ਵਿਸ਼ਵ ਧਰਤੀ ਦਿਵਸ ’ਤੇ ਕਰਵਾਇਆ ਪ੍ਰਸ਼ਨੋਤਰੀ ਮੁਕਾਬਲਾ
ਸਰਕਾਰੀ ਹਾਈ ਸਕੂਲ ਦੋਦੜਾ ਵਿਖੇ
Publish Date: Fri, 24 Apr 2026 06:16 PM (IST)
Updated Date: Sat, 25 Apr 2026 04:08 AM (IST)

ਗੁਰਵਿੰਦਰ ਸਿੰਘ ਚਹਿਲ, ਪੰਜਾਬੀ ਜਾਗਰਣ, ਹੀਰੋਂ ਖ਼ੁਰਦ : ਸਰਕਾਰੀ ਹਾਈ ਸਕੂਲ ਦੋਦੜਾ ਵਿਖੇ ਵਿਸ਼ਵ ਧਰਤੀ ਦਿਵਸ ਮੌਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਸਕੂਲ ਦੇ 'ਰਾਵੀ ਸਦਨ ਇੰਚਾਰਜ ਅਧਿਆਪਕਾ ਕਰਮਜੀਤ ਕੌਰ ਦੀ ਅਗਵਾਈ ਹੇਠ ਨਵਨੀਤ ਬਾਂਸਲ ਬਤੌਰ ਮੁਖ ਪ੍ਬੰਧਕ, ਬੱਬੂ ਬਾਂਸਲ ਤੇ ਗੁਰਪ੍ਰੀਤ ਸਿੰਘ ਦੁਆਰਾ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਵਧਾਉਣ ਲਈ ਪਾਣੀ ਦੀ ਸੁਰੱਖਿਆ ਵਿਸ਼ੇ ‘ਤੇ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਮੌਕੇ ਕੁਇਜ਼ ਮੁਕਾਬਲੇ ਦੇ ਜੇਤੂ ਬੱਚੇ ਸਨਮਾਨਿਤ ਕੀਤੇ ਗਏ। ਇਸ ਤੋਂ ਬਾਅਦ ਅਧਿਆਪਕ ਨਵਨੀਤ ਬਾਂਸਲ ਦੁਆਰਾ ' ਕੂੜੇ ਦੀ ਸੰਭਾਲ ' ਵਿਸ਼ੇ ‘ਤੇ ਪੇਂਟਿੰਗ ਮੁਕਾਬਲਾ ਵੀ ਕਰਵਾਇਆ ਗਿਆ, ਜਿਸ ਰਾਹੀਂ ਵਿਦਿਆਰਥੀਆਂ ਨੇ ਸੂਚਨਾ ਪ੍ਰਦਰਸ਼ਿਤ ਕੀਤੀ ਕਿ ਕਿਵੇਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ ਕੀਤਾ ਜਾ ਸਕਦਾ। ਇਸ ਮੌਕੇ ਬੱਚਿਆਂ ਨੂੰ ਪਲਾਸਟਿਕ ਦੀ ਵਰਤੋਂ ਘਟਾਉਣ ਬਾਰੇ ਵੀ ਜਾਗਰੂਕ ਕੀਤਾ ਗਿਆ। ਸਕੂਲ ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਵੱਲੋਂ ਧਰਤੀ ਬਾਰੇ ਭੂਗੋਲਿਕ ਤੇ ਵਿਗਿਆਨਿਕ ਜਾਣਕਾਰੀ ਦਿੰਦੇ ਹੋਏ ਜਾਗਰੂਕਤਾ ਭਰਪੂਰ ਭਾਸ਼ਣ ਦਿੱਤਾ, ਜਿਸ ਵਿੱਚ ਉਨ੍ਹਾਂ ਪਲਾਸਟਿਕ ਦੀ ਸੰਜਮ ਨਾਲ਼ ਵਰਤੋਂ,ਪ੍ਦੂਸ਼ਣ ਨੂੰ ਰੋਕਣ,ਪਾਣੀ ਦੀ ਸੰਭਾਲ ਅਤੇ ਵਾਤਾਵਰਨ ਦੀ ਰੱਖਿਆ ਲਈ ਸਾਰਿਆਂ ਨੂੰ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਆਖ਼ਿਰ ਵਿੱਚ ਸਾਰੇ ਬੱਚਿਆਂ ਤੇ ਸਟਾਫ਼ ਨੇ ਧਰਤੀ ਦੀ ਰੱਖਿਆ ਕਰਨ ਦਾ ਸੰਕਲਪ ਵੀ ਲਿਆ। ਵਿਸ਼ਵ ਧਰਤੀ ਦਿਵਸ ਮੌਕੇ ਕਰਵਾਈਆਂ ਸਮੂਹ ਗਤੀਵਿਧੀਆਂ ਵਿਦਿਆਰਥੀਆਂ ਵਿੱਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਅਤੇ ਸੁਚੇਤਤਾ ਪੈਦਾ ਕਰਨ ਵਿੱਚ ਮਦਦਗਾਰ ਸਾਬਤ ਹੋਈਆਂ।