ਧਰਮਕੋਟ ਦੇ ਪਿੰਡ ਭਿੰਡਰ ’ਚ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ
ਸ਼ਨੀਵਾਰ ਦੀ ਤੜਕਸਾਰ ਮੋਗਾ ਜ਼ਿਲ੍ਹੇ
Publish Date: Sat, 03 Jan 2026 06:41 PM (IST)
Updated Date: Sun, 04 Jan 2026 04:11 AM (IST)
* ਪਰਿਵਾਰ ਵੱਲੋਂ ਧਰਮਕੋਟ ਥਾਣੇ ਅੱਗੇ ਇਨਸਾਫ ਲਈ ਲਾਇਆ ਧਰਨਾ
* ਤੜਕਸਾਰ ਘਰੋਂ ਕੰਮ ’ਤੇ ਜਾ ਰਿਹਾ ਸੀ ਉਮਰਸੀਰ ਸਿੰਘ
ਮ੍ਰਿਤਕ ਉਮਰਸੀਰ ਸਿੰਘ।
ਮਨਪ੍ਰੀਤ ਸਿੰਘ ਮੱਲੇਆਣਾ/ਵਕੀਲ ਮਹਿਰੋਂ, ਪੰਜਾਬੀ ਜਾਗਰਣ
ਮੋਗਾ : ਸ਼ਨਿਚਰਵਾਰ ਦੀ ਤੜਕਸਾਰ ਮੋਗਾ ਜ਼ਿਲ੍ਹੇ ਦੀ ਤਹਿਸੀਲ ਧਰਮਕੋਟ ਹਲਕੇ ਦੇ ਪਿੰਡ ਭਿੰਡਰ ਖੁਰਦ ਵਿਖੇ ਪਿੰਡ ਦੇ ਨੌਜਵਾਨ ਉਮਰਸੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਹ ਵਾਰਦਾਤ ਉਸ ਸਮੇਂ ਵਾਪਰੀ ਜਦੋਂ ਉਮਰਸੀਰ ਸਿੰਘ ਡਿਊਟੀ ’ਤੇ ਜਾਣ ਲਈ ਘਰੋਂ ਆਪਣੀ ਕਾਰ (ਪੀਬੀ04-9800) ’ਤੇ ਹਾਲੇ ਨਿਕਲਿਆਂ ਹੀ ਸੀ। ਥੋੜ੍ਹੀ ਹੀ ਦੂਰੀ ’ਤੇ ਕਾਲੀ ਗੱਡੀ ਦੇ ਸਵਾਰਾਂ ਨੇ ਉਸ ਦੀ ਗੱਡੀ ਨੂੰ ਘੇਰ ਕੇ ਉਸ ਉੱਪਰ ਚਾਰੇ ਪਾਸਿਓਂ ਫਾਇਰਿੰਗ ਕਰ ਦਿੱਤੀ ਤੇ 15-16 ਰੌਂਦ ਫਾਇਰ ਕੀਤੇ ਗਏ, ਜਿਸ ਨਾਲ ਉਮਰਸੀਰ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਉਸ ਦੀ ਲਾਸ਼ ਨੂੰ ਧਰਮਕੋਟ ਥਾਣੇ ਮੂਹਰੇ ਰੱਖ ਕੇ ਧਰਨਾ ਦਿੱਤਾ ਗਿਆ।
ਇਸ ਮੌਕੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਇਸ ਘਟਨਾ ਦੇ ਦੋਸ਼ੀਆਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਹਮਲਾਵਰਾਂ ਨੇ ਉਮਰਸੀਰ ਸਿੰਘ ਨੂੰ ਲਗਪਗ 15-16 ਗੋਲ਼ੀਆਂ ਮਾਰੀਆਂ ਗਈਆਂ, ਜਿਸ ਕਾਰਨ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।
ਪਰਿਵਾਰ ਦੇ ਬਿਆਨ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ : ਡੀਐੱਸਪੀ
ਪੁਲਿਸ ਅਧਿਕਾਰੀ ਜਸਵਰਿੰਦਰ ਸਿੰਘ ਨੇ ਕਿਹਾ ਕਿ ਕਾਲੀ ਗੱਡੀ ’ਚ ਆਏ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਵਾਰਦਾਤ ਦੀ ਸੂਚਨਾ ਮਿਲਣ ਮਗਰੋਂ ਪੁਲਿਸ ਪਾਰਟੀਆਂ ਮੌਕੇ 'ਤੇ ਪਹੁੰਚੀਆਂ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਪਰਿਵਾਰ ਦੇ ਬਿਆਨ ਦਰਜ ਕਰ ਲਏ ਹਨ। ਪਰਿਵਾਰ ਦੇ ਬਿਆਨਾਂ ’ਤੇ ਪਰਿਵਾਰ ਨੇ ਜਿਨ੍ਹਾਂ ਲੋਕਾਂ ਦਾ ਨਾ ਲਿਖਵਾਇਆ ਹੈ, ਬਾਈ ਨੇਮ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਕਾਨੂੰਨੀ ਕਾਰਵਾਈ ਜਾਰੀ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ।