- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਾਹਿਤਕ ਸੱਥ ਲੰਡੇ ਵੱਲੋਂ ਪ੍ਰਸਿੱਧ

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਸਾਹਿਤਕ ਸੱਥ ਲੰਡੇ ਵੱਲੋਂ ਪ੍ਰਸਿੱਧ ਸਾਹਿਤਕਾਰ ਅਧਿਆਪਕ ਤਰਸੇਮ ਲੰਡੇ ਦੀ ਪਲੇਠੀ ਬਾਲ ਕਿਤਾਬ ‘ੳ-ਅ ਸਾਡਾ ਸਾਥੀ’ ਦਾ ਲੋਕ ਅਰਪਣ ਉਨ੍ਹਾਂ ਦੇ ਗ੍ਰਹਿ ਵਿਖੇ ਬਹੁਤ ਹੀ ਉਤਸ਼ਾਹ ਅਤੇ ਸਾਹਿਤਕ ਰੰਗਤ ਨਾਲ ਕੀਤਾ ਗਿਆ। ਇਸ ਸਮਾਗਮ ਵਿਚ ਨਾਮਵਰ ਸਾਹਿਤਕਾਰਾਂ, ਕਵੀਆਂ, ਅਧਿਆਪਕਾਂ ਅਤੇ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕਰਕੇ ਲੇਖਕ ਦੀ ਹੌਂਸਲਾ ਅਫ਼ਜ਼ਾਈ ਕੀਤੀ। ਇਸ ਸਮਾਗਮ ਦੀ ਸ਼ੁਰੂਆਤ ਤਰਸੇਮ ਖ਼ਾਨ ਵੱਲੋਂ ਗਾਏ ਗੀਤ “ਲੰਡੇ ਪਿੰਡ ਮਿੱਤਰਾਂ ਦਾ…” ਨਾਲ ਹੋਈ, ਜਿਸ ਨੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਤੋਂ ਬਾਅਦ ਜਗਜੀਤ ਪੱਲਣ ਨੇ ਜਸਕਰਨ ਲੰਡੇ ਦਾ ਲਿਖਿਆ ਗੀਤ “ਨਸ਼ੇ ਜਵਾਨੀ ਖਾ ਲਈ…” ਗਾ ਕੇ ਦਰਸ਼ਕਾਂ ਤੋਂ ਖੂਬ ਵਾਹ-ਵਾਹ ਖੱਟੀ। ਇਸ ਮੌਕੇ ਆਪਣੀ ਕਿਤਾਬ ਬਾਰੇ ਵਿਚਾਰ ਸਾਂਝੇ ਕਰਦਿਆਂ ਤਰਸੇਮ ਲੰਡੇ ਨੇ ਦੱਸਿਆ ਕਿ ਇਸ ਬਾਲ ਕਿਤਾਬ ਵਿਚ ੳ ਤੋਂ ੜ ਤੱਕ ਅੱਖ਼ਰਾਂ ਨਾਲ ਸੰਬੰਧਿਤ ਸ਼ਬਦਾਂ ਉੱਤੇ ਕਵਿਤਾਵਾਂ ਲਿਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਮਾਤ ਭਾਸ਼ਾ ਤੋਂ ਦੂਰ ਹੋ ਰਹੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਸਮੇਂ ਦੀ ਲੋੜ ਹੈ। ਕਵਿਤਾਵਾਂ ਬੱਚਿਆਂ ਦੇ ਹਾਣ ਦੀਆਂ ਅਤੇ ਸੌਖੀ ਭਾਸ਼ਾ ਵਿਚ ਹਨ। ਮਾਪਿਆਂ ਨੂੰ ਚਾਹੀਦਾ ਹੈ ਕਿ ਇਹ ਕਿਤਾਬ ਬੱਚਿਆਂ ਨੂੰ ਜ਼ਰੂਰ ਪੜ੍ਹਾਉਣ। ਉਨ੍ਹਾਂ ਕਿਤਾਬ ਦੀ ਤਿਆਰੀ ਵਿਚ ਸਹਿਯੋਗ ਲਈ ਅਮਰ ਘੋਲੀਆ, ਬਾਲ ਸਾਹਿਤਕਾਰ ਦਰਸ਼ਨ ਸਿੰਘ ਆਸ਼ਟ, ਕਵੀ ਜਸਵੰਤ ਗਿੱਲ ਸਮਾਲਸਰ ਅਤੇ ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ ਦਾ ਧੰਨਵਾਦ ਕੀਤਾ। ਇਸ ਮੌਕੇ ਅਮਰ ਘੋਲੀਆ ਨੇ ਕਿਹਾ ਕਿ ਤਰਸੇਮ ਲੰਡੇ ਨੇ ਕਿਤਾਬ ਦੇ ਹਰ ਪੜਾਅ ਦੌਰਾਨ ਆਪਣੀਆਂ ਦਿਲੀ ਭਾਵਨਾਵਾਂ ਸਾਂਝੀਆਂ ਕੀਤੀਆਂ। ਇਸ ਮੌਕੇ ਤਰਸੇਮ ਦੇ ਅਧਿਆਪਕ ਰਹੇ ਮਾਸਟਰ ਸ਼ਮਿੰਦਰ ਸਿੰਘ ਜਿਉਣਵਾਲਾ ਨੇ ਆਪਣੇ ਸ਼ਾਗਿਰਦ ਦੀ ਇਸ ਉਪਲਬਧੀ ’ਤੇ ਮਾਣ ਪ੍ਰਗਟ ਕੀਤਾ ਅਤੇ ਵਧਾਈ ਦਿੱਤੀ। ਚਰਨਜੀਤ ਗਿੱਲ ਸਮਾਲਸਰ, ਸਾਧੂ ਰਾਮ ਲੰਗਿਆਣਾ ਅਤੇ ਕਮਲਜੀਤ ਭੋਲਾ ਸਮੇਤ ਹੋਰ ਵਕਤਾਵਾਂ ਨੇ ਕਿਤਾਬ ਨੂੰ ਬੱਚਿਆਂ ਲਈ ਮਹੱਤਵਪੂਰਨ ਉਪਰਾਲਾ ਕਰਾਰ ਦਿੰਦਿਆਂ ਕਿਹਾ ਕਿ ਬਾਲ ਸਾਹਿਤ ਲਿਖਣਾ ਸੌਖਾ ਕੰਮ ਨਹੀਂ ਹੁੰਦਾ ਅਤੇ ਤਰਸੇਮ ਲੰਡੇ ਇਸ ਲਈ ਵਧਾਈ ਦੇ ਪਾਤਰ ਹਨ। ਇਸ ਮੌਕੇ ਅਨੰਤ ਗਿੱਲ ਭਲੂਰ ਨੇ ਕਿਹਾ ਕਿ ਬਾਲ ਕਵਿਤਾਵਾਂ ਭਾਸ਼ਾ ਅਤੇ ਸਾਹਿਤ ਨਾਲ ਬੱਚਿਆਂ ਦੀ ਪਹਿਲੀ ਪਹਚਾਣ ਬਣਦੀਆਂ ਹਨ। ਇਸ ਮੌਕੇ ਚਮਕੌਰ ਬਾਘੇਵਾਲੀਆ, ਸੁਖਚੈਨ ਠੱਠੀ ਭਾਈ, ਲਖਵੀਰ ਕੋਮਲ, ਬਲਤੇਜ ਸੰਧੂ, ਜਗਦੀਸ਼ ਪ੍ਰੀਤਮ, ਨਵਦੀਪ ਲੰਡੇ, ਸਤੀਸ਼ ਧਵਨ, ਬੇਅੰਤ ਗਿੱਲ ਭਲੂਰ, ਰਮਨ ਮਾਨ ਕਾਲੇਕੇ, ਸਮਰਵੀਰ ਸਿੰਘ ਪੱਲਣ ਅਤੇ ਗੁਰਜੀਤ ਸਿੰਘ ਸਮੇਤ ਕਈ ਰਚਨਾਕਾਰਾਂ ਨੇ ਆਪਣੇ ਕਲਾਮ ਪੇਸ਼ ਕਰਕੇ ਸਮਾਗਮ ਨੂੰ ਹੋਰ ਰੰਗੀਨ ਬਣਾਇਆ। ਇਸ ਤੋਂ ਇਲਾਵਾ ਸੂਬੇਦਾਰ ਕਰਨੈਲ ਸਿੰਘ, ਜਸਵਿੰਦਰ ਕੌਰ, ਕਿਰਨਦੀਪ ਕੌਰ, ਹਰਦੀਪ ਕੌਰ, ਅਰਸ਼ਦੀਪ ਸਿੰਘ, ਵਿਸ਼ਵਜੀਤ ਸਿੰਘ, ਮਾਸਟਰ ਜਗਤਾਰ ਸਿੰਘ, ਮਨਿੰਦਰ ਕੌਰ, ਅਕਾਲਵੀਰ ਸਿੰਘ ਅਤੇ ਏਕਮ ਸਿੰਘ ਆਦਿ ਨੇ ਵੀ ਆਪਣੀ ਹਾਜ਼ਰੀ ਲਗਵਾ ਕੇ ਸਮਾਗਮ ਦੀ ਸ਼ੋਭਾ ਵਧਾਈ।