- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਵਿਚ ਵਧ ਰਹੀਆਂ ਧਾਰਮਿਕ ਅਤੇ

ਵਕੀਲ ਮਹਿਰੋਂ ਪੰਜਾਬੀ ਜਾਗਰਣ ਮੋਗਾ: ਸਮਾਜ ਵਿਚ ਵਧ ਰਹੀਆਂ ਧਾਰਮਿਕ ਅਤੇ ਸਮਾਜਿਕ ਚੁਣੌਤੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਸਰਵ ਸਮਾਜ ਸਮਰਸਤਾ ਸਮਿਤਿ ਪੰਜਾਬ ਵੱਲੋਂ ਇਕ ਵੱਡਾ ਅਤੇ ਅਹਿਮ ਉਪਰਾਲਾ ਕੀਤਾ ਜਾ ਰਿਹਾ ਹੈ। ਸਮਿਤੀ ਵੱਲੋਂ 16 ਅਪ੍ਰੈਲ ਸਵੇਰੇ 10 ਵਜੇ ਸ੍ਰੀ ਸਤਿਆ ਸਾਈਂ ਮੁਰਲੀਧਰ ਆਯੁਵੈਦਿਕ ਕਾਲਜ ਅਤੇ ਹਸਪਤਾਲ ਜੀਟੀ ਰੋਡ ਦੁੱਨੇਕੇ ਵਿਖੇ ਵਿਸ਼ਾਲ ਸੰਤ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਵੱਖ-ਵੱਖ ਧਾਰਮਿਕ ਸੰਪਰਦਾਵਾਂ ਦੇ ਸੰਤ ਮਹਾਂਪੁਰਸ਼, ਸਮਾਜਿਕ ਆਗੂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਦੀ ਸ਼ਮੂਲੀਅਤ ਦੀ ਸੰਭਾਵਨਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਮਿਤੀ ਦੇ ਪ੍ਰਮੁੱਖ ਆਗੂ ਡਾ. ਪੀਸੀ ਸਿੰਗਲਾ ਨੇ ਕਿਹਾ ਕਿ ਇਹ ਸਮਾਗਮ ਸਿਰਫ ਇਕ ਧਾਰਮਿਕ ਇਕੱਠ ਨਹੀਂ, ਸਗੋਂ ਸਮਾਜ ਨੂੰ ਸਹੀ ਦਿਸ਼ਾ ਦੇਣ ਲਈ ਇਕ ਮੰਚ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਜਿੱਥੇ ਸਮਾਜ ਵਿਚ ਵੱਖ-ਵੱਖ ਤਰ੍ਹਾਂ ਦੀਆਂ ਗਲਤਫ਼ਹਿਮੀਆਂ ਅਤੇ ਧਾਰਮਿਕ ਵਿਗੜਾਅ ਪੈਦਾ ਹੋ ਰਹੇ ਹਨ, ਉੱਥੇ ਸੰਤਾਂ ਮਹਾਂਪੁਰਸ਼ਾਂ ਦੀ ਰਹਿਨੁਮਾਈ ਬਹੁਤ ਜ਼ਰੂਰੀ ਹੋ ਗਈ ਹੈ। ਡਾ. ਸਿੰਗਲਾ ਨੇ ਕਿਹਾ ਸਾਡੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਕੁੱਝ ਲੋਕ ਆਪਣੇ ਮੂਲ ਧਰਮ ਤੋਂ ਦੂਰ ਹੋ ਕੇ ਦੂਸਰੇ ਧਰਮਾਂ ਵੱਲ ਪਰਿਵਰਤਨ ਕਰ ਰਹੇ ਹਨ। ਇਹ ਸਿਰਫ਼ ਵਿਅਕਤੀਗਤ ਮਾਮਲਾ ਨਹੀਂ, ਸਗੋਂ ਪੂਰੇ ਸਮਾਜ ਦੀ ਸਾਂਝੀ ਸੱਭਿਆਚਾਰਕ ਅਤੇ ਆਧਿਆਤਮਿਕ ਪਹਿਚਾਣ ਨਾਲ ਜੁੜਿਆ ਹੋਇਆ ਮਸਲਾ ਹੈ। ਇਸ ਲਈ ਅਸੀਂ ਇਸ ਗੰਭੀਰ ਵਿਸ਼ੇ ’ਤੇ ਸੰਤਾਂ ਮਹਾਂਪੁਰਸ਼ਾਂ ਨਾਲ ਖੁੱਲ੍ਹ ਕੇ ਵਿਚਾਰ-ਵਟਾਂਦਰਾ ਕਰਾਂਗੇ। ਉਨ੍ਹਾਂ ਅੱਗੇ ਕਿਹਾ ਕਿ ਸੰਤਾਂ ਨੂੰ ਬੇਨਤੀ ਕੀਤੀ ਜਾਵੇਗੀ ਕਿ ਉਹ ਆਪਣੀਆਂ ਸੰਗਤਾਂ ਨੂੰ ਸਤਿਸੰਗਾਂ, ਪ੍ਰਵਚਨਾਂ ਅਤੇ ਆਤਮਿਕ ਸਿੱਖਿਆ ਰਾਹੀਂ ਜਾਗਰੂਕ ਕਰਨ ਤਾਂ ਜੋ ਲੋਕ ਆਪਣੇ ਧਰਮ ਦੀ ਅਸਲ ਮਹੱਤਤਾ ਨੂੰ ਸਮਝ ਸਕਣ ਅਤੇ ਗਲਤ ਦਿਸ਼ਾ ਵਿਚ ਜਾਣ ਤੋਂ ਬਚ ਸਕਣ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸਮਾਜ ਵਿਚ ਸਮਰਸਤਾ ਅਤੇ ਏਕਤਾ ਬਣਾਈ ਰੱਖਣ ਲਈ ਹਰ ਵਰਗ ਦਾ ਸਹਿਯੋਗ ਜ਼ਰੂਰੀ ਹੈ। ਸਮਾਗਮ ਦੌਰਾਨ ਸਮਾਜਿਕ ਏਕਤਾ, ਨੈਤਿਕ ਮੁੱਲਾਂ ਦੀ ਮਹੱਤਤਾ, ਨੌਜਵਾਨ ਪੀੜ੍ਹੀ ਨੂੰ ਸਹੀ ਮਾਰਗ ’ਤੇ ਲਿਆਂਦਾ ਜਾਣਾ ਅਤੇ ਧਾਰਮਿਕ ਸਹਿਯੋਗ ਵਰਗੇ ਮੁੱਖ ਵਿਸ਼ਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੰਤਾਂ ਮਹਾਂਪੁਰਸ਼ਾਂ ਵੱਲੋਂ ਆਪਣੇ ਅਨਮੋਲ ਵਿਚਾਰਾਂ ਰਾਹੀਂ ਲੋਕਾਂ ਨੂੰ ਜੀਵਨ ਦੇ ਸਹੀ ਮੂਲ ਮੰਤਰ ਦਿੱਤੇ ਜਾਣਗੇ। ਸਮਿਤੀ ਦੇ ਮੈਂਬਰਾਂ ਨੇ ਦੱਸਿਆ ਕਿ ਇਹ ਸਮਾਗਮ ਇਲਾਕੇ ਵਿਚ ਇਕ ਇਤਿਹਾਸਕ ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮ ਸਾਬਤ ਹੋਵੇਗਾ, ਜਿਸ ਨਾਲ ਲੋਕਾਂ ਵਿਚ ਨਵੀਂ ਜਾਗਰੂਕਤਾ ਪੈਦਾ ਹੋਵੇਗੀ ਅਤੇ ਭਾਈਚਾਰੇ ਦੀ ਭਾਵਨਾ ਹੋਰ ਮਜ਼ਬੂਤ ਹੋਵੇਗੀ। ਅੰਤ ਵਿਚ ਸਮਿਤੀ ਵੱਲੋਂ ਸਮੂਹ ਇਲਾਕੇ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਡੀ ਗਿਣਤੀ ਵਿਚ ਇਸ ਸੰਤ ਸਮਾਗਮ ਵਿਚ ਸ਼ਮੂਲੀਅਤ ਕਰਨ, ਸੰਤਾਂ ਦੇ ਦਰਸ਼ਨ ਕਰਕੇ ਅਸ਼ੀਰਵਾਦ ਪ੍ਰਾਪਤ ਕਰਨ ਅਤੇ ਆਪਣੇ ਜੀਵਨ ਨੂੰ ਧਾਰਮਿਕ ਅਤੇ ਨੈਤਿਕ ਮੂਲਾਂ ਨਾਲ ਜੋੜਨ ਦਾ ਯਤਨ ਕਰਨ। ਇਹ ਸਮਾਗਮ ਨਿਸ਼ਚਤ ਤੌਰ ’ਤੇ ਸਮਾਜ ਵਿਚ ਏਕਤਾ, ਸ਼ਾਂਤੀ ਅਤੇ ਭਾਈਚਾਰੇ ਦਾ ਸੰਦੇਸ਼ ਦੇਵੇਗਾ।