ਸੰਗਤ ਨੇ ਮਾਣਿਆ ਨਗਰ ਕੀਰਤਨ ਦਾ ਆਨੰਦ
ਮੋਗਾ ਸ਼ਹਿਰ ਵਿਚ ਸ਼੍ਰੀਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਫੁੱਲਾਂ ਨਾਲ ਸਜਾਈ ਗਈ ਪਵਿੱਤਰ ਪਾਲਕੀ।
Publish Date: Mon, 02 Feb 2026 04:19 PM (IST)
Updated Date: Tue, 03 Feb 2026 04:05 AM (IST)

ਵਕੀਲ ਮਹਿਰੋਂ ਪੰਜਾਬੀ ਜਾਗਰਣ, ਮੋਗਾ: ਮੋਗਾ ਸ਼ਹਿਰ ਵਿਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪਾਵਨ ਪ੍ਰਕਾਸ਼ ਉਤਸਵ ਨੂੰ ਸਮਰਪਿਤ ਰਵਿਦਾਸ ਵੈੱਲਫੇਅਰ ਸੁਸਾਇਟੀ ਵੱਲੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ।ਇਹ ਨਗਰ ਕੀਰਤਨ ਰਵਿਦਾਸ ਨਗਰ ਸਥਿਤ ਰਵਿਦਾਸ ਭਵਨ ਤੋਂ ਆਰੰਭ ਹੋਇਆ ਜੋ ਪੰਜ ਪਿਆਰਿਆਂ ਅਤੇ ਪੰਜ ਨਿਸ਼ਾਨ ਸਾਹਿਬਾਨ ਦੀ ਅਗਵਾਈ ਹੇਠ ਪੂਰੀ ਧਾਰਮਿਕ ਮਰਿਯਾਦਾ ਅਤੇ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ। ਨਗਰ ਕੀਰਤਨ ਦੌਰਾਨ ਬੈਂਡਬਾਜਿਆਂ ਅਤੇ ਧਾਰਮਿਕ ਕਲਾਕਾਰਾਂ ਵੱਲੋਂ ਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗਾਇਨ ਕੀਤਾ ਗਿਆ। ਇਸ ਮੌਕੇ ਕੀਰਤਨੀ ਜਥਿਆਂ ਅਤੇ ਸੰਗਤਾਂ ਵੱਲੋਂ ਭਗਤੀ ਭਾਵ ਨਾਲ ਭਰੇ ਸ਼ਬਦ ਗਾਏ ਗਏ ਜਿਸ ਨਾਲ ਪੂਰਾ ਮੋਗਾ ਸ਼ਹਿਰ ਗੁਰੂ ਰਵਿਦਾਸ ਜੀ ਦੀ ਭਗਤੀ ਵਿਚ ਲੀਨ ਹੋ ਗਿਆ। ਹਰ ਪਾਸੇ ਆਧਿਆਤਮਿਕ ਮਾਹੌਲ ਬਣਿਆ ਰਿਹਾ। ਫੁੱਲਾਂ ਨਾਲ ਸੁਸ਼ੋਭਿਤ ਗੁਰੂ ਸਾਹਿਬ ਦੀ ਪਾਵਨ ਪਾਲਕੀ ਨਗਰ ਕੀਰਤਨ ਦਾ ਕੇਂਦਰ ਬਣੀ ਰਹੀ। ਇਹ ਨਗਰ ਕੀਰਤਨ ਜਵਾਹਰ ਨਗਰ, ਚੈਂਬਰ ਰੋਡ, ਰੇਲਵੇ ਰੋਡ ਮੇਨ ਬਜ਼ਾਰ, ਦੇਵ ਹੋਟਲ, ਆਰੀਆ ਸਕੂਲ ਰੋਡ, ਸਟੇਡੀਅਮ ਰੋਡ, ਗਿੱਲ ਪੈਲੇਸ, ਗੀਤਾ ਭਵਨ ਚੌਂਕ, ਵੇਦਾਂਤ ਨਗਰ ਰੋਡ ਸਮੇਤ ਹੋਰ ਇਲਾਕਿਆਂ ’ਚੋਂ ਗੁਜ਼ਰਿਆ ਤਾਂ ਰਸਤੇ ਭਰ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਕਰਕੇ, ਗੇਟ ਸਜਾ ਕੇ ਅਤੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਰਵਿਦਾਸ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਗੌਰਵ ਲਾਗਾਹ ਅਤੇ ਕੈਸ਼ੀਅਰ ਡਾ.ਰਾਕੇਸ਼ ਕੁਮਾਰ ਨੇ ਦੱਸਿਆ ਕਿ ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਸਮਾਜ ਨੂੰ ਬਰਾਬਰੀ, ਭਾਈਚਾਰੇ, ਸੱਚ ਅਤੇ ਮਨੁੱਖਤਾ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦੀ ਬਾਣੀ ਅੱਜ ਵੀ ਸਮਾਜ ਨੂੰ ਸਹੀ ਰਾਹ ’ਤੇ ਤੁਰਨ ਦੀ ਪ੍ਰੇਰਣਾ ਦਿੰਦੀ ਹੈ ਅਤੇ ਸਾਨੂੰ ਆਪਸੀ ਪਿਆਰ ਅਤੇ ਸਹਿਯੋਗ ਨਾਲ ਜੀਵਨ ਬਿਤਾਉਣ ਦੀ ਸਿੱਖ ਦਿੰਦੀ ਹੈ। ਇਸ ਪਵਿੱਤਰ ਮੌਕੇ ’ਤੇ ਪ੍ਰਧਾਨ ਗੌਰਵ ਲਾਗਾਹ, ਉੱਪ ਪ੍ਰਧਾਨ ਚਿਰੰਜੀ ਲਾਲ, ਸਕੱਤਰ ਰਾਧੇ ਕ੍ਰਿਸ਼ਨ, ਸਤਪਾਲ ਲਾਗਾਹ, ਡਾ. ਰਾਕੇਸ਼ ਕੁਮਾਰ, ਹਰਮੇਸ਼ ਲਾਲ, ਸੰਨੀ, ਮਨੀ ਜੱਸਲ, ਅਮਨਦੀਪ, ਕਰਨ, ਬੰਟੀ, ਰਾਕੇਸ਼ ਬੰਗੜ, ਰਮੇਸ਼ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸ਼ਰਧਾਲੂ, ਸਮਾਜਸੇਵੀ ਅਤੇ ਸੋਸਾਇਟੀ ਦੇ ਮੈਂਬਰ ਹਾਜ਼ਰ ਰਹੇ।