ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ਪੀਲਾ ਪੰਜਾ
ਪੰਜਾਬ ਸਰਕਾਰ ਵੱਲੋਂ ਨਜਾਇਜ਼ ਕਬਜ਼ਿਆਂ ਨੂੰ
Publish Date: Thu, 26 Feb 2026 07:40 PM (IST)
Updated Date: Thu, 26 Feb 2026 07:43 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਮੁਹਿੰਮ ਤਹਿਤ ਸਮੇਂ-ਸਮੇਂ ’ਤੇ ਸਖ਼ਤ ਹੁਕਮ ਕੀਤੇ ਜਾ ਰਹੇ ਹਨ। ਅਨੇਕਾਂ ਵਾਰ ਲੋਕਾਂ ਵੱਲੋਂ ਬੀਬੜੀਆਂ ਵਾਲੇ ਬੱਸ ਅੱਡੇ ਦੇ ਸਾਹਮਣੇ ਰੂੜੀਆਂ ਲਗਾ ਕੇ ਨਗਰ ਕੌਂਸਲ ਬਰੇਟਾ ਦੀ ਜਗ੍ਹਾ ’ਤੇ ਨਾਜਾਇਜ਼ ਕਬਜ਼ੇ ਕੀਤੇ ਹੋਏ ਸੀ। ਪਰ ਉੱਚ ਅਧਿਕਾਰੀਆਂ ਵੱਲੋਂ ਸੂਚਿਤ ਕਰਨ ਦੇ ਬਾਵਜੂਦ ਵੀ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ ਅਤੇ ਪ੍ਰਸ਼ਾਸਨ ਵੱਲੋਂ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਵੀ ਬਰੇਟਾ ਵਿੱਚ ਹੋਰ ਥਾਵਾਂ ’ਤੇ ਵੀ ਨਾਜਾਇਜ਼ ਕਬਜ਼ਿਆਂ ਦੀ ਭਰਮਾਰ ਹੈ। ਪੰਜਾਬ ਸਰਕਾਰ ਨੇ ਬਰੇਟਾ ਵਿਖੇ ਮੁਹੱਲਾ ਕਲੀਨਿਕ ਬਣਾਉਣ ਲਈ ਜਗ੍ਹਾ ਨਗਰ ਕੌਂਸਲ ਬਰੇਟਾ ਨੂੰ ਸੂਚਿਤ ਕੀਤਾ ਤਾਂ ਸਾਰੇ ਕੌਂਸਲਰਾਂ ਨੇ ਮਤਾ ਪਾਸ ਕਰ ਕੇ ਇਸ ਜਗ੍ਹਾ ਨੂੰ ਸਿਲੈਕਟ ਕੀਤਾ, ਜਿਸ ਕਾਰਨ ਬਰੇਟਾ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਸਿਕੰਦਰ ਸਿੰਘ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਥਾਣਾ ਮੁਖੀ ਮੇਲਾ ਸਿੰਘ ਦੀ ਅਗਵਾਈ ਵਿੱਚ ਮਿਊਂਸੀਪਲ ਕਮੇਟੀ ਦੀ ਜਗ੍ਹਾ ਤੋਂ ਪੀਲੇ ਪੰਜੇ ਦੀ ਮਦਦ ਨਾਲ ਨਾਜਾਇਜ਼ ਕਬਜ਼ਾ ਛੁਡਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ’ਤੇ ਮੁਹੱਲਾ ਕਲੀਨਿਕ ਅਤੇ ਪਬਲਿਕ ਦੇ ਬੈਠਣ ਲਈ ਪ੍ਰਬੰਧ ਕੀਤਾ ਜਾਵੇਗਾ। ਨਗਰ ਕੌਂਸਲ ਦੇ ਕਰਮਚਾਰੀ ਨੀਲ ਸ਼ਰਮਾ ਨੇ ਦੱਸਿਆ ਕਿ ਕਬਜ਼ਾ ਧਾਰਕਾਂ ਦੇ ਵਿਰੋਧ ਕਰਨ ਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਮਿਊਂਸੀਪਲ ਕਮੇਟੀ ਦੀ ਤਕਰੀਬਨ ਢਾਈ ਕਨਾਲ ਜਗ੍ਹਾ ਤੋਂ ਕਬਜ਼ਾ ਛੁਡਵਾਇਆ ਗਿਆ। ਇਸ ਮੌਕੇ ਨਗਰ ਕੌਂਸਲ ਦੇ ਕਰਮਚਾਰੀ ਅਤੇ ਭਾਰੀ ਗਿਣਤੀ ਵਿੱਚ ਪੁਲਿਸ ਪਾਰਟੀ ਮੌਜੂਦ ਸਨ।