ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਸਮਝਾਏ ਆਵਾਜਾਈ ਦੇ ਨਿਯਮ
ਸਰਦੂਲਗੜ੍ਹ ਪੁਲਿਸ ਵੱਲੋਂ ਲੋਕਾਂ ਨੂੰ ਟਰੈਫਿਕ
Publish Date: Fri, 16 Jan 2026 07:37 PM (IST)
Updated Date: Sat, 17 Jan 2026 04:13 AM (IST)
ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ
ਸਰਦੂਲਗੜ੍ਹ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦਾ ਨਵਾਂ ਤਰੀਕਾ ਅਪਣਾਇਆ। ਪੁਲਿਸ ਨੇ ਪਰਿਆਸ ਕਲੱਬ ਅਤੇ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਥਾਨਕ ਬੱਸ ਸਟੈਂਡ ਨੇੜੇ ਸੜਕ ਤੇ ਆਉਣ ਜਾਣ ਵਾਲੇ ਵਹੀਕਲ ਚਾਲਕਾਂ ਨੂੰ ਰੋਕ ਕੇ ਉਨ੍ਹਾਂ ਨੂੰ ਟ੍ਰੈਫ਼ਿਕ ਨਿਯਮਾਂ ਸਬੰਧੀ ਜਾਣੂ ਕਰਵਾਇਆ। ਜਾਣੂ ਕਰਵਾਉਣ ਸਮੇਂ ਸਕੂਲੀ ਬੱਚਿਆਂ ਨੇ ਹੱਥਾਂ ਵਿੱਚ ਟ੍ਰੈਫ਼ਿਕ ਨਿਯਮਾਂ ਸਬੰਧੀ ਸਲੋਗਨ ਲਿਖੀਆਂ ਤਖ਼ਤੀਆਂ ਅਤੇ ਗੁਲਾਬ ਦੇ ਫੁੱਲ ਫੜ੍ਹੇ ਹੋਏ ਸਨ ਅਤੇ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਕਰਨ ਵਾਲਿਆਂ ਦਾ ਧੰਨਵਾਦ ਕਰਕੇ ਗੁਲਾਬ ਦਾ ਫੁੱਲ ਦਿੱਤਾ ਜਾ ਰਿਹਾ ਸੀ। ਦੂਜੇ ਪਾਸੇ ਜਿਹੜੇ ਚਾਲਕ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ, ਉਨ੍ਹਾਂ ਨੂੰ ਵੀ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕਰ ਕੇ ਫੁੱਲ ਦਿਤਾ ਗਿਆ। ਇਸ ਮੌਕੇ ਥਾਣਾ ਮੁਖੀ ਸਰਦੂਲਗੜ੍ਹ ਗਨੇਸ਼ਵਰ ਸ਼ਰਮਾ ਨੇ ਦੱਸਿਆ ਕਿ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਾਨੂੰ ਟ੍ਰੈਫ਼ਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਦੋ ਪਹੀਆ ਵਹੀਕਲ ਚਾਲਕ ਹੈਲਮਟ ਪਾ ਕੇ ਚੱਲਣ ਅਤੇ ਚਾਰ ਪਹੀਆ ਵਹੀਕਲ ਚਾਲਕ ਸੀਟ ਬੈਲਟ ਦੀ ਵਰਤੋਂ ਜ਼ਰੂਰ ਕਰਨ, ਧੁੰਦ ਦੇ ਦਿਨ ਚੱਲ ਰਹੇ ਹਨ ਗੱਡੀ ਹੌਲੀ ਚਲਾਉ। ਟ੍ਰੈਫ਼ਿਕ ਨਿਯਮ ਸਿਰਫ਼ ਪੁਲਿਸ ਦੇ ਚਲਾਨ ਤੋਂ ਬਚਾਉਣ ਦਾ ਸਾਧਨ ਹੀ ਨਹੀਂ, ਬਲਕਿ ਆਪਣੇ ਆਪ ਅਤੇ ਦੂਜਿਆਂ ਨੂੰ ਸੁਰੱਖਿਤ ਰੱਖਣ ਲਈ ਬਣੇ ਹੋਏ ਹਨ। ਸਕੂਲ ਦੀਆਂ ਵਿਦਿਆਰਥਣਾਂ ਨੇ ਵੀ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ। ਪਰਿਆਸ ਕਲੱਬ ਦੇ ਸੀਨੀਅਰ ਮੈਂਬਰ ਕਾਕਾ ਉਪਲ ਨੇ ਵੀ ਲੋਕਾਂ ਨੂੰ ਟ੍ਰੈਫ਼ਿਕ ਨਿਯਮਾਂ ਦੀ ਪਾਲਣਾ ਕਰਨ ਦਾ ਸੁਨੇਹਾ ਦਿੱਤਾ ਅਤੇ ਅੱਜ ਦੇ ਇਸ ਉਪਰਾਲੇ ਲਈ ਸਕੂਲ ਆਫ਼ ਐਮੀਨੈਂਸ ਦੇ ਵਿਦਿਆਰਥੀਆਂ ਅਤੇ ਥਾਣਾ ਮੁਖੀ ਗਣੇਸ਼ਵਰ ਕੁਮਾਰ ਸ਼ਰਮਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।