ਧਾਰਮਿਕ ਯਾਤਰਾ ਲਈ ਸ਼ਰਧਾਲੂਆਂ ਦਾ ਜਥਾ ਰਵਾਨਾ
ਬਾਘਾਪੁਰਾਣਾ ਖੇਤਰ ਵਿਚ ਧਾਰਮਿਕ
Publish Date: Sat, 28 Mar 2026 05:07 PM (IST)
Updated Date: Sun, 29 Mar 2026 04:06 AM (IST)

ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਬਾਘਾਪੁਰਾਣਾ : ਬਾਘਾਪੁਰਾਣਾ ਖੇਤਰ ਵਿਚ ਧਾਰਮਿਕ ਭਾਵਨਾ ਨੂੰ ਮਜ਼ਬੂਤ ਕਰਦਿਆਂ ਸ੍ਰੀ ਬਾਲਾ ਜੀ ਬੱਸ ਸੇਵਾ ਮੰਡਲ ਵੱਲੋਂ ਸ਼ਰਧਾਲੂਆਂ ਦਾ ਜਥਾ ਸ੍ਰੀ ਸਾਲਾਸਰ ਬਾਲਾ ਜੀ, ਸ੍ਰੀ ਖਾਟੂ ਸ਼ਾਮ ਬਾਬਾ ਅਤੇ ਇੱਛਾਪੂਰਨ ਮੰਦਰ ਦੇ ਦਰਸ਼ਨਾਂ ਲਈ ਰਵਾਨਾ ਕੀਤਾ ਗਿਆ। ਇਹ ਜਥਾ ਸ੍ਰੀ ਦੁਰਗਾ ਮੰਦਰ ਕਾਲੇਕੇ ਰੋਡ ਤੋਂ ਭਾਵਿਕ ਖੁਰਾਨਾ ਵੱਲੋਂ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਰਵਾਨਗੀ ਤੋਂ ਪਹਿਲਾਂ ਮੰਦਰ ਪ੍ਰੰਗਣ ਵਿਚ ਵਿਧੀਵਤ ਪੂਜਾ ਅਰਚਨਾ ਕੀਤੀ ਗਈ, ਜਿਸ ਦੌਰਾਨ ਸ਼ਰਧਾਲੂਆਂ ਨੇ ਭਗਵਾਨ ਦੇ ਚਰਨਾਂ ਵਿਚ ਅਰਦਾਸ ਕਰ ਕੇ ਯਾਤਰਾ ਦੀ ਸਫਲਤਾ ਅਤੇ ਸੁਖ-ਸ਼ਾਂਤੀ ਦੀ ਕਾਮਨਾ ਕੀਤੀ। ਇਸ ਮੌਕੇ ਮਾਹੌਲ ਭਗਤੀ ਰੰਗ ਵਿਚ ਰੰਗਿਆ ਹੋਇਆ ਸੀ ਅਤੇ ਭਜਨਾਂ ਦੀ ਗੂੰਜ ਨਾਲ ਸਾਰਾ ਇਲਾਕਾ ਧਾਰਮਿਕ ਮਾਹੌਲ ਵਿਚ ਡੁੱਬਿਆ ਹੋਇਆ ਦਿਖਾਈ ਦਿੱਤਾ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ 27ਵੀਂ ਬੱਸ ਯਾਤਰਾ ਹੈ ਜੋ ਹਰ ਸਾਲ ਸ਼ਰਧਾਲੂਆਂ ਦੀ ਵੱਡੀ ਭਾਗੀਦਾਰੀ ਨਾਲ ਆਯੋਜਿਤ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਯਾਤਰਾ ਦੌਰਾਨ ਸ਼ਰਧਾਲੂਆਂ ਦੀ ਸੁਵਿਧਾ ਲਈ ਚਾਹ, ਪਾਣੀ, ਨਾਸ਼ਤਾ, ਏਸੀ ਕਮਰਿਆਂ ਸਮੇਤ ਹੋਰ ਵਧੀਆ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ। ਇਸ ਮੌਕੇ ਸ੍ਰੀ ਦੁਰਗਾ ਮੰਦਰ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸਮਾਜ ਦੇ ਕਈ ਪ੍ਰਮੁੱਖ ਵਿਅਕਤੀ ਵੀ ਹਾਜ਼ਰ ਸਨ। ਉਨ੍ਹਾਂ ਵਿਚ ਲਖਵਿੰਦਰ ਗਰਗ, ਬਾਲ ਕ੍ਰਿਸ਼ਨ ਬਾਲੀ, ਜਸਵੰਤ ਝੰਜੀ, ਪੁਜਾਰੀ ਸ਼ੁੱਭਮ ਸ਼ਾਸਤਰੀ, ਸੁਰਿੰਦਰ ਬਾਂਸਲ, ਯੋਗੇਸ਼ ਬਾਂਸਲ ਯੋਗੀ, ਕਰਮਵੀਰ ਕਟਾਰੀਆ, ਨਰੇਸ਼ ਕੁਮਾਰ ਮੰਗਾ, ਚੰਦਰ ਬਾਂਸਲ, ਰਾਜ ਦਵਿੰਦਰ ਕਟਾਰੀਆ, ਸਚਿਨ ਸਿੰਗਲਾ, ਰਮੇਸ਼ ਕੁਮਾਰ ਟੋਨੀ, ਆਸ਼ੂਤੋਸ਼ ਭੰਡਾਰੀ, ਵਿੱਕੀ ਲੂੰਬਾ, ਸੂਰਜ ਗਰਗ ਆਦਿ ਨੇ ਸ਼ਮੂਲੀਅਤ ਕਰਦਿਆਂ ਯਾਤਰਾ ਨੂੰ ਸਫਲ ਬਣਾਉਣ ਲਈ ਆਪਣਾ ਯੋਗਦਾਨ ਦਿੱਤਾ। ਅੰਤ ਵਿਚ ਪ੍ਰਬੰਧਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਧਾਰਮਿਕ ਯਾਤਰਾਵਾਂ ਨਾਲ ਲੋਕਾਂ ਵਿਚ ਆਸਥਾ ਅਤੇ ਇਕਤਾ ਦਾ ਭਾਵ ਵਧਦਾ ਹੈ ਅਤੇ ਸਮਾਜ ਵਿਚ ਸਾਂਝੀ ਸੱਭਿਆਚਾਰਕ ਵਿਰਾਸਤ ਨੂੰ ਮਜ਼ਬੂਤੀ ਮਿਲਦੀ ਹੈ।