾਬਕ ਤੈਅ ਕਰਵਾਏ ਗਏ, ਜੋ ਕਿ ਲੋਕਤੰਤਰ ਦੇ ਮੂਲ ਸਿਧਾਂਤਾਂ ਨਾਲ ਸਿੱਧੀ ਟੱਕਰ ਹੈ।
ਮਲਵਿਕਾ ਸੂਦ ਨੇ ਕਿਹਾ ਕਿ ਨਗਰ ਨਿਗਮ ਵਰਗੀ ਲੋਕਤੰਤਰਕ ਸੰਸਥਾ ਵਿਚ ਜ਼ਬਰ, ਜ਼ੋਰ-ਜ਼ਬਰਦਸਤੀ ਅਤੇ ਦਬਾਅ ਦੀ ਰਾਜਨੀਤੀ ਕਰਨਾ ਬਹੁਤ ਹੀ ਨਿੰਦਣਯੋਗ ਹੈ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਪ੍ਰਕਿਰਿਆ ਦੌਰਾਨ ਜਾਣਬੁੱਝ ਕੇ ਵਿਰੋਧੀ ਧਿਰ ਦੇ ਉਮੀਦਵਾਰ ਨੂੰ ਹਰਵਾਉਣ ਲਈ ਪੂਰੀ ਧੱਕੇਸ਼ਾਹੀ ਵਰਤੀ ਗਈ। ਉਨ੍ਹਾਂ ਕਿਹਾ ਕਿ ਜਿਹੜੀ ਪਾਰਟੀ ਆਪਣੇ ਆਪ ਨੂੰ ਇਮਾਨਦਾਰ ਅਤੇ ਪਾਰਦਰਸ਼ੀ ਦੱਸਦੀ ਹੈ, ਉਸ ਨੇ ਹੀ ਮੋਗਾ ਵਿਚ ਲੋਕਤੰਤਰ ਦੀ ਧੱਜੀਆਂ ਉਡਾ ਦਿੱਤੀਆਂ ਹਨ। ਕਾਂਗਰਸ ਆਗੂ ਨੇ ਕਿਹਾ ਕਿ ਆਪ ਪਾਰਟੀ ਸਿਰਫ਼ ਨਾਅਰੇ ਲਗਾਉਂਦੀ ਹੈ ਪਰ ਅਸਲ ਵਿਚ ਉਸ ਦੀ ਸੋਚ ਤਾਨਾਸ਼ਾਹੀ ਵਾਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਮਤ ਦਾ ਅਪਮਾਨ ਕਰਨਾ ਅਤੇ ਬਲ ਦੇ ਜ਼ੋਰ ’ਤੇ ਫ਼ੈਸਲੇ ਕਰਵਾਉਣਾ ਆਪ ਸਰਕਾਰ ਦੀ ਅਸਲ ਪਛਾਣ ਬਣ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਮੋਗਾ ਦੀ ਜਨਤਾ ਇਹ ਸਭ ਕੁੱਝ ਬਰਦਾਸ਼ਤ ਨਹੀਂ ਕਰੇਗੀ ਅਤੇ ਇਸ ਦਾ ਜਵਾਬ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਵੋਟ ਦੀ ਤਾਕਤ ਨਾਲ ਦੇਵੇਗੀ। ਮਲਵਿਕਾ ਸੂਦ ਨੇ ਐਲਾਨ ਕੀਤਾ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਪਾਰਟੀ ਮੋਗਾ ਦੇ ਸਾਰੇ 50 ਵਾਰਡਾਂ ਵਿਚ ਆਪਣੇ ਉਮੀਦਵਾਰ ਖੜ੍ਹੇ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਪੂਰੀ ਇਕਜੁੱਟਤਾ, ਤਾਕਤ ਅਤੇ ਮਜ਼ਬੂਤ ਰਣਨੀਤੀ ਨਾਲ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਜਿੱਤ ਹਾਸਲ ਕਰਨ ਤੋਂ ਬਾਅਦ ਨਗਰ ਨਿਗਮ ਨੂੰ ਮੁੜ ਲੋਕਾਂ ਦੀ ਸੇਵਾ ਦਾ ਸੱਚਾ ਕੇਂਦਰ ਬਣਾਇਆ ਜਾਵੇਗਾ ਅਤੇ ਵਿਕਾਸ ਦੇ ਰੁਕੇ ਹੋਏ ਕੰਮਾਂ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾਵੇਗਾ। ਉਨ੍ਹਾਂ ਦੋਸ਼ ਲਗਾਇਆ ਕਿ ਮੌਜੂਦਾ ਆਪ ਸਰਕਾਰ ਜ਼ਮੀਨੀ ਹਕੀਕਤ ਤੋਂ ਕੋਹਾਂ ਦੂਰ ਹੈ ਅਤੇ ਸਿਰਫ਼ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਦੀ ਰਾਜਨੀਤੀ ਕਰ ਰਹੀ ਹੈ।
ਮਲਵਿਕਾ ਸੂਦ ਨੇ ਕਿਹਾ ਕਿ ਮਹਿੰਗਾਈ ਲਗਾਤਾਰ ਵੱਧ ਰਹੀ ਹੈ, ਬੇਰੁਜ਼ਗਾਰੀ ਨੇ ਨੌਜਵਾਨਾਂ ਦਾ ਭਵਿੱਖ ਹਨੇਰੇ ਵਿਚ ਧੱਕ ਦਿੱਤਾ ਹੈ ਅਤੇ ਸ਼ਹਿਰਾਂ ਵਿਚ ਬੁਨਿਆਦੀ ਸੁਵਿਧਾਵਾਂ ਦੀ ਭਾਰੀ ਕਮੀ ਹੈ। ਉਨ੍ਹਾਂ ਕਿਹਾ ਕਿ ਲੋਕ ਗੰਦਗੀ, ਟੁੱਟੀਆਂ ਸੜਕਾਂ, ਪੀਣ ਵਾਲੇ ਪਾਣੀ ਅਤੇ ਸੀਵਰੇਜ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੇ ਹਨ ਪਰ ਸਰਕਾਰ ਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ। ਮਲਵਿਕਾ ਸੂਦ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਦੇ ਲੋਕ ਹੁਣ ਆਪ ਪਾਰਟੀ ਦੀ ਅਸਲੀਅਤ ਨੂੰ ਸਮਝ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਰਕਾਰ ਆਪਣੇ ਵਾਅਦਿਆਂ ’ਤੇ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਲੋਕਾਂ ਦਾ ਭਰੋਸਾ ਗਵਾ ਬੈਠੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਪੰਜਾਬ ਦੀ ਜਨਤਾ ਆਪ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਕੇ ਕਾਂਗਰਸ ਪਾਰਟੀ ਨੂੰ ਮੁੜ ਮੌਕਾ ਦੇਵੇਗੀ। ਅਖੀਰ ’ਚ ਮਲਵਿਕਾ ਸੂਦ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਆਵਾਜ਼ ਬਣ ਕੇ ਸੜਕਾਂ ਤੋਂ ਲੈ ਕੇ ਸਦਨਾਂ ਤੱਕ ਸੰਘਰਸ਼ ਕਰੇਗੀ। ਉਨ੍ਹਾਂ ਜੋੜਿਆ ਕਿ ਧੱਕੇਸ਼ਾਹੀ, ਜ਼ਬਰ ਅਤੇ ਤਾਨਾਸ਼ਾਹੀ ਦੀ ਰਾਜਨੀਤੀ ਨੂੰ ਕਿਸੇ ਵੀ ਕੀਮਤ ‘ਤੇ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਦੀ ਰਾਖੀ ਲਈ ਕਾਂਗਰਸ ਹਰ ਮੋਰਚੇ ’ਤੇ ਡਟ ਕੇ ਲੜਾਈ ਲੜੇਗੀ ਅਤੇ ਮੋਗਾ ਦੀ ਜਨਤਾ ਨੂੰ ਉਸ ਦਾ ਹੱਕ ਦਵਾ ਕੇ ਰਹੇਗੀ।