ਸੁਰਜੀਤ ਸਿੰਘ ਲੋਹਾਰਾ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫਾ
ਆਮ ਆਦਮੀ ਪਾਰਟੀ ਨੂੰ ਉਸ
Publish Date: Sat, 11 Apr 2026 03:37 PM (IST)
Updated Date: Sun, 12 Apr 2026 04:00 AM (IST)

ਗੁਰਦੇਵ ਮਨੇਸ ਪੰਜਾਬੀ ਜਾਗਰਣ ਕੋਟ ਈਸੇ ਖਾਂ: ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਜਨਰਲ ਸਕੱਤਰ ਐੱਸਸੀ ਵਿੰਗ ਮੋਗਾ ਰਹੇ ਸੁਰਜੀਤ ਸਿੰਘ ਲੋਹਾਰਾ ਨੇ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਲੋਹਾਰਾ ਦੇ ਇਸ ਫ਼ੈਸਲੇ ਨਾਲ ਸਿਆਸੀ ਮਾਹੌਲ ਵਿਚ ਹਲਚਲ ਮਚ ਗਈ ਹੈ ਅਤੇ ਵੱਖ-ਵੱਖ ਪਾਰਟੀਆਂ ਦੀ ਨਜ਼ਰ ਹੁਣ ਉਨ੍ਹਾਂ ’ਤੇ ਟਿਕ ਗਈ ਹੈ। ਸੁਰਜੀਤ ਸਿੰਘ ਲੋਹਾਰਾ ਨੇ ਕਿਹਾ ਕਿ ਉਹ ਸਾਲ 2014 ਤੋਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਮੁਸ਼ਕਲ ਸਮਿਆਂ ਵਿਚ ਵੀ ਪਾਰਟੀ ਦਾ ਡੱਟ ਕੇ ਸਾਥ ਦਿੱਤਾ। ਉਨ੍ਹਾਂ ਦੱਸਿਆ ਕਿ ਜਦੋਂ ਹੋਰ ਪਾਰਟੀਆਂ ਵੱਲੋਂ ਆਮ ਆਦਮੀ ਪਾਰਟੀ ਦਾ ਮਖੌਲ ਉਡਾਇਆ ਜਾਂਦਾ ਸੀ, ਉਸ ਵੇਲੇ ਵੀ ਉਹ ਆਪਣੀ ਨਿਭਰਤਾ ਨਾਲ ਖੜ੍ਹੇ ਰਹੇ ਅਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕੀਤੀ। ਲੋਹਾਰਾ ਨੇ ਖ਼ੁਲਾਸਾ ਕੀਤਾ ਕਿ 2018 ਵਿਚ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਚੋਣ ਆਪਣੇ ਬਲਬੂਤੇ ’ਤੇ ਲੜੀ ਅਤੇ ਪਾਰਟੀ ਲਈ ਕਈ ਸੰਘਰਸ਼ ਕੀਤੇ ਪਰ 2022 ਵਿਚ ਸਰਕਾਰ ਬਣਨ ਤੋਂ ਬਾਅਦ ਪਾਰਟੀ ਦੀ ਦਿਸ਼ਾ ਹੀ ਬਦਲ ਗਈ। ਉਨ੍ਹਾਂ ਦੇ ਕਿਹਾ ਕਿ ਪਾਰਟੀ ਨੇ ਆਪਣੇ ਅਸਲ ਸਿਧਾਂਤਾਂ ਨੂੰ ਤਿਆਗ ਦਿੱਤਾ ਹੈ ਅਤੇ ਨਿਸ਼ਠਾਵਾਨ ਵਰਕਰਾਂ ਨੂੰ ਪਿੱਛੇ ਧੱਕ ਕੇ ਮੌਕਾਪਰਸਤ ਲੋਕਾਂ ਨੂੰ ਅੱਗੇ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਨੇ ਕਰੜੇ ਸ਼ਬਦਾਂ ਵਿਚ ਦੋਸ਼ ਲਗਾਇਆ ਕਿ ਪਾਰਟੀ ਦੇ ਅੰਦਰ ਲੋਕਤੰਤਰ ਦੀ ਘਾਟ ਹੈ ਅਤੇ ਪੁਰਾਣੇ ਵਲੰਟੀਅਰਾਂ ਦੀ ਕਦਰ ਨਹੀਂ ਰਹੀ। ਜਿਨ੍ਹਾਂ ਲੋਕਾਂ ਨੇ ਪਾਰਟੀ ਨੂੰ ਖੜ੍ਹਾ ਕੀਤਾ, ਅੱਜ ਉਨ੍ਹਾਂ ਨੂੰ ਹੀ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਅਸਤੀਫ਼ਾ ਉਨ੍ਹਾਂ ਨੇ ਪੂਰੀ ਸੋਚ-ਵਿਚਾਰ ਅਤੇ ਆਪਣੇ ਹੌਸ਼ੋ-ਹਵਾਸ ਵਿਚ ਦਿੱਤਾ ਹੈ। ਸੁਰਜੀਤ ਸਿੰਘ ਲੋਹਾਰਾ ਦੀ ਹਲਕਾ ਧਰਮਕੋਟ ਦੇ ਪਿੰਡਾਂ ਵਿਚ ਮਜ਼ਬੂਤ ਪਕੜ ਅਤੇ ਵੱਡਾ ਵੋਟ ਬੈਂਕ ਹੋਣ ਕਾਰਨ ਸਿਆਸੀ ਸਮੀਕਰਨ ਬਦਲ ਸਕਦੇ ਹਨ, ਜਿਸ ਨਾਲ ਆਉਣ ਵਾਲੀਆਂ ਚੋਣਾਂ ਵਿਚ ਵੱਖ-ਵੱਖ ਪਾਰਟੀਆਂ ਦੀ ਰਣਨੀਤੀ ’ਤੇ ਵੀ ਅਸਰ ਪੈਣਾ ਲਾਜ਼ਮੀ ਹੈ। ਲੋਹਾਰਾ ਦੀ ਇਲਾਕੇ ਵਿਚ ਮਜ਼ਬੂਤ ਪਹਿਚਾਣ ਅਤੇ ਲੋਕਪ੍ਰਿਯਤਾ ਦੇ ਮੱਦੇਨਜ਼ਰ ਹੁਣ ਦੂਜੀਆਂ ਸਿਆਸੀ ਪਾਰਟੀਆਂ ਵੱਲੋਂ ਵੀ ਉਨ੍ਹਾਂ ਨੂੰ ਆਪਣੇ ਨਾਲ ਜੋੜਨ ਲਈ ਸਰਗਰਮ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਲੋਹਾਰਾ ਦੇ ਇਸ ਕਦਮ ਨਾਲ ਨਾ ਸਿਰਫ਼ ਪਾਰਟੀ ਨੂੰ ਨੁਕਸਾਨ ਹੋਇਆ ਹੈ ਬਲਕਿ ਆਉਣ ਵਾਲੇ ਸਮੇਂ ਵਿਚ ਇਸਦੇ ਸਿਆਸੀ ਪ੍ਰਭਾਵ ਵੀ ਦੇਖਣ ਨੂੰ ਮਿਲ ਸਕਦੇ ਹਨ।