ਚੋਣਾਂ ਦੌਰਾਨ ਬੂਥ ਕਮੇਟੀਆਂ ’ਚ ਔਰਤਾਂ ਕਰਨਗੀਆਂ ਲੋਕਾਂ ਨੂੰ ਜਾਗਰੂਕ : ਹਰਸਿਮਰਤ ਕੌਰ ਬਾਦਲ
ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਅੰਦਰ
Publish Date: Thu, 05 Mar 2026 07:28 PM (IST)
Updated Date: Thu, 05 Mar 2026 07:30 PM (IST)

- ਕਿਹਾ, ਪੰਜਾਬ ਦੇ ਮਾੜੇ ਹਾਲਤਾਂ ਲਈ ਮੁੱਖ ਮੰਤਰੀ ਮਾਨ ਨੇ ਜ਼ਿੰਮੇਵਾਰ ਚਤਰ ਸਿੰਘ, ਪੰਜਾਬੀ ਜਾਗਰਣ ਬੁਢਲਾਡਾ : ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕੇ ਅੰਦਰ ਔਰਤਾਂ ਨੂੰ ਜਾਗਰੂਕ ਕਰਦਿਆਂ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਸ਼ਹਿਰ ਦੇ ਨਿੱਜੀ ਪੈਲੇਸ ’ਚ ਮੀਟਿੰਗ ਕੀਤੀ ਗਈ। ਇਸ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ ਨੇ ਜਿੱਥੇ ਵਰਕਰਾਂ ਨੂੰ ਲਾਮਬੰਦ ਕਰਦਿਆਂ ਸਰਕਾਰ ਦੀਆਂ ਚਾਲਾਂ ਤੋਂ ਸੁਚੇਤ ਕੀਤਾ। ਆਉਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੌਰਾਨ ਔਰਤਾਂ ਦੀਆਂ ਹੱਕੀ ਮੰਗਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕਰਨ ਦਾ ਭਰੋਸਾ ਦਿੱਤਾ। ਬੀਬੀ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਦੀ ਸਰਕਾਰ ਵੱਲੋਂ ਬੁਖਲਾਹਟ ’ਚ ਆ ਕੇ ਪਹਿਲਾਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਸਮੇਂ ਅਕਾਲੀ ਉਮੀਦਵਾਰਾਂ ਦੇ ਕਾਗਜ਼ ਧੱਕੇਸ਼ਾਹੀ ਨਾਲ ਰੱਦ ਕਰ ਦਿੱਤੇ ਗਏ ਸਨ। ਪਰ ਜੋ ਉਮੀਦਵਾਰ ਆਪਣੇ ਬਲਬੂਤੇ ਤੇ ਜਿੱਤ ਪ੍ਰਾਪਤ ਕਰ ਕੇ ਆਏ ਹਨ। ਉਨ੍ਹਾਂ ਦੇ ਹੱਕਾਂ ’ਤੇ ਡਾਕਾ ਮਾਰਦਿਆਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੁਨੀਸ਼ ਸਿਸੋਦੀਆ ਵੱਲੋਂ ਅਪਣਾਈ ਗਈ ਰਾਜਨੀਤੀ ’ਤੇ ਚਲਦਿਆਂ ਅੱਜ ਪੰਜਾਬ ਅੰਦਰ ਸ਼ਾਮ, ਦਾਮ, ਦੰਡ ਭੇਦ ਦੀ ਨੀਤੀ ’ਤੇ ਚਲਦਿਆਂ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਜਿਸ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਕਦੇ ਵੀ ਸਫ਼ਲ ਨਹੀਂ ਹੋਣ ਦੇਣਗੇ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਆਉਣ ਸਮੇਂ ਵਾਲੇ ਸਮੇਂ ਦੌਰਾਨ ਪੰਜਾਬ ਦੇ ਲੋਕ ਇਨ੍ਹਾਂ ਨੂੰ ਪਿੰਡਾਂ ਅੰਦਰ ਨਹੀਂ ਦਾਖ਼ਲ ਹੋਣ ਦੇਣਗੇ। ਉਨ੍ਹਾਂ ਔਰਤਾਂ ਨੂੰ ਵਿਧਾਨ ਸਭਾ ਚੋਣਾਂ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਬੂਥ ਪੱਧਰ ’ਤੇ ਆਪਣੇ ਹੱਕ ਸੱਚ ਦੀ ਲੜਾਈ ਲਈ ਝਾਂਸੀ ਦੀ ਰਾਣੀ ਦਾ ਰੋਲ ਅਦਾ ਕਰਨ ਲਈ ਤਿਆਰ ਰਹਿਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਬੂਥ ਪੱਧਰ ’ਤੇ ਬਣਾਈਆਂ ਜਾ ਰਹੀਆਂ ਬੂਥ ਕਮੇਟੀਆਂ ’ਚ ਔਰਤਾਂ ਅਤੇ ਨੌਜਵਾਨ ਲੜਕੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਅਤੇ ਯੋਜਨਾਵਾਂ ਨੂੰ ਘਰ-ਘਰ ਪਹੁੰਚਾ ਸਕਣ। ਉਨ੍ਹਾਂ ਪੰਜਾਬ ਅੰਦਰ ਅੱਜ ਦੇ ਹਾਲਾਤਾਂ ’ਤੇ ਗੱਲਬਾਤ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਸਮੇਂ ਨਿੱਤ ਦਿਨ ਤਰੱਕੀ ਅਤੇ ਵਿਕਾਸ ਦੀਆਂ ਖ਼ਬਰਾਂ ਸੁਣਨ ਲਈ ਮਿਲਦੀਆਂ ਸਨ, ਪਰ ਅੱਜ ਰੋਜ਼ਾਨਾ ਪੰਜਾਬ ਅੰਦਰ ਲੁੱਟ-ਖੋਹ, ਗੈਗਸਟਰਵਾਦ ਅਤੇ ਨਸ਼ੇ ਦੀ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦੀਆਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ, ਜਿਸ ਲਈ ਪੰਜਾਬ ਦਾ ਮੁੱਖ ਮੰਤਰੀ ਖੁੱਦ ਜ਼ਿੰਮੇਵਾਰ ਹੈ। ਇਸ ਮੌਕੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਬਾਦਲ ਸਰਕਾਰ ਸਮੇਂ ਬਣਾਏ ਗਏ ਆਟਾ ਦਾਲ ਦੇ ਕਾਰਡਾਂ ’ਚ ਅੱਜ 10 ਸਾਲ ਬਾਅਦ ਵੀ ਪੰਜਾਬ ਦੀਆਂ ਔਰਤਾਂ ਅਤੇ ਪੁੱਤ ਪੋਤਿਆ ਤੱਕ ਨਾਮ ਦਰਜ ਨਹੀਂ ਹੋਏ ਕਿ ਉਹ ਪੰਜਾਬ ਦੇ ਵਸਨੀਕ ਨਹੀਂ, ਇਸ ਦਾ ਜਵਾਬ ਆਉਣ ਵਾਲੇ ਦਿਨਾਂ ’ਚ ਪੰਜਾਬ ਦੀਆਂ ਬਹਾਦਰ ਔਰਤਾਂ ਸਰਕਾਰ ਤੋਂ ਜਵਾਬ ਮੰਗਣਗੀਆਂ। ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਜੀਤ ਕੌਰ ਕੁਲਾਣਾ, ਨੀਲਮ ਰਾਣੀ ਬਰੇਟਾ, ਸੁਖਵਿੰਦਰ ਕੌਰ ਸੁੱਖੀ, ਸੁਖਦੀਪ ਕੌਰ, ਜਸਪ੍ਰੀਤ ਕੌਰ, ਗੁਲਜਾਰ ਕੌਰ, ਜਤਿੰਦਰਪਾਲ ਕੌਰ, ਪੰਮੀ ਕੌਰ, ਕੌਂਸਲਰ ਅਮਨਦੀਪ ਕੌਰ, ਇੰਦਰਾ ਦੇਵੀ, ਕੁਲਦੀਪ ਕੌਰ ਰੰਘੜਿਆਲ, ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।