ਚੰਦ ਨਵਾਂ ’ਚ ਕਬੱਡੀ ਕੱਪ ਦੀ ਸ਼ੁਰੂਆਤ
ਜ਼ਿਲ੍ਹੇ ਅੰਦਰ ਪੈਂਦੇ ਪਿੰਡ ਚੰਦ ਨਵਾਂ
Publish Date: Thu, 26 Feb 2026 03:49 PM (IST)
Updated Date: Fri, 27 Feb 2026 04:01 AM (IST)

ਵਕੀਲ ਮਹਿਰੋਂ, ਪੰਜਾਬੀ ਜਾਗਰਣ, ਮੋਗਾ: ਜ਼ਿਲ੍ਹੇ ਅੰਦਰ ਪੈਂਦੇ ਪਿੰਡ ਚੰਦ ਨਵਾਂ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ, ਸਪੋਰਟਸ ਕਲੱਬ, ਐੱਨਆਰਆਈ ਵੀਰਾਂ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ 19ਵਾਂ ਵਿਸ਼ਾਲ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਦੀ ਸ਼ੁਰੂਆਤ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਅਰਦਾਸ ਕਰਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਅਰਦਾਸ ਦੌਰਾਨ ਖੇਡਾਂ ਦੀ ਕਾਮਯਾਬੀ, ਖਿਡਾਰੀਆਂ ਦੀ ਚੜ੍ਹਦੀ ਕਲਾ, ਪਿੰਡ ਦੀ ਤਰੱਕੀ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਵਿਸ਼ੇਸ਼ ਬੇਨਤੀ ਕੀਤੀ ਗਈ। ਅਰਦਾਸ ਤੋਂ ਬਾਅਦ ਜੈਕਾਰਿਆਂ ਨਾਲ ਟੂਰਨਾਮੈਂਟ ਦੀ ਰਸਮੀ ਸ਼ੁਰੂਆਤ ਹੋਈ। ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ ਨੇ ਆਪਣੇ ਪ੍ਰੇਰਕ ਸੰਬੋਧਨ ਵਿਚ ਕਿਹਾ ਕਿ ਅੱਜ ਪੰਜਾਬ ਦੀ ਨੌਜਵਾਨ ਪੀੜੀ ਇਕ ਨਾਜ਼ੁਕ ਮੋੜ ’ਤੇ ਖੜ੍ਹੀ ਹੈ। ਨਸ਼ਿਆਂ ਦੀ ਵਧਦੀ ਲਤ ਨੇ ਅਨੇਕਾਂ ਘਰ ਬਰਬਾਦ ਕੀਤੇ ਹਨ ਅਤੇ ਨੌਜਵਾਨਾਂ ਦੇ ਸੁਪਨੇ ਅਧੂਰੇ ਰਹਿ ਗਏ ਹਨ। ਉਨ੍ਹਾਂ ਕਿਹਾ ਕਿ ਨਸ਼ੇ ਸਿਰਫ਼ ਸਰੀਰ ਨੂੰ ਹੀ ਨਹੀਂ, ਸਗੋਂ ਮਨ, ਆਤਮਾ ਅਤੇ ਪਰਿਵਾਰਕ ਸਬੰਧਾਂ ਨੂੰ ਵੀ ਤਬਾਹ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਖੇਡਾਂ ਹੀ ਉਹ ਮਾਧਿਅਮ ਹਨ ਜੋ ਨੌਜਵਾਨਾਂ ਨੂੰ ਸਿਹਤਮੰਦ ਜੀਵਨ, ਅਨੁਸ਼ਾਸਨ, ਸਹਿਯੋਗ ਅਤੇ ਦੇਸ਼ਭਗਤੀ ਦੀ ਭਾਵਨਾ ਨਾਲ ਜੋੜਦੀਆਂ ਹਨ। ਕਬੱਡੀ ਵਰਗੀ ਰਵਾਇਤੀ ਖੇਡ ਪੰਜਾਬ ਦੀ ਸ਼ਾਨ ਹੈ ਅਤੇ ਇਹ ਸਾਡੇ ਵਿਰਸੇ, ਹਿੰਮਤ ਅਤੇ ਇਕਤਾ ਦੀ ਪ੍ਰਤੀਕ ਹੈ। ਜੇ ਨੌਜਵਾਨ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਤਾਂ ਉਹ ਨਾ ਸਿਰਫ਼ ਨਸ਼ਿਆਂ ਤੋਂ ਬਚ ਸਕਦੇ ਹਨ ਸਗੋਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਦੇ ਮਾਪਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਦੀ ਸੰਗਤ ਅਤੇ ਦਿਨਚਰਿਆ ’ਤੇ ਧਿਆਨ ਦੇਣ ਅਤੇ ਉਨ੍ਹਾਂ ਨੂੰ ਮੋਬਾਈਲ ’ਤੇ ਬੇਕਾਰ ਗਤੀਵਿਧੀਆਂ ਤੋਂ ਦੂਰ ਰੱਖ ਕੇ ਖੇਡਾਂ ਅਤੇ ਪੜ੍ਹਾਈ ਵੱਲ ਪ੍ਰੇਰਿਤ ਕਰਨ। ਉਨ੍ਹਾਂ ਨੇ ਪਿੰਡਾਂ ਵਿਚ ਖੇਡ ਮੈਦਾਨਾਂ ਦੀ ਸੰਭਾਲ ਅਤੇ ਨਵੀਆਂ ਖੇਡ ਸੁਵਿਧਾਵਾਂ ਦੇ ਵਿਕਾਸ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਇਲਾਕਾ ਨਿਵਾਸੀਆਂ ਨੇ ਆਯੋਜਕ ਕਮੇਟੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਖੇਡ ਮੇਲੇ ਨੌਜਵਾਨਾਂ ਨੂੰ ਸਹੀ ਦਿਸ਼ਾ ਦਿੰਦੇ ਹਨ ਅਤੇ ਪਿੰਡਾਂ ਵਿਚ ਭਾਈਚਾਰੇ ਨੂੰ ਮਜ਼ਬੂਤ ਕਰਦੇ ਹਨ। ਇਸ ਮੌਕੇ ਪਿੰਡ ਦੇ ਸਰਪੰਚ ਮਿੱਠੂ ਸਿੰਘ, ਬਲਜੀਤ ਸਿੰਘ ਬਰਾੜ, ਜੱਗਾ ਸਿੰਘ, ਰਣਜੀਤ ਸਿੰਘ ਰਾਣਾ, ਬੋਬੀ ਬਰਾੜ, ਗੁਰਪ੍ਰੀਤ ਸਿੰਘ ਢਿੱਲੋਂ, ਲਾਲਾ ਨੰਬਰਦਾਰ, ਗੀਤਾ ਠੇਕੇਦਾਰ ਸਮੇਤ ਅਨੇਕਾਂ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਵੱਡੀ ਗਿਣਤੀ ਵਿਚ ਐੱਨਆਰਆਈ ਵੀਰਾਂ ਨੇ ਸ਼ਿਰਕਤ ਕੀਤੀ।