ਵਾਰਡਬੰਦੀ ਸਬੰਧੀ ਕੋਰਟ ਦੇ ਫੈਸਲੇ ਦੀ ਸ਼ਲਾਘਾ
ਮੋਗਾ ਸ਼ਹਿਰ ਦੀ ਨਗਰ ਨਿਗਮ ਚੋਣਾਂ
Publish Date: Thu, 19 Mar 2026 04:27 PM (IST)
Updated Date: Fri, 20 Mar 2026 04:02 AM (IST)
ਸਟਾਫ਼ ਰਿਪੋਰਟਰ, ਪੰਜਾਬੀ ਜਾਗਰਣ, ਮੋਗਾ: ਮੋਗਾ ਸ਼ਹਿਰ ਦੀ ਨਗਰ ਨਿਗਮ ਚੋਣਾਂ ਨੂੰ ਲੈ ਕੇ ਚੱਲ ਰਹੇ ਵਾਰਡਬੰਦੀ ਦੇ ਵਿਵਾਦ ’ਤੇ ਵਿਰਾਮ ਚਿੰਨ੍ਹ ਲੱਗ ਗਿਆ ਹੈ। ਹੁਣ ਮੋਗਾ ਨਿਗਮ ਦੀਆਂ ਚੋਣਾਂ ਪੁਰਾਣੀ ਵਾਰਡਬੰਦੀ ਦੇ ਆਧਾਰ ’ਤੇ ਕਰਵਾਏ ਜਾਣ ਦੀ ਆਸ ਬੱਝੀ ਹੈ। ਇਸ ’ਤੇ ਪ੍ਰਤੀਕਰਮ ਕਰਦਿਆਂ ਬੀਜੇਪੀ ਦੇ ਜ਼ਿਲ੍ਹਾ ਪ੍ਰਚਾਰਕ ਕਨਵੀਨਰ ਸਮਾਜ ਸੇਵੀ ਸੋਨੂੰ ਅਰੋੜਾ ਨੇ ਕਿਹਾ ਕਿ ਇਸ ਫ਼ੈਸਲੇ ਨੂੰ ਸਤਾਧਾਰੀ ਧਿਰ ਲਈ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਇਸ ਨਾਲ ਸ਼ਹਿਰ ਵਾਸੀਆਂ ਵਿਚ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕੀਤੀ ਗਈ ਨਵੀਂ ਵਾਰਡਬੰਦੀ ਪੂਰੀ ਤਰ੍ਹਾਂ ਰਾਜਨੀਤਿਕ ਲਾਭ ਲਈ ਕੀਤੀ ਗਈ ਸੀ ਜਦੋਂ ਮੋਗਾ ਸ਼ਹਿਰ ਦੀਆਂ ਹੱਦਾਂ ਵਿਚ ਕੋਈ ਤਬਦੀਲੀ ਨਹੀਂ ਹੋਈ ਤਾਂ ਫਿਰ ਵਾਰਡਬੰਦੀ ਵਿਚ ਬਦਲਾਅ ਕਰਨਾ ਲੋਕਤੰਤਰ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਹੈ। ਸੋਨੂੰ ਅਰੋੜਾ ਨੇ ਕਿਹਾ ਹੁਣ ਜਦੋਂ ਪੁਰਾਣੀ ਵਾਰਡਬੰਦੀ ’ਤੇ ਚੋਣਾਂ ਹੋਣ ਦੀ ਸੰਭਾਵਨਾ ਬਣ ਗਈ ਹੈ, ਤਾਂ ਮੋਗਾ ਦੀ ਸਿਆਸਤ ਵਿਚ ਨਵਾਂ ਮੋੜ ਆਵੇਗਾ। ਉਨ੍ਹਾਂ ਕਿਹਾ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਹੋਰ ਵੀ ਦਿਲਚਸਪ ਅਤੇ ਟੱਕਰ ਵਾਲੀਆਂ ਹੋਣਗੀਆਂ।