ਗੁਰੂ ਨਾਨਕ ਕਾਲਜ ’ਚ ਵਰਕਸ਼ਾਪ ਕਰਵਾਈ
ਗੁਰੂ ਨਾਨਕ ਕਾਲਜ, ਬੁਢਲਾਡਾ ਦੇ ਕਾਮਰਸ
Publish Date: Thu, 26 Feb 2026 05:31 PM (IST)
Updated Date: Thu, 26 Feb 2026 05:34 PM (IST)

ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਵੱਲੋਂ ਅਰਥ ਸ਼ਾਸਤਰ ਵਿਭਾਗ ਦੇ ਸਹਿਯੋਗ ਨਾਲ ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਦੀ ਯੋਗ ਅਗਵਾਈ ਅਤੇ ਦੂਰਅੰਦੇਸ਼ੀ ਸਦਕਾ 23 ਅਤੇ 24 ਫ਼ਰਵਰੀ 2026 ਨੂੰ ਸਟਾਕ ਮਾਰਕੀਟ ਰਾਹੀਂ ਸਿੱਖਦੇ ਹੋਏ ਕਮਾਓ ਵਿਸ਼ੇ ’ਤੇ ਦੋ ਰੋਜ਼ਾ ਵਰਕਸ਼ਾਪ ਕਰਵਾਈ ਗਈ। ਕਾਮਰਸ ਵਿਭਾਗ ਦੇ ਮੁਖੀ ਡਾ. ਸ਼ੈਂਟੀ ਕੁਮਾਰ ਨੇ ਵਿਸ਼ਾ ਮਾਹਿਰ ਅਤੇ ਵੱਖ-ਵੱਖ ਵਿਭਾਗਾਂ ਤੋਂ ਆਏ ਅਧਿਆਪਕਾਂ ਨੂੰ ਜੀ ਆਇਆਂ ਆਖਿਆ। ਡਾ. ਸੰਦੀਪ ਕੌਰ ਮੁਖੀ ਅਰਥ ਸ਼ਾਸਤਰ ਵਿਭਾਗ ਨੇ ਵਿਦਿਆਰਥੀਆਂ ਨਾਲ ਵਰਕਸ਼ਾਪ ਸਬੰਧੀ ਸੰਖੇਪ ਵਿੱਚ ਜਾਣਕਾਰੀ ਦਿੱਤੀ। ਇਸ ਦੀ ਮਹੱਤਤਾ ਸਬੰਧੀ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਆਰਥਿਕ ਸੰਕੇਤਕ, ਮਹਿੰਗਾਈ, ਵਿਆਜ਼ ਦਰਾਂ ਅਤੇ ਸਰਕਾਰੀ ਨੀਤੀਆਂ ਸਟਾਕ ਮਾਰਕੀਟ ਦੇ ਰੁਝਾਨਾਂ ਨੂੰ ਪ੍ਰਭਾਵਤ ਕਰਦੀਆਂ ਹਨ। ਵਰਕਸ਼ਾਪ ਦੇ ਮਾਹਿਰ ਅਸ਼ੋਕ ਗੋਇਲ ਨੇ ਸਟਾਕ ਮਾਰਕੀਟ ਰਣਨੀਤੀਆਂ ਅਤੇ ਨਿਵੇਸ਼ ਯੋਜਨਾਬੰਦੀ ਵਿੱਚ ਆਪਣੇ ਵਿਹਾਰਕ ਅਨੁਭਵ ਅਤੇ ਪੇਸ਼ੇਵਰ ਮਹਾਰਤ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਸਟਾਕ ਮਾਰਕੀਟ ਦੀ ਜਾਣ-ਪਛਾਣ ਅਤੇ ਕਾਰਜ ਪ੍ਰਣਾਲੀ ਦੀ ਭੂਮਿਕਾ ਅਤੇ ਨਿਯਮਾਂ, ਡੀਮੈਟ ਅਤੇ ਟ੍ਰੇਡਿੰਗ ਖ਼ਾਤੇ, ਜ਼ੋਖਮ ਅਤੇ ਰਿਟਰਨ ਦੀ ਧਾਰਨਾ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਦੂਜੇ ਦਿਨ ਵਿਹਾਰਕ ਵਰਤੋਂ ਅਤੇ ਮਾਰਕੀਟ ਵਿਸ਼ਲੇਸ਼ਣ ਤੇ ਕੇਂਦਰਿਤ ਰਿਹਾ। ਅਸ਼ੋਕ ਗੋਇਲ ਨੇ ਰੀਅਲ-ਟਾਈਮ ਮਾਰਕੀਟ ਉਦਾਹਰਨਾਂ ਅਤੇ ਕੇਸ ਸਟੱਡੀਜ਼ ਰਾਹੀਂ ਸੈਸ਼ਨ ਨੂੰ ਬਹੁਤ ਪ੍ਰਭਾਵਸ਼ਾਲੀ ਬਣਾਇਆ। ਉਨ੍ਹਾਂ ਨੇ ਤਕਨੀਕੀ ਵਿਸ਼ਲੇਸ਼ਣ ਅਤੇ ਚਾਰਟ ਰੀਡਿੰਗ, ਸ਼ੇਅਰ ਖਰੀਦਣ ਅਤੇ ਵੇਚਣ ਦੀਆਂ ਰਣਨੀਤੀਆਂ, ਪੋਰਟਫੋਲੀਓ ਪ੍ਰਬੰਧਨ ਅਤੇ ਜ਼ੋਖਮ ਘਟਾਉਣ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ। ਵਰਕਸ਼ਾਪ ਦੇ ਦੂਜੇ ਦਿਨ ਕੁਇਜ਼ ਕਰਵਾਇਆ ਗਿਆ, ਜਿਸ ਵਿੱਚ ਉਨ੍ਹਾਂ ਨੇ ਵਧੀ ਹੋਈ ਵਿੱਤੀ ਸਮਝ ਅਤੇ ਸਪੱਸ਼ਟਤਾ ਦਾ ਸਬੂਤ ਸੀ। ਇਸ ਮੌਕੇ ਧੰਨਵਾਦੀ ਸ਼ਬਦ ਡਾ. ਸੰਦੀਪ ਕੌਰ ਨੇ ਕਹੇ।