- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਵਿਚ ਸਮਰਸਤਾ ਸਹੀ

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ : ਸਮਾਜ ਵਿਚ ਸਮਰਸਤਾ ਸਹੀ ਇਤਿਹਾਸ ਅਤੇ ਆਧਿਆਤਮਿਕ ਗਿਆਨ ਦੇ ਪ੍ਰਸਾਰ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਸਰਵ ਸਮਾਜ ਸਮਰਸਤਾ ਸਮਿਤੀ ਪੰਜਾਬ ਦੇ ਅਹੁਦੇਦਾਰਾਂ ਵੱਲੋਂ ਇਕ ਪ੍ਰੇਰਣਾਦਾਇਕ ਉਪਰਾਲਾ ਕੀਤਾ ਗਿਆ। ਸਮਿਤੀ ਦੇ ਪ੍ਰਧਾਨ ਨਰੇਸ਼ ਕੁਮਾਰ, ਜਨਰਲ ਸਕੱਤਰ ਡਾ. ਪੀਸੀ ਸਿੰਗਲਾ, ਮਾਤ੍ਰਿਸਕਤੀ ਪ੍ਰਮੁੱਖ ਡਾ. ਰਜਨੀ ਸਿੰਗਲਾ ਨੇ ਉੱਤਰ ਖੇਤਰ ਪ੍ਰਮੁੱਖ ਆਰਐੱਸਐੱਸ ਪ੍ਰਮੋਦ ਕੁਮਾਰ ਦੀ ਅਗਵਾਈ ਹੇਠ 22 ਫਰਵਰੀ 2026 ਨੂੰ ਸ੍ਰੀ ਸ੍ਰੀ 108 ਮਹਾਮੰਡਲੇਸ਼ਵਰ ਸੰਤ ਬਾਬਾ ਬੇਦੀ ਰਾਮ ਜੀ ਦੇ ਡੇਰੇ ਦਰਬਾਰ ਬਾਬਾ ਖੇਤਰਪਾਲ ਜੀ ਦੀ ਲਾਈਬ੍ਰੇਰੀ ਨੂੰ ਧਾਰਮਿਕ, ਇਤਿਹਾਸਿਕ ਅਤੇ ਸਮਾਜਿਕ ਕਿਤਾਬਾਂ ਦਾ ਵਿਸ਼ਾਲ ਭੰਡਾਰ ਅਤੇ ਦੋ ਅਲਮਾਰੀਆਂ ਭੇਂਟ ਕੀਤੀਆਂ। ਇਸ ਮੌਕੇ ਉਨ੍ਹਾਂ ਦੱਸਿਆ ਕਿ ਆਮ ਲੋਕਾਂ ਤੱਕ ਭਾਰਤ ਦੇ ਇਤਿਹਾਸ, ਸਮਾਜ ਅਤੇ ਧਰਮਾਂ ਬਾਰੇ ਅਕਸਰ ਤਰੋੜ ਮਰੋੜ ਕੇ ਜਾਣਕਾਰੀ ਪਹੁੰਚਦੀ ਹੈ। ਇਸ ਘਾਟ ਨੂੰ ਪੂਰਾ ਕਰਨ ਲਈ ਇਹ ਲਾਈਬ੍ਰੇਰੀ ਸੰਗਤਾਂ ਲਈ ਸਹੀ ਅਤੇ ਪ੍ਰਮਾਣਿਕ ਗਿਆਨ ਦਾ ਕੇਂਦਰ ਬਣੇਗੀ। ਉਨ੍ਹਾਂ ਕਿਹਾ ਕਿ ਕਿਤਾਬਾਂ ਮਨੁੱਖ ਦੀਆਂ ਸੱਚੀਆਂ ਦੋਸਤ ਹੁੰਦੀਆਂ ਹਨ ਅਤੇ ਇਹੀ ਸੋਚ ਸਮਾਜਿਕ ਸਮਰਸਤਾ ਸਮਿਤੀ ਪੰਜਾਬ ਨੂੰ ਸਮਾਜ ਨੂੰ ਇਕਜੁੱਟ ਕਰਨ ਲਈ ਪ੍ਰੇਰਿਤ ਕਰਦੀ ਹੈ। ਜਨਰਲ ਸਕੱਤਰ ਡਾ. ਪੀਸੀ ਸਿੰਗਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਮਾਜ ਵਿਚ ਜਾਗਰੂਕਤਾ ਅਤੇ ਏਕਤਾ ਦਾ ਮਜ਼ਬੂਤ ਆਧਾਰ ਸਿੱਖਿਆ ਅਤੇ ਪੜ੍ਹਨ ਦੀ ਸੰਸਕ੍ਰਿਤੀ ਹੈ। ਉਨ੍ਹਾਂ ਦੱਸਿਆ ਕਿ ਜੇ ਲੋਕ ਸਹੀ ਇਤਿਹਾਸ ਅਤੇ ਧਾਰਮਿਕ ਗ੍ਰੰਥਾਂ ਨੂੰ ਖੁਦ ਪੜ੍ਹਣਗੇ ਤਾਂ ਗਲਤਫ਼ਹਿਮੀਆਂ ਆਪਣੇ ਆਪ ਦੂਰ ਹੋਣਗੀਆਂ। ਉਨ੍ਹਾਂ ਹੋਰ ਕਿਹਾ ਕਿ ਲਾਈਬ੍ਰੇਰੀਆਂ ਗਿਆਨ ਦੇ ਮੰਦਰ ਹੁੰਦੀਆਂ ਹਨ ਅਤੇ ਇਹ ਉਪਰਾਲਾ ਨਵੀਂ ਪੀੜ੍ਹੀ ਨੂੰ ਆਪਣੀ ਸੰਸਕ੍ਰਿਤੀ, ਰਿਵਾਇਤਾਂ ਅਤੇ ਰਾਸ਼ਟਰੀ ਮੁੱਲਾਂ ਨਾਲ ਜੋੜਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਡਾ. ਸਿੰਗਲਾ ਨੇ ਸਮਾਜ ਦੇ ਹਰ ਵਰਗ ਨੂੰ ਅਪੀਲ ਕੀਤੀ ਕਿ ਉਹ ਬੱਚਿਆਂ ਅਤੇ ਨੌਜਵਾਨਾਂ ਨੂੰ ਪੜ੍ਹਨ ਦੀ ਆਦਤ ਪੈਦਾ ਕਰਨ ਲਈ ਪ੍ਰੇਰਿਤ ਕਰਨ। ਸਮਿਤੀ ਦੇ ਨੁਮਾਇੰਦਿਆਂ ਨੇ ਆਪਣੇ ਸੰਦੇਸ਼ ਵਿਚ ਜ਼ੋਰ ਦਿੱਤਾ ਕਿ ਸਮਾਜ ਵਿਚ ਕਿਸੇ ਵੀ ਪ੍ਰਕਾਰ ਦਾ ਭੇਦਭਾਵ ਅਮੀਰੀ ਗਰੀਬੀ, ਊਚ ਨੀਚ ਜਾਂ ਜਾਤ ਪਾਤ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਸੀਂ ਸਭ ਇਕ ਭਾਰਤ ਦੇ ਵਾਸੀ ਹਾਂ ਅਤੇ ਰਾਸ਼ਟਰਹਿਤ ਨੂੰ ਸਿਰਮੌਰ ਰੱਖਦਿਆਂ ਦੇਸ਼ ਦੀ ਤਰੱਕੀ ਲਈ ਇਕੱਠੇ ਹੋ ਕੇ ਯਤਨ ਕਰਨੇ ਚਾਹੀਦੇ ਹਨ। ਪ੍ਰਮੋਦ ਕੁਮਾਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਮਾਜਿਕ ਸਮਰਸਤਾ ਸਮਿਤੀ ਪੰਜਾਬ ਹਮੇਸ਼ਾ ਲੋਕਾਂ ਦੇ ਸਹਿਯੋਗ ਲਈ ਤਤਪਰ ਰਹੇਗੀ। ਉਨ੍ਹਾਂ ਸਾਰਿਆਂ ਨੂੰ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੇ ਪੱਧਰ ’ਤੇ ਸਮਾਜ ਵਿਚ ਸਮਰਸਤਾ ਕਾਇਮ ਕਰਨ ਲਈ ਯੋਗਦਾਨ ਪਾਏ। ਉਨ੍ਹਾਂ ਆਪਣੇ ਸੰਬੋਧਨ ਵਿਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਦਵਿਤੀਯ ਬਲਿਦਾਨ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਅਸਹਾਇ ਲੋਕਾਂ ਦੀ ਰੱਖਿਆ ਅਤੇ ਸਮਾਜਿਕ ਸਮਰਸਤਾ ਲਈ ਆਪਣਾ ਜੀਵਨ ਨਿਛਾਵਰ ਕਰ ਦਿੱਤਾ ਜਿਸ ਵਰਗੀ ਕੁਰਬਾਨੀ ਦਾ ਉਦਾਹਰਣ ਸੰਸਾਰ ਵਿਚ ਵਿਲੱਖਣ ਹੈ। ਸੰਤ ਬਾਬਾ ਬੇਦੀ ਰਾਮ ਨੇ ਸਮਾਜਿਕ ਸਮਰਸਤਾ ਸਮਿਤੀ ਪੰਜਾਬ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਡੇਰਾ ਪਹਿਲਾਂ ਤੋਂ ਹੀ ਸਮਾਜਿਕ ਸੇਵਾਵਾਂ ਵਿਚ ਅੱਗੇ ਰਹਿੰਦਾ ਆ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਇਹ ਲਾਈਬ੍ਰੇਰੀ ਸੰਗਤਾਂ ਲਈ ਹਮੇਸ਼ਾ ਖੁੱਲ੍ਹੀ ਰਹੇਗੀ ਅਤੇ ਹਰ ਕੋਈ ਇੱਥੇ ਆ ਕੇ ਕਿਤਾਬਾਂ ਦਾ ਅਧਿਐਨ ਕਰ ਸਕੇਗਾ।