ਕਿਸਾਨੀ ਲਹਿਰ ਦੇ ਸ਼ਹੀਦ ਚਰਨ ਮਾਣੂੰਕੇ ਦੀ ਬਰਸੀ ਮਨਾਈ
7 ਮਾਰਚ 1977 ਨੂੰ ਪੁਲਿਸ ਤਸ਼ੱਦਦ
Publish Date: Wed, 11 Mar 2026 05:20 PM (IST)
Updated Date: Thu, 12 Mar 2026 04:04 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ, ਨਿਹਾਲ ਸਿੰਘ ਵਾਲਾ: 7 ਮਾਰਚ 1977 ਨੂੰ ਪੁਲਿਸ ਤਸ਼ੱਦਦ ਨਾਲ ਸ਼ਹੀਦ ਹੋਏ ਕਿਸਾਨ ਲਹਿਰ ਦੇ ਸ਼ਹੀਦ ਚਰਨ ਮਾਣੂੰਕੇ ਦੀ 49ਵੀਂ ਬਰਸੀ ਪਿੰਡ ਮਾਣੂੰਕੇ ਵਿਖੇ ਉਨ੍ਹਾਂ ਦੀ ਲਾਟ ’ਤੇ ਮਨਾਈ ਗਈ। ਪ੍ਰੋਗਰਾਮ ਦੀ ਸ਼ੁਰੂਆਤ ਸ਼ਹੀਦ ਚਰਨ ਮਾਣੂੰਕੇ ਦੀ ਯਾਦਗਾਰ ਲਾਟ ਉੱਪਰ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਵੱਲੋਂ ਝੰਡਾ ਝੁਲਾਉਣ ਦੀ ਰਸਮ ਕੀਤੀ ਗਈ। ਜ਼ਿਕਰਯੋਗ ਹੈ ਕਿ ਚਰਨ ਮਾਣੂੰਕੇ ਫੌਜ ਦੀ ਨੌਕਰੀ ਛੱਡ ਪਿੰਡ ਆ ਕੇ ਨੌਜਵਾਨ ਸਭਾ ਅਤੇ ਕਿਰਤੀ ਕਿਸਾਨ ਸਭਾ ਦਾ ਆਗੂ ਬਣਿਆ। ਉਸ ਦੇ ਸੰਘਰਸ਼ ਦੀ ਬਦੌਲਤ ਪਿੰਡ ’ਚ ਬਾਰਬੰਦੀ ਹੋਈ, ਨਹਿਰੀ ਅਬਿਆਨੇ ਖ਼ਿਲਾਫ਼ ਘੋਲ ਚੱਲਿਆ। ਇੰਦਰਾ ਗਾਂਧੀ ਦੁਆਰਾ ਗਰੀਬਾਂ ਦੀ ਜਬਰੀ ਨਸਬੰਦੀ ਦਾ ਵਿਰੋਧ ਕੀਤਾ ਅਤੇ ਪੁਲਿਸ ਨੂੰ ਖਾਲੀ ਹੱਥੀਂ ਵਾਪਸ ਮੋੜਿਆ। ਚਰਨ ਸਿੰਘ ਮਾਣੂੰਕੇ ਅਤੇ ਉਸ ਦੀ ਸਭਾ ਦੇ ਸਾਥੀਆਂ ਦੀ ਬਦੌਲਤ ਪੁਲਿਸ ਸਮੇਤ ਕੋਈ ਵੀ ਅਧਿਕਾਰੀ ਪੁੱਛ ਕੇ ਪਿੰਡ ਆਉਂਦਾ ਸੀ। ਇਸੇ ਮਕਬੂਲੀਅਤ ਕਾਰਨ ਪੰਜਾਬ ’ਚ ਝੂਠੇ ਪੁਲਿਸ ਮੁਕਾਬਲਿਆਂ ਦੀ ਚਲਾਈ ਜਾ ਰਹੀ ਹਨ੍ਹੇਰੀ ’ਚ ਹੀ ਬਾਘਾਪੁਰਾਣਾ ਥਾਣੇ ਅੰਦਰ 7 ਮਾਰਚ 1977 ਨੂੰ ਚਰਨ ਮਾਣੂੰਕੇ ਨੂੰ ਸ਼ਹੀਦ ਕੀਤਾ ਗਿਆ ਸੀ। ਚਰਨ ਮਾਣੂੰਕੇ ਦੀ ਧਿਰ ਦੀ ਸਿਆਸਤ 1947 ਦੀ ਅਜ਼ਾਦੀ ਨੂੰ ਨਕਲੀ ਅਜ਼ਾਦੀ ਮੰਨਦੀ ਸੀ। ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਸੂਬਾ ਆਗੂ ਤੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਰੋਡੇ ਖੁਰਦ, ਨੌਜਵਾਨ ਭਾਰਤ ਸਭਾ ਦੇ ਸੂਬਾ ਸਕੱਤਰ ਕਰਮਜੀਤ ਸਿੰਘ ਮਾਣੂੰਕੇ, ਇਸਤਰੀ ਜਾਗ੍ਰਿਤੀ ਮੰਚ ਦੇ ਆਗੂ ਚਰਨਜੀਤ ਕੌਰ, ਪਰਿਵਾਰਕ ਮੈਂਬਰ ਨਵਚਰਨਪ੍ਰੀਤ ਨੇ ਸੰਬੋਧਨ ਕੀਤਾ। ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਜਗਤਾਰ ਸਿੰਘ ਤਾਰੀ ਅਤੇ ਸ਼ਹੀਦ ਚਰਨ ਮਾਣੂੰਕੇ ਦੇ ਦੋਸਤ ਸੁਰਜੀਤ ਖੋਟੇ ਨੇ ਹਾਜ਼ਰੀ ਲਵਾਈ। ਇਸ ਬਰਸੀ ਦਾ ਪ੍ਰਬੰਧ ਸਾਥੀ ਚੇਤ ਸਿੰਘ ਮਾਣੂੰਕੇ, ਸਵਰਨ ਸਿੰਘ ਮਾਣੂੰਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਬੇਅੰਤ ਸਿੰਘ ਮੱਲੇਆਣਾ ਵਧੀਆ ਢੰਗ ਨਾਲ ਚਲਾਇਆ। ਸਟੇਜ ਦੀ ਭੂਮਿਕਾ ਨੌਜਵਾਨ ਭਾਰਤ ਸਭਾ ਦੇ ਆਗੂ ਰਾਜਦੀਪ ਸਿੰਘ ਵੱਲੋਂ ਨਿਭਾਈ ਗਈ।