ਐੱਸਯੂਐੱਸ ਅਕੈਡਮੀ ਸਤੌਜ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ
ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ
Publish Date: Thu, 23 Apr 2026 03:54 PM (IST)
Updated Date: Fri, 24 Apr 2026 04:01 AM (IST)

ਵਿਦਿਆਰਥੀਆਂ ਨੇ ਧਰਤੀ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਲਿਆ ਅਹਿਦ ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ ਹੀਰੋਂ ਖ਼ੁਰਦ : ਸੰਸਥਾ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਨੀਆ ਭਰ ਵਿਚ ਹਰ ਸਾਲ 22 ਅਪ੍ਰੈਲ ਨੂੰ ਮਨਾਏ ਜਾਂਦੇ “ਵਿਸ਼ਵ ਧਰਤੀ ਦਿਵਸ” ਨੂੰ ਸਮਰਪਿਤ ਇੱਕ ਪ੍ਰੋਗਰਾਮ ਕਰਵਾਇਆ। ਵਿਦਿਆਰਥੀਆਂ ਨੇ ਲੋਕ ਗੀਤ ਬੋਲ ਕੇ ਬੱਚਿਆਂ ਅਤੇ ਸਟਾਫ ਦਾ ਮਨ ਮੋਹ ਲਿਆ। ਇਸ ਦੌਰਾਨ ਵਿਦਿਆਰਥੀਆਂ ਨੇ ਵੱਖ ਵੱਖ ਝਲਕੀਆਂ ਦੀ ਪੇਸ਼ਕਸ਼ ਜਿਵੇ ਧਰਤੀ ਦੀ ਚਿੱਤਰਕਾਰੀ, ਧਰਤੀ ‘ਤੇ ਉਗਾਈਆਂ ਜਾਣ ਵਾਲੀਆਂ ਫ਼ਸਲਾਂ, ਦਰੱਖਤਾਂ ਤੇ ਫ਼ਲਦਾਰ ਬੂਟਿਆਂ ਦੀ ਤਸਵੀਰ ਪੇਸ਼ ਕਰ ਕੇ ਸਾਡੀ ਧਰਤੀ ਦੀ ਮਹੱਤਤਾ ਬਾਰੇ ਦੱਸਿਆ। ਵਿਦਿਆਰਥੀਆਂ ਨੇ ਧਰਤੀ ਦਿਵਸ ’ਤੇ ਇਹ ਅਹਿਦ ਲਿਆ ਕਿ ਅਸੀਂ ਆਪਣੇ ਰੋਜ਼ਾਨਾ ਜੀਵਨ ਵਿਚ ਘੱਟ ਤੋਂ ਘੱਟ ਪਲਾਸਟਿਕ ਦੀ ਵਰਤੋਂ ਕਰਾਂਗੇ। ਉਨ੍ਹਾਂ ਚੀਜ਼ਾਂ ਦੀ ਵਰਤੋਂ ਕਰਾਂਗੇ ਜੋ ਰੀਸਾਈਕਲ ਕੀਤੀਆਂ ਜਾ ਸਕਦੀਆਂ ਹਨ। ਸਾਨੂੰ ਹਰ ਦਿਨ ਹੀ ਧਰਤੀ ਦਿਵਸ ਦੀ ਤਰ੍ਹਾਂ ਬਤੀਤ ਕਰਦੇ ਹੋਏ ਧਰਤੀ ਨੂੰ ਬਚਾਉਣ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਸਾਡੀ ਧਰਤੀ ਸਵੱਛ ਤੇ ਸੁੰਦਰ ਦਿਖ ਸਕੇ। ਅੱਜ ਪੂਰੇ ਵਿਸ਼ਵ ’ਚ ਧਰਤੀ ਦਿਵਸ ਮਨਾਇਆ ਜਾ ਰਿਹਾ ਹੈ। 1970 ਵਿਚ ਸ਼ੁਰੂ ਕੀਤੇ ਗਏ ਇਸ ਦਿਵਸ ’ਤੇ ਸ਼ਹੀਦ ਊਧਮ ਸਿੰਘ ਅਕੈਡਮੀ ਸਤੌਜ ਦੇ ਵਿਦਿਆਰਥੀਆਂ ਵੱਲੋਂ ਧਰਤੀ ਦੀ ਸਾਂਭ-ਸੰਭਾਲ ਲਈ ਕੁਝ ਚੰਗਾ ਕਰਨ ਦਾ ਅਹਿਦ ਲਿਆ। ਸਮੁੱਚੇ ਬ੍ਰਹਿਮੰਡ ਦੇ ਸਾਰੇ ਗ੍ਰਹਿਆਂ ਵਿਚੋਂ ਧਰਤੀ ਸਭ ਤੋਂ ਉੱਤਮ ਗ੍ਰਹਿ ਮੰਨਿਆ ਜਾਂਦਾ ਹੈ ਕਿਉਂਕਿ ਸਾਡੇ ਹੁਣ ਤੱਕ ਦੇ ਗਿਆਨ ਮੁਤਾਬਕ ਸਿਰਫ਼ ਧਰਤੀ ’ਤੇ ਹੀ ਜੀਵਨ ਸੰਭਵ ਹੈ। ਧਰਤੀ ਦਿਵਸ ਮਨਾਉਣ ਦਾ ਮੁੱਖ ਕਾਰਨ ਇਹ ਹੈ ਕਿ ਮਨੁੱਖ ਆਪਣੇ ਜੀਵਨ ਵਿਚ ਧਰਤੀ ਦੀ ਮਹੱਤਤਾ ਨੂੰ ਸਮਝ ਸਕੇ। ਮਨੁੱਖ ਸਮਝ ਸਕੇ ਕਿ ਧਰਤੀ ਸਾਡੇ ਲਈ ਕਿੰਨੀ ਮਹੱਤਵਪੂਰਨ ਹੈ। ਇਸ ਦੌਰਾਨ ਅਕੈਡਮੀ ਚੇਅਰਮੈਨ ਕੁਲਵਿੰਦਰ ਸਿੰਘ ਚਹਿਲ ਨੇ ਵਿਦਿਆਰਥੀਆਂ ਨੂੰ ਇਸ ਮੌਕੇ ਸੱਚੇ ਅਰਥਾਂ ਵਿੱਚ ਕੁਦਰਤ ਨਾਲ ਜੁੜ੍ਹਨ ਦਾ ਸੰਦੇਸ਼ ਦਿੱਤਾ, ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਿੱਤਾ ਗਿਆ ਉਪਦੇਸ਼ ‘‘ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ’’ ਸਿਰਫ ਧਾਰਮਿਕ ਬੋਲ ਹੀ ਨਹੀਂ ਸਗੋਂ ਜੀਵਨ ਜਿਉਣ ਦੀ ਦਿਸ਼ਾ ਹੈ। ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਵਾ,ਪਾਣੀ ਅਤੇ ਧਰਤੀ ਕੁਦਰਤੀ ਸਰੋਤ ਹੀ ਨਹੀਂ, ਸਗੋਂ ਮਨੁੱਖੀ ਜੀਵਨ ਦੇ ਆਧਾਰ ਹਨ, ਮਨੁੱਖੀ ਸਰੀਰ ਦਾ ਵੱਡਾ ਹਿੱਸਾ ਪਾਣੀ ਤੋਂ ਬਣਿਆ ਅਤੇ ਧਰਤੀ ਦੇ ਤੱਤਾਂ ਨਾਲ ਉਸਦੀ ਰਚਨਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਧਰਤੀ ਗ੍ਰਹਿ ਹੀ ਸਾਡੀ ਅਸਲ ਤਾਕਤ ਹੈ, ਕਿਉਂਕਿ ਹਵਾ, ਪਾਣੀ ਤੇ ਮਿੱਟੀ ਮਨੁੱਖੀ ਜੀਵਨ ਦੇ ਮੁੱਖ ਅਧਾਰ ਹਨ। ਉਨ੍ਹਾਂ ਨੇ ਯਾਦ ਕਰਵਾਇਆ ਕਿ ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਹੀ ਧਰਤੀ ਨੂੰ ਮਾਂ ਦਾ ਦਰਜਾ ਦਿੱਤਾ ਸੀ।ਉਨ੍ਹਾਂ ਕਿਹਾ ਕਿ ਇਸ ਬ੍ਰਹਿਮੰਡ ਵਿਚ ਧਰਤੀ ਹੀ ਇਕੋ-ਇਕ ਐਸਾ ਗ੍ਰਹਿ ਹੈ, ਜਿਥੇ ਮਨੁੱਖੀ ਜੀਵਨ, ਪਾਣੀ ਤੇ ਬਨਸਪਤੀ ਮੌਜੂਦ ਹੈ। ਇਸ ਮੌਕੇ ਅਕੈਡਮੀ ਪ੍ਰਬੰਧਕ ਗੁਰਸ਼ਰਨ ਸਿੰਘ ਤੱਗੜ, ਰਾਜ ਕੁਮਾਰ ਵਸ਼ਿਸਟ, ਪ੍ਰਿੰਸੀਪਲ ਕੁਲਦੀਪ ਸਿੰਘ ਲਿੱਟ ਅਤੇ ਸਮੂਹ ਸਟਾਫ ਮੌਜੂਦ ਰਹੇ।