- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮਾਈ ਭਾਗੋ ਸੰਸਥਾ ਰੱਲਾ ਵਿਖੇ ਪ੍ਰਿੰਸੀਪਲ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਮਾਈ ਭਾਗੋ ਸੰਸਥਾ ਰੱਲਾ ਵਿਖੇ ਪ੍ਰਿੰਸੀਪਲ ਡਾ. ਪਰਮਿੰਦਰ ਕੁਮਾਰੀ ਦੀ ਰਹਿਨੁਮਾਈ ਹੇਠ ਤੇ ਐੱਨਐੱਸਐੱਸ ਵਿਭਾਗ ਦੀ ਅਗਵਾਈ ਸਦਕਾ ਆਯੋਜਿਤ ਸੱਤ ਰੋਜ਼ਾ ਕੈਂਪ ਦੌਰਾਨ ਵਿਸ਼ਵ ਸਾਇੰਸ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਦਿਵਸ ਦਾ ਮੁੱਖ ਉਦੇਸ਼ ਵਿਦਿਆਰਥੀਆਂ ’ਚ ਵਿਗਿਆਨ ਪ੍ਰਤੀ ਰੁੱਚੀ ਪੈਦਾ ਕਰਨਾ ਅਤੇ ਆਲੋਚਨਾਤਮਕ ਸੋਚ ਦੇ ਵਿਕਾਸ ਨੂੰ ਉਤਸ਼ਾਹਿਤ ਕਰਨਾ ਸੀ। ਕੈਂਪ ਦੇ ਪਹਿਲੇ ਸੈਸ਼ਨ ਦੌਰਾਨ ਵਿਦਿਆਰਥੀਆਂ ਅੰਦਰ ਆਲੋਚਨਾਤਮਕ ਸੋਚ ਦੇ ਵਿਕਾਸ ਸਬੰਧੀ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰੋਫ਼ੈਸਰ ਮਨਰੀਤ ਕੌਰ ਸਿੱਧੂ (ਇੰਗਲਿਸ਼ ਵਿਭਾਗ), ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਮਾਨਸਾ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ। ਆਪਣੇ ਸੰਬੋਧਨ ਵਿੱਚ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਸਵਾਲ ਪੁੱਛਣ ਅਤੇ ਤਰਕਸੰਗਤ ਵਿਚਾਰ ਪ੍ਰਗਟ ਕਰਨ ਦੀ ਪ੍ਰਵਿਰਤੀ ਦਾ ਵਿਕਾਸ ਸਮੇਂ ਦੀ ਲੋੜ ਹੈ। ਵਿਗਿਆਨ ਸਿਰਫ਼ ਕਿਤਾਬੀ ਗਿਆਨ ਤੱਕ ਸੀਮਿਤ ਨਹੀਂ, ਸਗੋਂ ਜੀਵਨ ਦੇ ਹਰੇਕ ਖੇਤਰ ਵਿੱਚ ਤਰਕ, ਤਜਰਬੇ ਅਤੇ ਪ੍ਰਯੋਗ ਦੇ ਆਧਾਰ ’ਤੇ ਸੱਚਾਈ ਤੱਕ ਪਹੁੰਚਣ ਦਾ ਮਾਰਗ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਨਵੀਂ ਸੋਚ ਤੇ ਖੋਜੀ ਰੁਝਾਨ ਅਪਣਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਹਾਇਕ ਪ੍ਰੋਫ਼ੈਸਰ ਸ਼ਮਸੇਰ ਸਿੰਘ ਨੇ ਮੁੱਖ ਬੁਲਾਰੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਲੈਕਚਰ ਵਿਦਿਆਰਥੀਆਂ ਲਈ ਪ੍ਰੇਰਣਾਦਾਇਕ ਸਾਬਤ ਹੁੰਦੇ ਹਨ। ਕੈਂਪ ਦੇ ਦੂਸਰੇ ਸੈਸ਼ਨ ਦੌਰਾਨ ਸਾਇੰਸ ਵਿਭਾਗ ਦੇ ਮੁਖੀ ਸਹਾਇਕ ਪ੍ਰੋਫ਼ੈਸਰ ਪਾਰੁਲ ਗੁਪਤਾ ਤੇ ਸਹਾਇਕ ਪ੍ਰੋਫ਼ੈਸਰ ਮਨਪ੍ਰੀਤ ਕੌਰ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਵਿਸ਼ਵ ਸਾਇੰਸ ਦਿਵਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਸਾਇੰਸ ਗਰੁੱਪ ਦੇ ਵਿਦਿਆਰਥੀਆਂ ਵੱਲੋਂ ਬਿਹਤਰੀਨ ਮਾਡਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਅਤੇ ਵੱਖ-ਵੱਖ ਵਿਗਿਆਨਕ ਪ੍ਰਯੋਗ ਪੇਸ਼ ਕਰਕੇ ਆਪਣੀ ਪ੍ਰਯੋਗਾਤਮਕ ਸਮਰੱਥਾ ਦਾ ਪ੍ਰਦਰਸ਼ਨ ਕੀਤਾ ਗਿਆ। ਵਿਦਿਆਰਥੀਆਂ ਨੇ ਸਧਾਰਣ ਸਾਧਨਾਂ ਨਾਲ ਕੀਤੇ ਪ੍ਰਯੋਗਾਂ ਰਾਹੀਂ ਵੱਡਮੁੱਲੀ ਅਤੇ ਰੌਚਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਯੋਗੀ ਸਿੱਖਿਆ ਹੀ ਅਸਲ ਸਿੱਖਿਆ ਹੈ। ਉਨ੍ਹਾਂ ਕਿਹਾ ਕਿ ਸਮਾਜ ਦੇ ਹਰੇਕ ਖੇਤਰ ਦਾ ਝੁਕਾਅ ਸਮਾਜਿਕ ਬਿਹਤਰੀ ਵੱਲ ਹੋਣਾ ਚਾਹੀਦਾ ਹੈ ਅਤੇ ਇਹ ਰੁਝਾਨ ਗੁਣਵੱਤਾਪੂਰਨ ਸਿੱਖਿਆ ਰਾਹੀਂ ਹੀ ਵਿਕਸਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਅਪਣਾਉਣ ਅਤੇ ਸਮਾਜ ਦੇ ਵਿਕਾਸ ’ਚ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਸਮਾਗਮ ਦੌਰਾਨ ਸੰਸਥਾ ਦੇ ਚੇਅਰਮੈਨ ਡਾ. ਬਲਵਿੰਦਰ ਸਿੰਘ ਬਰਾੜ, ਮੈਨੇਜਿੰਗ ਡਾਇਰੈਕਟਰ ਕੁਲਦੀਪ ਸਿੰਘ ਖਿਆਲਾ, ਸਕੱਤਰ ਮਨਜੀਤ ਸਿੰਘ ਖਿਆਲਾ, ਵਾਈਸ ਚੇਅਰਮੈਨ ਪਰਮਜੀਤ ਸਿੰਘ ਬੁਰਜ ਹਰੀ ਅਤੇ ਆਫਿਸ ਐਡਮਿਨਿਸਟ੍ਰੇਟਰ ਮੈਡਮ ਲਵਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਵਿਸ਼ਵ ਸਾਇੰਸ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ ਤੇ ਭਵਿੱਖ ਵਿੱਚ ਵੀ ਅਜਿਹੀਆਂ ਰਚਨਾਤਮਕ ਸਰਗਰਮੀਆਂ ਕਰਵਾਉਣ ਦੀ ਵਚਨਬੱਧਤਾ ਪ੍ਰਗਟ ਕੀਤੀ। ਇਸ ਮੌਕੇ ਸਮੂਹ ਅਧਿਆਪਕ ਸਾਹਿਬਾਨ ਤੇ ਵਿਦਿਆਰਥੀ ਹਾਜ਼ਰ ਸਨ।