- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ

ਮਨਪ੍ਰੀਤ ਸਿੰਘ ਮੱਲੇਆਣਾ ਪੰਜਾਬੀ ਜਾਗਰਣ, ਮੋਗਾ: ਮੋਗਾ ਜ਼ਿਲ੍ਹੇ ਦੇ ਹਲਕਾ ਨਿਹਾਲ ਸਿੰਘ ਵਾਲਾ ਦੇ ਦੋ ਪਿੰਡਾਂ ਮੱਲੇਆਣਾ ਅਤੇ ਦੌਧਰ ਦੇ ਕਿਸਾਨਾਂ ਵਿਚ ਉਸ ਵਕਤ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਪੰਜਾਬ ਸਰਕਾਰ ਵੱਲੋਂ ਕੋਲੋਂ ਲੰਘਦੀ ਅਬੋਹਰ ਬਰਾਂਚ ਨਹਿਰ ’ਚੋਂ ਸਿੰਚਾਈ ਲਈ ਪਾਣੀ ਦੇਣ ਵਾਸਤੇ ਅੰਡਰ ਗਰਾਊਂਡ ਪਾਈਪਾਂ ਪਾਉਣ ਦੀ ਸ਼ੁਰੂਆਤ ਕੀਤੀ ਗਈ। ਕਿਸਾਨਾਂ ਨੇ ਇਸ ਸਮੇਂ ਅਰਦਾਸ ਕਰਕੇ ਪਾਈਪ ਪਾਉਣ ਦੀ ਅਰੰਭਤਾ ਕਰਵਾਈ। ਇਸ ਤਰ੍ਹਾਂ 480 ਏਕੜ ਵਾਹੀਯੋਗ ਜ਼ਮੀਨ ਨੂੰ ਅਜ਼ਾਦੀ ਉਪਰੰਤ ਪਹਿਲੀ ਵਾਰ ਸਿੰਚਾਈ ਲਈ ਪਾਣੀ ਮਿਲੇਗਾ। ਇਸ ਵਿਚ ਬਹੁਤਾ ਰਕਬਾ ਮੱਲ੍ਹੇਆਣਾ ਪਿੰਡ ਦਾ ਹੈ ਜਦ ਕਿ ਕੁੱਝ ਰਕਬਾ ਦੌਧਰ ਪਿੰਡ ਦਾ ਵੀ ਹੈ। ਦੋਵਾਂ ਪਿੰਡਾਂ ਦੇ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ ਉਚੇਚਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਕਿਸਾਨਾਂ ਦੀ ਲੰਬੇ ਸਮੇਂ ਤੋਂ ਲਟਕਦੀ ਆ ਰਹੀ ਅਹਿਮ ਸਮੱਸਿਆ ਦਾ ਹੱਲ ਕੀਤਾ ਹੈ।
ਕਿਸਾਨਾਂ ਨੇ ਕੀਤਾ ਸ਼ੁਕਰਾਨਾ
ਕਿਸਾਨ ਜਗਦੀਸ਼ ਸਿੰਘ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਮੱਲੇਆਣਾ, ਕਿਸਾਨ ਮੰਗਲ ਸਿੰਘ ਕਿਸਾਨ ਗੁਰਜੰਟ ਸਿੰਘ, ਕਿਸਾਨ ਅੰਮ੍ਰਿਤਪਾਲ ਸਿੰਘ ਅਤੇ ਨੀਲਾ ਸਿੰਘ ਦੌਧਰ ਸਮੇਤ ਇਨ੍ਹਾਂ ਦੋਵਾਂ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਅਸੀਂ ਨਹਿਰ ਦੇ ਨੇੜੇ ਹੋਣ ਦੇ ਬਾਵਜੂਦ ਆਪਣੇ ਖੇਤਾਂ ਦੀ ਸਿੰਚਾਈ ਨਹਿਰੀ ਪਾਣੀ ਨਾਲ ਕਰਨ ਤੋਂ ਅਸਮਰੱਥ ਸੀ ਕਿਉਂਕਿ ਬਹੁਤ ਵਾਰ ਅਪੀਲਾਂ ਕਰਨ ਦੇ ਬਾਵਜੂਦ ਕਿਸੇ ਵੀ ਸਰਕਾਰ ਨੇ ਸਾਡਾ ਮਸਲਾ ਹੱਲ ਨਹੀਂ ਕੀਤਾ ਸੀ। ਹੁਣ ਅਸੀਂ ਆਪਣੀ ਸਮੱਸਿਆ ਹਲਕੇ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੂੰ ਦੱਸੀ ਤਾਂ ਉਨ੍ਹਾਂ ਨੇ ਨਿਜੀ ਦਿਲਚਸਪੀ ਲੈ ਕੇ ਸਾਡੀ ਇਸ ਪਹਾੜ ਜਿਡੀ ਸਮੱਸਿਆ ਨੂੰ ਹੱਲ ਕਰਵਾ ਦਿੱਤਾ। ਅੰਡਰਗਰਾਊਂਡ ਪਾਈਪਾਂ ਪਾਉਣ ਸਦਕਾ ਹੁਣ ਸਾਡੇ ਖੇਤਾਂ ਦੀ ਪਿਆਸ ਤ੍ਰਿਪਤ ਹੋਵੇਗੀ। ਨਹਿਰੀ ਪਾਣੀ ਸਦਕਾ ਧਰਤੀ ਹੇਠਲੇ ਪਾਣੀ ਦੀ ਖਪਤ ਘਟੇਗੀ ਅਤੇ ਨਹਿਰ ਦੇ ਗੁਣਵੱਤਾ ਵਾਲੇ ਪਾਣੀ ਸਦਕਾ ਜ਼ਮੀਨ ਦੀ ਉਪਜਾਊ ਸ਼ਕਤੀ ਵਧੇਗੀ। ਇਸ ਤਰ੍ਹਾਂ ਸਾਡੀਆਂ ਫ਼ਸਲਾਂ ਦਾ ਝਾੜ ਵੀ ਵਧੇਗਾ।
ਕੀ ਕਹਿਣਾ ਹੈ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦਾ
ਇਸ ਪ੍ਰੋਜੈਕਟ ਬਾਰੇ ਜਦੋਂ ਹਲਕਾ ਨਿਹਾਲ ਸਿੰਘ ਵਾਲਾ ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਨਹਿਰੀ ਪਾਣੀ ਵੱਧ ਤੋਂ ਵੱਧ ਖੇਤਾਂ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਇਨ੍ਹਾਂ ਦਿਨਾਂ ਦੌਰਾਨ ਹੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਨੇ ਨਵੇਂ ਮੋਘੇ ਲਾਉਣ ਲਈ ਜ਼ਮੀਨ ਦੀ ਘੱਟੋ-ਘੱਟ ਹੱਦ ਦੀ ਸ਼ਰਤ ਖ਼ਤਮ ਕਰਕੇ ਕਿਸਾਨ ਪੱਖੀ ਫੈਸਲਾ ਲਿਆ ਹੈ। ਇਸ ਤੋਂ ਪਹਿਲਾਂ ਵੀ ਸਰਕਾਰ ਨੇ ਟੇਲਾਂ ਤੱਕ ਪਾਣੀ ਪਹੁੰਚਾਉਣ ਦਾ ਵਾਅਦਾ ਪੂਰਾ ਕੀਤਾ ਹੈ। ਵਿਧਾਇਕ ਨੇ ਖ਼ੁਲਾਸਾ ਕੀਤਾ ਕਿ ਸਰਕਾਰ ਚਾਹੁੰਦੀ ਹੈ ਕਿ ਨਹਿਰੀ ਪਾਣੀ ਵੱਧ ਤੋਂ ਵੱਧ ਖੇਤੀਯੋਗ ਜ਼ਮੀਨ ਨੂੰ ਲੱਗੇ ਤਾਂ ਕਿ ਧਰਤੀ ਹੇਠਲੇ ਪਾਣੀ ਦੀ ਖ਼ਪਤ ਘਟੇ। ਅਜਿਹਾ ਕਰਕੇ ਅਸੀਂ ਧਰਤੀ ਹੇਠਲੇ ਕੀਮਤੀ ਜਲ ਭੰਡਾਰ ਨੂੰ ਭਵਿੱਖ ਦੀਆਂ ਪੀੜ੍ਹੀਆਂ ਲਈ ਮਹਿਫੂਜ਼ ਰੱਖ ਸਕਣ ਦੇ ਸਮਰੱਥ ਹੋਵਾਂਗਾ। ਪੰਜਾਬ ਨੂੰ ਬੰਜਰ ਹੋਣ ਤੋਂ ਬਚਾਉਣ ਪ੍ਰਤੀ ਸੂਬਾ ਸਰਕਾਰ ਬੇਹੱਦ ਸੰਜੀਦਾ ਹੈ।