ਮੋਗਾ ’ਚ ਬੇਖੌਫ ਲੁਟੇਰਿਆਂ ਨੇ ਫਿਲਮੀ ਅੰਦਾਜ਼ ’ਚ ਮਾਰਿਆ ਡਾਕਾ
ਮੋਗਾ ਸ਼ਹਿਰ ਦੇ ਸੰਬੇਖੌਫ ਲੁਟੇਰਿਆਂ ਨੇ ਫਿਲਮੀ ਅੰਦਾਜ਼ ’ਚ ਮਾਰਿਆ ਡਾਕਾ
Publish Date: Wed, 21 Jan 2026 05:43 PM (IST)
Updated Date: Thu, 22 Jan 2026 04:04 AM (IST)

ਨਕਾਬਪੋਸ਼ਾਂ ਨੇ ਔਰਤ ਨੂੰ ਬੰਦੀ ਬਣਾ ਕੇ ਲੱਖਾਂ ਰੁਪਏ ਦੀ ਨਕਦੀ ਤੇ ਸੋਨਾ ਲੁੱਟਿਆ ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ : ਮੋਗਾ ਸ਼ਹਿਰ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਆਰਾ ਰੋਡ ਸਥਿਤ ਗਲੀ ਨੰਬਰ 1 ਵਿਚ ਬੇਖੌਫ਼ ਬਦਮਾਸ਼ਾਂ ਨੇ ਫ਼ਿਲਮੀ ਅੰਦਾਜ਼ ਵਿਚ ਵੱਡੀ ਡਾਕਾ ਵਾਰਦਾਤ ਨੂੰ ਅੰਜ਼ਾਮ ਦਿੱਤਾ। ਜਾਣਕਾਰੀ ਅਨੁਸਾਰ ਤਿੰਨ ਤੋਂ ਚਾਰ ਨਕਾਬਪੋਸ਼ ਨੌਜਵਾਨ ਬੋਲੇਰੋ ਪਿਕਅੱਪ ਗੱਡੀ ਵਿਚ ਆਏ ਅਤੇ ਆਪਣੇ ਆਪ ਨੂੰ ਪਲੰਬਰ ਦੱਸ ਕੇ ਘਰ ਅੰਦਰ ਦਾਖ਼ਲ ਹੋ ਗਏ। ਕਿਸੇ ਨੂੰ ਵੀ ਸ਼ੱਕ ਨਾ ਹੋਵੇ, ਇਸ ਲਈ ਉਨ੍ਹਾਂ ਨੇ ਘਰ ਦੀ ਪਲੰਬਰ ਦੇ ਕੰਮ ਦਾ ਬਹਾਨਾ ਬਣਾਇਆ। ਘਰ ਅੰਦਰ ਉਸ ਸਮੇਂ ਇਕੱਲੀ ਮੌਜੂਦ ਔਰਤ ਮਹਰੂਮ ਨਿਸ਼ਾ ਨੂੰ ਬਦਮਾਸ਼ਾਂ ਨੇ ਬੰਧਕ ਬਣਾ ਲਿਆ। ਵਿਰੋਧ ਕਰਨ ’ਤੇ ਉਸ ਨਾਲ ਬੇਰਹਿਮੀ ਨਾਲ ਮਾਰ-ਕੁੱਟ ਕੀਤੀ ਗਈ। ਹਮਲਾਵਰਾਂ ਨੇ ਤਲਵਾਰ ਨਾਲ ਵਾਰ ਕਰਕੇ ਉਸਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਐਨਾ ਹੀ ਨਹੀਂ ਉਨ੍ਹਾਂ ਨੇ ਉਸਦੇ ਹੱਥ-ਪੈਰ ਕੱਪੜਿਆਂ ਨਾਲ ਬੰਨ੍ਹ ਕੇ ਬਾਥਰੂਮ ਵਿਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਲੁਟੇਰਿਆਂ ਨੇ ਅਲਮਾਰੀਆਂ ਤੋੜ ਕੇ ਘਰ ਵਿਚ ਰੱਖੀ ਕਰੀਬ 20 ਤੋਂ 25 ਲੱਖ ਰੁਪਏ ਨਗਦ ਰਕਮ ਅਤੇ ਸੋਨੇ ਦੇ ਗਹਿਣੇ ਲੁੱਟ ਲਏ। ਦੱਸਿਆ ਜਾ ਰਿਹਾ ਹੈ ਕਿ ਇਹ ਰਕਮ ਜ਼ਮੀਨ ਖਰੀਦਣ ਲਈ ਇਕੱਠੀ ਕੀਤੀ ਗਈ ਸੀ। ਇਸ ਵਾਰਦਾਤ ਤੋਂ ਬਾਅਦ ਪੂਰੇ ਘਰ ਵਿਚ ਖੂਨ ਹੀ ਖੂਨ ਫ਼ੈਲਿਆ ਹੋਇਆ ਸੀ ਜੋ ਦਹਿਸ਼ਤ ਦਾ ਮਾਹੌਲ ਬਿਆਨ ਕਰ ਰਿਹਾ ਸੀ। ਵਾਰਦਾਤ ਦੇ ਸਮੇਂ ਪੀੜਤ ਔਰਤ ਦੀ 13 ਸਾਲਾ ਧੀ ਟਿਊਸ਼ਨ ਤੋਂ ਘਰ ਵਾਪਸ ਆਈ ਅਤੇ ਦਰਵਾਜ਼ਾ ਖੁੱਲ੍ਹਾ ਦੇਖ ਕੇ ਅੰਦਰ ਖੂਨ ਫੈਲਿਆ ਹੋਇਆ ਵੇਖ ਕੇ ਉਹ ਘਬਰਾ ਗਈ। ਮਾਂ ਦੀਆਂ ਚੀਖ਼ਾਂ ਸੁਣ ਕੇ ਉਸਨੇ ਹਿੰਮਤ ਦਿਖਾਈ, ਦੂਜੇ ਕਮਰੇ ਦੀ ਖਿੜਕੀ ਖੋਲ੍ਹ ਕੇ ਬਾਥਰੂਮ ਵਿਚ ਬੰਦ ਮਾਂ ਨੂੰ ਬਾਹਰ ਕੱਢਿਆ ਅਤੇ ਗਵਾਂਢੀਆਂ ਨੂੰ ਬੁਲਾ ਲਿਆ। ਗਵਾਂਢੀਆਂ ਦੀ ਮਦਦ ਨਾਲ ਜ਼ਖ਼ਮੀ ਔਰਤ ਨੂੰ ਤੁਰੰਤ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਮੌਕੇ ਪੀੜਤ ਮਹਰੂਮ ਨਿਸ਼ਾ ਨੇ ਹਸਪਤਾਲ ਵਿਚ ਦੱਸਿਆ ਕਿ ਉਹ ਸ਼ਾਮ ਕਰੀਬ ਸੱਤ ਵਜੇ ਰਸੋਈ ਵਿਚ ਕੰਮ ਕਰ ਰਹੀ ਸੀ ਤਦ ਹੀ ਤਿੰਨ ਚਾਰ ਨੌਜਵਾਨ ਘਰ ਅੰਦਰ ਦਾਖ਼ਲ ਹੋ ਗਏ ਅਤੇ ਆਪਣੇ ਆਪ ਨੂੰ ਪਲੰਬਰ ਦੱਸਣ ਲੱਗ ਪਏ। ਜਦੋਂ ਉਸ ਨੇ ਉਨ੍ਹਾਂ ਨੂੰ ਦੁਕਾਨ ’ਤੇ ਬੈਠੇ ਪਤੀ ਕੋਲ ਜਾਣ ਲਈ ਕਿਹਾ ਤਾਂ ਇਕ ਬਦਮਾਸ਼ ਨੇ ਉਸਦੀ ਗਰਦਨ ’ਤੇ ਛੁਰੀ ਰੱਖ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਵਿਰੋਧ ਕਰਨ ’ਤੇ ਉਸ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ ਗਿਆ। ਉਸਨੇ ਦੱਸਿਆ ਕਿ ਇਕ ਹਮਲਾਵਰ ਉਸਦੇ ਉੱਤੇ ਬੈਠ ਗਿਆ ਅਤੇ ਕੰਨਾਂ ਦੀਆਂ ਬਾਲੀਆਂ, ਗਲੇ ਦੀ ਸੋਨੇ ਦੀ ਚੇਨ ਅਤੇ ਹੱਥਾਂ ਦੀਆਂ ਅੰਗੂਠੀਆਂ ਵੀ ਉਤਾਰ ਲਈਆਂ ਫਿਰ ਸਾਰੇ ਬਦਮਾਸ਼ਾਂ ਨੇ ਮਿਲ ਕੇ ਕਮਰੇ ਵਿਚ ਪਈ ਨਗਦੀ ਅਤੇ ਹੋਰ ਸੋਨਾ ਲੁੱਟ ਲਿਆ। ਜਾਂਦੇ ਸਮੇਂ ਉਸਦੇ ਹੱਥ-ਪੈਰ ਬੰਨ੍ਹ ਕੇ ਬਾਥਰੂਮ ਵਿਚ ਬੰਦ ਕਰ ਗਏ। ਪੀੜਤ ਦੀ ਧੀ ਨੇ ਦੱਸਿਆ ਕਿ ਜਦੋਂ ਉਹ ਟਿਊਸ਼ਨ ਤੋਂ ਘਰ ਆਈ ਤਾਂ ਦਰਵਾਜ਼ਾ ਖੁੱਲ੍ਹਾ ਸੀ ਅਤੇ ਅੰਦਰ ਹਰ ਪਾਸੇ ਖੂਨ ਫੈਲਿਆ ਹੋਇਆ ਸੀ। ਮਾਂ ਦੀ ਆਵਾਜ਼ ਸੁਣ ਕੇ ਉਸਨੇ ਦੂਜੇ ਕਮਰੇ ਦੀ ਖਿੜਕੀ ਖੋਲ੍ਹ ਕੇ ਮਾਂ ਨੂੰ ਬਾਹਰ ਕੱਢਿਆ ਅਤੇ ਗੁਆਂਢੀਆਂ ਨੂੰ ਬੁਲਾਇਆ। ਇਸ ਮੌਕੇ ਮਹਿਲਾ ਦੇ ਪਤੀ ਨਿਸ਼ਾਦ ਅਹਿਮਦ ਨੇ ਦੱਸਿਆ ਕਿ ਜ਼ਮੀਨ ਦੀ ਰਜਿਸਟਰੀ ਲਈ ਘਰ ਵਿਚ ਪੈਸੇ ਰੱਖੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਸ ਦੀ ਧੀ ਦੇ ਫ਼ੋਨ ਕਰਨ ’ਤੇ ਉਹ ਤੁਰੰਤ ਘਰ ਪਹੁੰਚੇ ਤਾਂ ਘਰ ਵਿੱਚ ਖੂਨ ਹੀ ਖੂਨ ਦਿਖਾਈ ਦੇ ਰਿਹਾ ਸੀ। ਉਨ੍ਹਾਂ ਦੀ ਪਤਨੀ ਨਾਲ ਬੇਰਹਮੀ ਨਾਲ ਮਾਰ-ਕੁੱਟ ਕੀਤੀ ਗਈ ਅਤੇ ਦੁਕਾਨ ਦੀ ਸਾਰੀ ਕਮਾਈ ਵੀ ਲੁੱਟ ਲਈ ਗਈ। --- ਕੇਸ ਜਲਦ ਹੱਲ ਕੀਤਾ ਜਾਵੇਗਾ : ਡੀਐੱਸਪੀ ਇਸ ਮਾਮਲੇ ਸਬੰਧੀ ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਆਰਾ ਰੋਡ ਸਥਿਤ ਇਕ ਘਰ ਵਿਚ ਡਾਕਾ ਵਾਰਦਾਤ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਲਾਕੇ ’ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਸ ਵੱਡੀ ਵਾਰਦਾਤ ਤੋਂ ਬਾਅਦ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਲਾਕੇ ਵਿਚ ਗਸ਼ਤ ਵਧਾਉਣ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕਰਨ ਦੀ ਮੰਗ ਕੀਤੀ ਹੈ।