ਵਿਧਾਇਕਾ ਡਾ. ਅਰੋੜਾ ਨੇ ਸੌ ਉਦੱਮੀ ਔਰਤਾਂ ਨੂੰ ਕੀਤਾ ਸਨਮਾਨਿਤ
ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ
Publish Date: Tue, 17 Mar 2026 05:01 PM (IST)
Updated Date: Wed, 18 Mar 2026 04:07 AM (IST)

ਮਨਪ੍ਰੀਤ ਸਿੰਘ ਮੱਲੇਆਣਾ, ਪੰਜਾਬੀ ਜਾਗਰਣ ਮੋਗਾ:ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਜਰੀਏ ਔਰਤਾਂ ਦੇ ਸਸ਼ਕਤੀਕਰਨ ਵਿਚ ਵਾਧਾ ਕਰਨ ਲਈ ਯਤਨ ਜਾਰੀ ਹਨ। ਇਸ ਮਿਸ਼ਨ ਤਹਿਤ ਮਹਿਲਾ ਉੱਦਮਤਾ ਪਲੇਟਫਾਰਮ ਮਹਿਲਾ ਉੱਦਮੀਆਂ ਲਈ ਇਕ ਸਮਰੱਥ ਵਾਤਾਵਰਣ ਪ੍ਰਣਾਲੀ ਬਣਾਉਣ ਲਈ ਤਿਆਰ ਕੀਤੀ ਗਈ ਹੈ। ਇਹ ਮਹਿਲਾ ਉੱਦਮੀਆਂ ਦੇ ਸੁਪਨਿਆਂ ਨੂੰ ਸਾਕਾਰ ਕਰਨ, ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਕਾਰੋਬਾਰਾਂ ਲਈ ਟਿਕਾਊ ਰਣਨੀਤੀਆਂ ਵਿਕਸਿਤ ਕਰਨ ਲਈ ਸ਼ਕਤੀ ਪ੍ਰਦਾਨ ਕਰਦੀ ਹੈ। ਇਸ ਮਿਸ਼ਨ ਜ਼ਰੀਏ ਉੱਦਮੀ ਔਰਤਾਂ ਆਪਣਾ ਕਾਰੋਬਾਰ ਸ਼ੁਰੂ ਕਰਕੇ ਹੋਰਨਾਂ ਲਈ ਵੀ ਰੁਜ਼ਗਾਰ ਦੇ ਸਾਧਨ ਬਣ ਰਹੀਆਂ ਹਨ। ਇਹ ਪ੍ਰਗਟਾਵਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਆਪਣਾ ਕਾਰੋਬਾਰ ਆਪਣੀ ਪਛਾਣ ਮੁਹਿੰਮ ਤਹਿਤ ਮਹਿਲਾ ਉੱਦਮੀਆਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਨ ਲਈ ਰੱਖੇ ਗਏ ਵਿਸ਼ੇਸ਼ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਵੱਡੀ ਗਿਣਤੀ ਵਿਚ ਮੋਗਾ ਦੀਆਂ ਔਰਤਾਂ ਵੀ ਇਸ ਮਿਸ਼ਨ ਦਾ ਲਾਭ ਪ੍ਰਾਪਤ ਕਰਕੇ ਹੋਰਨਾਂ ਲਈ ਰੁਜ਼ਗਾਰ ਦਾ ਸਾਧਨ ਅਤੇ ਪ੍ਰੇਰਨਾ ਸਰੋਤ ਬਣ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਪਣਾ ਕਾਰੋਬਾਰ ਆਪਣੀ ਪਛਾਣ ਮੁਹਿੰਮ ਦੇ ਤਹਿਤ ਮਹਿਲਾ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਲਈ ਇਕ ਆਨਲਾਈਨ ਪੋਰਟਲ ਤਿਆਰ ਕੀਤਾ ਗਿਆ ਸੀ ਜਿਸ ਮਹਿਲਾ ਉਦਯੋਗਪਤੀਆਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਸ ਤਹਿਤ ਹਲਕਾ ਪੱਧਰ ’ਤੇ 600 ਅਰਜ਼ੀਆਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ’ਚੋਂ ਵਿਸ਼ੇਸ਼ ਕਾਰਗੁਜ਼ਾਰੀ ਵਾਲੀਆਂ ਚੁਣੀਆਂ ਗਈਆਂ 100 ਮਹਿਲਾਵਾਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਉੱਦਮੀਆਂ ਵਿਚੋਂ ਰਾਜ ਪੱਧਰੀ ਸਮਾਗਮ ਵਿਚ ਵੀ ਸਨਮਾਨਿਤ ਕੀਤਾ ਜਾ ਸਕਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕੁਲਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ 23000 ਤੋਂ ਵੱਧ ਮਹਿਲਾਵਾਂ ਸੈਲਫ਼ ਹੈਲਪ ਗਰੁੱਪਾਂ ਨਾਲ ਜੁੜ ਕੇ ਬਚਤ, ਕਰਜ਼ਾ ਅਤੇ ਆਜੀਵਿਕਾ ਗਤੀਵਿਧਈਆਂ ਵਿਚ ਸਰਗਰਮ ਭੂਮਿਕਾ ਨਿਭਾਅ ਰਹੀਆਂ ਹਨ। ਇਨ੍ਹਾਂ ਸੈਲਫ ਹੈਲਪ ਗਰੁੱਪਾਂ ਵੱਲੋਂ ਲੱਗਭੱਗ 20000 ਵਰਦੀਆਂ ਦੀ ਸਿਲਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਬਾਘਾਪੁਰਾਣਾ ਅਤੇ ਮੋਗਾ -2 ਬਲਾਕਾਂ ’ਚੋਂ 4 ਖੇਤੀਬਾੜੀ ਡਰੋਨ ਵੰਡੇ ਗਏ ਹਨ। ਪਿੰਡ ਰੱਤੀਆਂ ਦੀ ਜਸਵਿੰਦਰ ਕੌਰ ਨੇ ਡਰੋਨ ਰਾਹੀਂ ਦੇਸ਼ ਵਿਚ ਸਭ ਤੋਂ ਵੱਧ ਖੇਤਰ ਵਿਚ ਛਿੜਕਾਅ ਕਰਕੇ ਇਕ ਕੌਮੀ ਪੱਧਰ ਦੀ ਉਪਲੱਭਧੀ ਹਾਸਲ ਕੀਤੀ ਹੈ ਜਿਹੜੀ ਕਿ ਜ਼ਿਲ੍ਹਾ ਮੋਗਾ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਚੇਅਰਮੈਨ ਹਰਜਿੰਦਰ ਕੋਕਰੀ, ਹਰਿੰਦਰਪਾਲ ਕੌਰ ਪੰਡੋਰੀ ਹਲਕਾ ਕੋਆਰਡੀਨੇਟਰ, ਜ਼ਿਲ੍ਹਾ ਪ੍ਰੀਸ਼ਦ ਮੌਂਬਰ ਮਨਦੀਪ ਕੌਰ ਖੰਭੇ, ਦਰਸ਼ਨ ਕੌਰ ਹਲਕਾ ਕੋਆਰਡੀਨੇਟਰ, ਲਵਲੀ ਸਿੰਗਲਾ ਜ਼ਿਲ੍ਹਾ ਸੈਕਟਰੀ, ਜਸਪ੍ਰੀਤ ਕੌਰ ਹਲਕਾ ਕੋਆਰਡੀਨੇਟਰ, ਇੰਦਰਜੀਤ ਕੌਰ ਬਲਾਕ ਪ੍ਰਧਾਨ ਮੋਗਾ ਅਤੇ ਗਗਨਦੀਪ ਸ਼ਾਹੀ ਆਦਿ ਹਾਜ਼ਰ ਸਨ।