350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੇਪਰ ਮੁਕਾਬਲੇ ਦੇ ਜੇਤੂ ਬੱਚੇ ਸਨਮਾਨਿਤ
ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ
Publish Date: Thu, 05 Feb 2026 06:48 PM (IST)
Updated Date: Thu, 05 Feb 2026 06:50 PM (IST)
ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ
ਭੀਖੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਗੁਰੂ ਨਾਨਕ ਮਲਟੀਵਰਸਿਟੀ ਲੁਧਿਆਣਾ ਵੱਲੋਂ ਕਰਵਾਏ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਦਿਆਲਾ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ ਅਤੇ ਰੰਘਰੇਟਾ ਗੁਰੂ ਕਾ ਬੇਟਾ ਬਖਸ਼ਿਸ਼ ਦਿਵਸ ਦੇ 350 ਸਾਲਾਂ ਨੂੰ ਸਮਰਪਿਤ ਗੁਰਮਤਿ ਮੁਕਾਬਲੇ 2025 ਵਿੱਚੋਂ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਵਿੱਦਿਆ ਮੰਦਰ ਦੇ ਬੱਚਿਆਂ ਨੇ ਬੜੇ ਹੀ ਉਤਸ਼ਾਹ ਨਾਲ ਇਸ ਪ੍ਰੀਖਿਆ ਵਿੱਚ ਹਿੱਸਾ ਲਿਆ ਸੀ। ਸਾਡੇ ਲਈ ਇਹ ਬੜੇ ਹੀ ਮਾਣ ਦੀ ਗੱਲ ਹੈ ਕਿ ਵਿੱਦਿਆ ਮੰਦਰ ਦੇ 9 ਵਿਦਿਆਰਥੀਆਂ ਨੇ ਇਸ ਗੁਰਮਤਿ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਵੱਖ-ਵੱਖ ਇਨਾਮ ਹਾਸਲ ਕੀਤੇ। ਵਰਨਣਯੋਗ ਹੈ ਕਿ ਪਹਿਲੇ ਦਰਜੇ ਦੇ ਜੇਤੂਆਂ ਵਿੱਚੋਂ ਹਰਸ਼ਾਨ ਸਿੰਘ, ਗੁਰਲੀਨ ਕੌਰ (ਜਮਾਤ ਪੰਜਵੀਂ) ਨੇ ਇੱਕੀ ਸੌ ਰੁਪਏ ਨਕਦ ਰਾਸ਼ੀ ਅਤੇ ਹੋਰ ਇਨਾਮ ਹਾਸਲ ਕੀਤੇ। ਇਸ ਤੋਂ ਇਲਾਵਾ ਹਰਲੀਨ ਕੌਰ, ਗੁਰਨਾਜ ਕੌਰ, ਨਵਰੀਤ ਕੌਰ, ਸੀਰਤ ਕੌਰ, ਹੁਸਨਪ੍ਰੀਤ ਕੌਰ ਨੇ ਇਨਾਮ ਹਾਸਲ ਕੀਤੇ (ਜਿਵੇਂ ਕਿ ਸਮਾਰਟ ਵਾਚ, ਜੈਕਟ, ਕਲੌਕ, ਕੈਟਲ ਆਦਿ), ਅਰਸ਼ਦੀਪ ਕੌਰ, ਜੱਜਵੀਰ ਕੌਰ ਇਨ੍ਹਾਂ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਸਕੂਲ ਪ੍ਰਿੰਸੀਪਲ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਸਾਨੂੰ ਸੱਚ, ਸਹਿਣਸ਼ੀਲਤਾ ਅਤੇ ਧਰਮ ਦੀ ਰੱਖਿਆ ਲਈ ਡਟੇ ਰਹਿਣ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਨੇ ਹਿੱਸਾ ਲੈਣ ਵਾਲੇ ਸਾਰੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਅੱਗੇ ਵੀ ਇਸੇ ਤਰ੍ਹਾਂ ਦੇ ਰਚਨਾਤਮਕ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ। ਅੱਜ ਸਵੇਰ ਦੀ ਸਭਾ ਦੌਰਾਨ ਜ਼ਿਲ੍ਹਾ ਮਾਨਸਾ ਦੇ ਗੁਰਮਤਿ ਮੁਕਾਬਲੇ ਦੇ ਇੰਚਾਰਜ਼ ਦੀਦੀ ਕੁਲਵੀਰ ਕੌਰ ਨੇ ਵੀ ਜੇਤੂਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਲ ਮਿਲ ਕੇ ਸਹਿਯੋਗ ਕਰਨ ਅਤੇ ਗੁਰੂ ਜੀ ਦੀ ਕਿਰਪਾ ਨਾਲ ਹਰ ਕਾਰਜ ਨੇਪਰੇ ਚੜ੍ਹਦਾ ਹੈ ਅਤੇ ਅਸੀਂ ਕਾਮਯਾਬੀ ਹਾਸਲ ਕਰਦੇ ਹਾਂ। ਉਨ੍ਹਾਂ ਬੱਚਿਆਂ ਦੀ ਲਗਨ, ਅਨੁਸ਼ਾਸਨ ਬਾਰੇ ਬੋਲਦਿਆਂ ਕਿਹਾ ਕਿ ਬੱਚਿਆਂ ਦੀ ਮਿਹਨਤ ਕਾਬਲ-ਏ-ਤਾਰੀਫ਼ ਹੈ। ਸਮੂਹ ਸਟਾਫ਼ ਵੱਲੋਂ ਵੀ ਇਨਾਮ ਹਾਸਲ ਕਰਨ ਵਾਲੇ ਅਤੇ ਸਕੂਲ ਦਾ ਨਾਂ ਰੋਸ਼ਨ ਕਰਨ ਲਈ ਸਾਰੇ ਹੀ ਵਿਦਿਆਰਥੀਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ।