ਕਣਕ ਦੀ ਖਰੀਦ ਸ਼ੁਰੂ ਹੋਣ ਨਾਲ ਕਿਸਾਨਾਂ ਨੂੰ ਮਿਲੀ ਰਾਹਤ
ਸਰਦੂਲਗੜ੍ਹ ਅਨਾਜ ਮੰਡੀ ਵਿੱਚ ਪਿਛਲੇ
Publish Date: Wed, 15 Apr 2026 07:54 PM (IST)
Updated Date: Thu, 16 Apr 2026 04:09 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਸਥਾਨਕ ਦਾਣਾ ਮੰਡੀ ’ਚ ਪਿਛਲੇ ਕਈ ਦਿਨਾਂ ਤੋਂ ਕਿਸਾਨ ਕਣਕ ਦੀ ਫ਼ਸਲ ਲੈ ਕੇ ਬੈਠੇ ਹੋਏ ਸਨ, ਪਰ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵੱਲੋਂ ਫ਼ਸਲ ਦੀ ਖ਼ਰੀਦ ਸ਼ੁਰੂ ਨਹੀਂ ਕੀਤੀ ਗਈ ਸੀ, ਜਿਸ ਨੂੰ ਲੈ ਕੇ ਬੀਤੀ ਕੱਲ੍ਹ ਡੀਸੀ ਮਾਨਸਾ ਕੇਂਦਰੀ ਖ਼ਰੀਦ ਏਜੰਸੀ ਦੇ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਅਨਾਜ ਮੰਡੀ ਵਿਖੇ ਪਹੁੰਚੇ। ਮੰਡੀ ਵਿੱਚ ਪਈ ਕਣਕ ਦੀ ਫ਼ਸਲ ਦੇ ਸੈਂਪਲ ਲਏ ਗਏ। ਇਸ ਮੌਕੇ ਡੀਸੀ ਨੇ ਭਰੋਸਾ ਦਿਵਾਇਆ ਸੀ ਕਿ ਜਲਦੀ ਹੀ ਕਣਕ ਦੀ ਖ਼ਰੀਦ ਸ਼ੁਰੂ ਕਰਵਾ ਦਿੱਤੀ ਜਾਵੇਗੀ, ਜਿਸ ਦੇ ਮੱਦੇਨਜ਼ਰ ਮੰਡੀ ਵਿੱਚ ਵੱਖ-ਵੱਖ ਖ਼ਰੀਦ ਏਜੰਸੀਆਂ ਦੇ ਇੰਸਪੈਕਟਰਾਂ ਨੇ ਪਹੁੰਚ ਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਰਾਏ ਸਿੰਘ ਦੀ ਅਗਵਾਈ ਵਿੱਚ ਕਣਕ ਦੀ ਖ਼ਰੀਦ ਸ਼ੁਰੂ ਕਰ ਦਿੱਤੀ। ਚੇਅਰਮੈਨ ਰਾਏ ਸਿੰਘ ਨੇ ਪੱਤਰਕਾਰਾਂ ਨੂੰ ਕਿਹਾ ਕਿ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੇ ਯਤਨਾਂ ਸਦਕਾ ਪਿਛਲੇ ਕਈ ਦਿਨਾਂ ਤੋਂ ਮੰਡੀ ਵਿੱਚ ਪਈ ਕਣਕ ਦੀ ਖ਼ਰੀਦ ਸ਼ੁਰੂ ਕਰਵਾ ਦਿੱਤੀ ਗਈ ਹੈ। ਡੀਸੀ ਮਾਨਸਾ ਤੇ ਕੇਂਦਰੀ ਖ਼ਰੀਦ ਏਜੰਸੀਆਂ ਦੀ ਟੀਮ ਨੇ ਬੀਤੇ ਕੱਲ੍ਹ ਮੰਡੀ ਵਿੱਚ ਪਈ ਕਣਕ ਦੇ ਸੈਂਪਲ ਲਏ ਸੀ। ਉਨ੍ਹਾਂ ਨੂੰ ਕੇਂਦਰ ਦੀਆਂ ਟੀਮਾਂ ਨੇ ਉੱਚ ਅਧਿਕਾਰੀਆਂ ਤੱਕ ਸਰਕਾਰ ਦੇ ਮਾਪਦੰਡਾਂ ਵਿਚ ਰਾਹਤ ਲਈ ਭੇਜਿਆ ਸੀ। ਇਸ ਕਾਰਨ ਅੱਜ ਮੰਡੀ ਵਿੱਚ ਖਰੀਦ ਏਜੰਸੀ ਪਨਗ੍ਰੇਨ ਤੇ ਮਾਰਕਫੈਡ ਵਲੋਂ ਕਣਕ ਦੀ ਖ਼ਰੀਦ ਸ਼ੁਰੂ ਕਰ ਦਿੱਤੀ ਗਈ ਹੈ। ਜਲਦੀ ਹੀ ਮੰਡੀ ਵਿੱਚ ਪਏ ਕਣਕ ਦੇ ਢੇਰ ਗੱਟੇ ਵਿੱਚ ਭਰ ਕੇ ਗੋਦਾਮਾਂ ਵਿੱਚ ਲੱਗ ਜਾਣਗੇ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਮਿੱਤਲ ਅਤੇ ਵਪਾਰ ਮੰਡਲ ਦੇ ਪ੍ਰਧਾਨ ਪ੍ਰੇਮ ਗਰਗ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨ ਮੰਡੀ ਵਿੱਚ ਫ਼ਸਲ ਲੈ ਕੇ ਬੈਠੇ ਸਨ। ਬੋਲੀ ਨਾ ਹੋਣ ਕਾਰਨ ਖੱਜਲ ਖੁਆਰ ਹੋ ਰਹੇ ਸਨ। ਸੂਬੇ ਦੇ ਮੁੱਖ ਮੰਤਰੀ ਮਾਨ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਬਣਾਵਾਲੀ ਅਤੇ ਮੰਡੀ ਬੋਰਡ ਦੇ ਯਤਨਾਂ ਸਦਕਾ ਕਣਕ ਦੀ ਬੋਲੀ ਦੀ ਸ਼ੁਰੂਆਤ ਹੋ ਗਈ ਹੈ। ਇਸ ਨਾਲ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਲਈ ਉਹ ਸਭ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ। ਮੰਡੀ ਵਿੱਚ ਸਾਰੇ ਕੰਮ ਸੁਚਾਰੂ ਰੂਪ ਨਾਲ ਚੱਲ ਰਹੇ ਹਨ ਕਿਸਾਨ ਦੀ ਫਸਲ ਦਾ ਇੱਕ-ਇੱਕ ਦਾਣਾ ਦੀ ਖਰੀਦ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ। ਇਸ ਮੌਕੇ ਸਮੂਹ ਆੜ੍ਹਤੀਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਵੀ ਹਾਜ਼ਰ ਸਨ।