ਵਿਧਾਇਕ ਲਾਡੀ ਢੋਸ ਨੇ ਸੜਕ ਦਾ ਕੀਤਾ ਉਦਘਾਟਨ
ਸੂਬੇ ਦੀ ਭਗਵੰਤ ਮਾਨ ਸਰਕਾਰ ਨੇ
Publish Date: Sun, 19 Apr 2026 04:01 PM (IST)
Updated Date: Mon, 20 Apr 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਮੋਗਾ: ਸੂਬੇ ਦੀ ਭਗਵੰਤ ਮਾਨ ਸਰਕਾਰ ਨੇ ਪੰਜਾਬ ਨੂੰ ਵਿਕਾਸ ਪੱਖੋਂ ਦੇਸ਼ ਦਾ ਮੋਹਰੀ ਸੂਬਾ ਬਨਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਜ਼ਿਲ੍ਹੇ ਦੇ ਹਰ ਹਲਕੇ ਦੇ ਕਸਬਿਆਂ ਵਿਚ ਵਿਕਾਸ ਕਾਰਜਾਂ ਦੇ ਵਰ੍ਹੇ ਵਜੋਂ ਮਨਾ ਰਹੀ ਆਪ ਸਰਕਾਰ ਲੋਕਾਂ ਦੀਆਂ ਸਹੂਲਤਾਂ ਨੂੰ ਤਰਜੀਹ ਦੇ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਹਲਕਾ ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਵਿਚ ਵਿਕਾਸ ਕਾਰਜਾਂ ਦੇ ਉਦਘਾਟਨ ਕਰਦਿਆਂ ਪੰਜਾਬੀ ਜਾਗਰਣ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਐਤਵਾਰ ਨੂੰ ਉਨ੍ਹਾਂ ਧਰਮਕੋਟ ਦੇ ਪਿੰਡ ਖੋਸਾ ਰਣਧੀਰ ਵਿਚ ਕਰੋੜਾਂ ਰੁਪਏ ਦੀ ਲਾਗਤ ਨਾਲ ਵੱਖ ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ, ਜਿਸ ਵਿਚ 3.25 ਕਰੋੜ ਦੀ ਲਾਗਤ ਨਾਲ ਪਿੰਡ ਨੂੰ ਵੱਖ ਵੱਖ ਪਿੰਡਾਂ ਨਾਲ ਜੋੜਨ ਵਾਲੀ 11.58 ਕਿਲੋਮੀਟਰ ਲੰਬੀ ਸੜਕ ਦਾ ਉਦਘਾਟਨ ਕੀਤਾ। ਪਿੰਡ ਵਿਚ 37 ਲੱਖ ਦੀ ਲਾਗਤ ਨਾਲ ਥਾਪਰ ਮਾਡਲ ਛੱਪੜ ਦਾ ਉਦਘਾਟਨ ਕੀਤਾ ਅਤੇ ਨੌਜ਼ਵਾਨਾਂ ਨੂੰ ਖੇਡਾਂ ਨਾਲ ਜੋੜੀ ਰੱਖਣ ਲਈ ਪਿੰਡ ਵਿਚ 7.35 ਲੱਖ ਦੀ ਲਾਗਤ ਨਾਲ ਬਣਾਏ ਗਏ ਵਾਲੀਬਾਲ ਗਰਾਊਂਡ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਧਰਮਕੋਟ ਹਲਕੇ ਵਿਚ ਮਾਨ ਸਰਕਾਰ ਵੱਲੋਂ ਸੜਕਾਂ ਦੇ ਜਾਲ ਵਿਛਾਏ ਜਾ ਚੁੱਕੇ ਹਨ ਅਤੇ ਪਿੰਡਾਂ ਨੂੰ ਹੋਰ ਬੁਨਿਆਦੀ ਸਹੂਲਤਾਂ ਦੇਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਵਿਧਾਇਕ ਲਾਡੀ ਢੋਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸਬੰਧੀ ਕਾਨੂੰਨ ਪਾਸ ਹੋਣ ਨਾਲ ਹੁਣ ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਕਰਨ ਵਾਲਿਆਂ ਨੂੰ ਸੌ ਵਾਰ ਸੋਚਣਾ ਪਵੇਗਾ ਕਿਉਂਕਿ ਹੁਣ ਕਾਨੂੰਨ ਪਾਸ ਹੋ ਗਿਆ ਹੈ ਜਿਸ ਨਾਲ ਘਣੌਨਾ ਅਪਰਾਧ ਕਰਨ ਵਾਲੇ ਜ਼ਿੰਦਗੀ ਭਰ ਜੇਲ੍ਹ ਵਿਚ ਬੰਦ ਰਹਿਣਗੇ। ਉਨ੍ਹਾਂ ਮਾਨ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਕਾਨੂੰਨ ਬਣਿਆ ਹੈ। ਇਸ ਮੌਕੇ ਉਨ੍ਹਾਂ ਨਾਲ ਪਾਰਟੀ ਵਲੰਟੀਅਰ ਅਤੇ ਵਰਕਰ ਹਾਜ਼ਰ ਸਨ।