ਬਾਬਾ ਬਚਿੱਤਰ ਸਿੰਘ ਦੀ ਬਰਸੀ ਸ਼ਰਧਾ ਨਾਲ ਮਨਾਈ
ਸੱਚਖੰਡ ਵਾਸੀ ਬਾਬਾ ਬਚਿੱਤਰ ਸਿੰਘ ਦੀ
Publish Date: Fri, 24 Apr 2026 03:33 PM (IST)
Updated Date: Sat, 25 Apr 2026 04:01 AM (IST)

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ ਨਿਹਾਲ ਸਿੰਘ ਵਾਲਾ : ਸੱਚਖੰਡ ਵਾਸੀ ਬਾਬਾ ਬਚਿੱਤਰ ਸਿੰਘ ਦੀ ਯਾਦ ਵਿਚ ਪਿੰਡ ਦੀਪਗੜ੍ਹ ਦੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਦੋ ਅਖੰਡ ਪਾਠਾਂ ਦੇ ਭੋਗ ਪਾਉਣ ਉਪਰੰਤ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਸਮਾਗਮ ਵਿਚ ਪਿੰਡ ਦੀਪਗੜ੍ਹ ਅਤੇ ਇਲਾਕੇ ਦੀ ਸੰਗਤ ਨੇ ਵੱਡੀ ਗਿਣਤੀ ‘ਚ ਹਾਜ਼ਰੀ ਲਗਵਾਈ। ਭਾਈ ਸੁਖਜਿੰਦਰ ਸਿੰਘ ਟੱਲੇਵਾਲ ਅਤੇ ਭਾਈ ਧਰਮ ਸਿੰਘ ਰਾਮਗੜ੍ਹ ਦੇ ਰਾਗੀ ਜਥੇ ਨੇ ਰਸਭਿੰਨੇ ਕੀਰਤਨ ਅਤੇ ਕਥਾ ਵਿਚਾਰ ਨਾਲ ਸੰਗਤ ਨੂੰ ਗੁਰਮਤਿ ਦੀ ਰੌਸ਼ਨੀ ਵਿੱਚ ਸੇਵਾ ਅਤੇ ਸਿਮਰਨ ਦੀ ਮਹੱਤਤਾ ਤੋਂ ਜਾਣੂ ਕਰਵਾਇਆ। ਭਾਈ ਕਰਮਜੀਤ ਸਿੰਘ ਲੁਹਾਰਾ ਦੀ ਨਿਰਦੇਸ਼ਨਾ ਹੇਠ ਕਾਕਾ ਮਨਜਿੰਦਰ ਸਿੰਘ, ਬੀਬੀ ਇਕਵਿੰਦਰ ਕੌਰ ਤੇ ਬੀਬੀ ਜਸ਼ਨਦੀਪ ਕੌਰ ਦੇ ਕਵੀਸ਼ਰੀ ਜਥੇ ਨੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦਾ ਗੁਣਗਾਣ ਕਰਦਿਆਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ। ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਅਮਰਜੀਤ ਸਿੰਘ ਅਤੇ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਨੇ ਬਾਬਾ ਬਚਿੱਤਰ ਸਿੰਘ ਜੀ ਦੇ ਜੀਵਨ ਬਾਰੇ ਰੌਸ਼ਨੀ ਪਾਉਂਦਿਆਂ ਉਨ੍ਹਾਂ ਨੂੰ ਸੇਵਾ, ਸਿਮਰਨ ਅਤੇ ਤਿਆਗ ਦੀ ਮੂਰਤ ਦੱਸਿਆ। ਬੁਲਾਰਿਆਂ ਨੇ ਉਨ੍ਹਾਂ ਵੱਲੋਂ ਸੰਗਤ ਨੂੰ ਗੁਰੂਘਰ ਅਤੇ ਗੁਰਬਾਣੀ ਨਾਲ ਜੋੜਣ ਲਈ ਕੀਤੇ ਗਏ ਅਣਥੱਕ ਯਤਨਾਂ ਬਾਰੇ ਵਿਸਥਾਰਤ ਰੌਸ਼ਨੀ ਪਾਈ। ਬਾਬਾ ਬਚਿੱਤਰ ਸਿੰਘ ਵੱਲੋਂ ਵੱਖ-ਵੱਖ ਗੁਰੂਘਰਾਂ ਦੀ ਕੀਤੀ ਸੇਵਾ ਦਾ ਵੀ ਉਚੇਚਾ ਜਿਕਰ ਕੀਤਾ ਗਿਆ। ਇਸ ਸਮੇਂ ਬੀਬੀ ਚਰਨਜੀਤ ਕੌਰ ਢਿੱਲੋਂ ਵੱਲੋਂ ਗੁਰੂਘਰ ਵਿਖੇ ਸੰਗਤ ਦੀ ਸੇਵਾ ਲਈ ਨਿਭਾਈਆਂ ਜਾ ਰਹੀਆਂ ਮਹਾਨ ਸੇਵਾਵਾਂ ਬਾਰੇ ਵਿਸ਼ੇਸ਼ ਤੌਰ ਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਸਮੇਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ, ਨਵੀਂ ਤੇ ਪੁਰਾਣੀ ਗ੍ਰਾਮ ਪੰਚਾਇਤ ਸਮੇਤ ਵੱਡੀ ਤਦਾਦ ਵਿਚ ਪਤਵੰਤਿਆਂ ਨੇ ਵੀ ਹਾਜ਼ਰੀ ਭਰੀ।