ਮਹਿਲਾ ਸਸ਼ਕਤੀਕਰਨ ਦੀ ਮਿਸਾਲ ਬਣਿਆ ਹੈਂਡਲੂਮ ਸਟਾਲ
ਮਾਨਸਾ ਵਿਖੇ ਚੱਲ ਰਿਹਾ ਸਰਸ ਮੇਲਾ ਨਾ ਕੇਵਲ
Publish Date: Tue, 17 Mar 2026 07:53 PM (IST)
Updated Date: Wed, 18 Mar 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਇੱਥੇ ਚੱਲ ਰਿਹਾ ਸਰਸ ਮੇਲਾ ਨਾ ਕੇਵਲ ਵੱਖ-ਵੱਖ ਰਾਜਾਂ ਦੀ ਕਲਾ ਦਾ ਪ੍ਰਦਰਸ਼ਨ ਕਰ ਰਿਹਾ ਹੈ, ਸਗੋਂ ਇਹ ਮਹਿਲਾ ਸਸ਼ਕਤੀਕਰਨ ਦਾ ਵੀ ਇੱਕ ਵੱਡਾ ਮੰਚ ਸਾਬਤ ਹੋ ਰਿਹਾ ਹੈ। ਇਸ ਮੇਲੇ ਵਿੱਚ ਪੱਛਮੀ ਬੰਗਾਲ ਤੋਂ ਆਏ ਸਵੈ ਸਹਾਇਤਾ ਸਮੂਹ ਦਾ ਹੈਂਡਲੂਮ ਸਟਾਲ, ਲੋਕਾਂ ਲਈ ਖਿੱਚ ਦਾ ਮੁੱਖ ਕੇਂਦਰ ਬਣਿਆ ਹੋਇਆ ਹੈ, ਜਿੱਥੇ ਮਹਿਲਾਵਾਂ ਦੀ ਮਿਹਨਤ ਸਫ਼ਲਤਾ ਦੀ ਨਵੀਂ ਇਬਾਰਤ ਲਿਖ ਰਹੀ ਹੈ। ਇਸ ਸਟਾਲ ਦੀ ਸੰਚਾਲਕ ਨਾਜ਼ਨੀਨ ਮੋਂਡਲ ਨੇ ਦੱਸਿਆ ਕਿ ਪਿਛਲੇ ਮਹਿਜ਼ ਦੋ ਦਿਨਾਂ ਵਿੱਚ ਹੀ ਉਨ੍ਹਾਂ ਦੇ ਸਟਾਲ ਤੋਂ ਕਰੀਬ ਸਵਾ ਲੱਖ ਰੁਪਏ ਦੇ ਸਮਾਨ ਦੀ ਵਿਕਰੀ ਹੋ ਚੁੱਕੀ ਹੈ। ਲੋਕਾਂ ਵੱਲੋਂ ਖਾਸ ਤੌਰ ਤੇ ਮਸ਼ਹੂਰ ਕਾਟਨ ਤੇ ਸਿਲਕ ਦੇ ਸੂਟਾਂ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਮੇਲੇ ਵਿੱਚ ਆਉਣ ਵਾਲੇ ਲੋਕ ਇਨ੍ਹਾਂ ਸੂਟਾਂ ਦੀ ਬਾਰੀਕ ਕਢਾਈ ਅਤੇ ਕੱਪੜੇ ਦੀ ਗੁਣਵੱਤਾ ਦੇ ਕਾਇਲ ਹੋ ਰਹੇ ਹਨ, ਜਿਸ ਕਾਰਨ ਰੋਜ਼ਾਨਾ ਇੱਥੇ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਆਪਣੇ ਸਫ਼ਰ ਬਾਰੇ ਨਾਜ਼ਨੀਨ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2021 ਵਿੱਚ ਇੱਕ ‘ਸਵੈ-ਸਹਾਇਤਾ ਸਮੂਹ’ ਦੀ ਸਥਾਪਨਾ ਕੀਤੀ ਸੀ। ਇਸ ਸਮੂਹ ਰਾਹੀਂ ਕਈ ਮਹਿਲਾਵਾਂ ਨੂੰ ਰੁਜ਼ਗਾਰ ਮਿਲਿਆ ਹੈ ਤੇ ਉਹ ਆਪਣੇ ਪੈਰਾਂ ਤੇ ਖੜ੍ਹੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਸਰਸ ਮੇਲੇ ਵਰਗੇ ਮੰਚ, ਕਾਰੀਗਰਾਂ ਅਤੇ ਮਹਿਲਾ ਉੱਦਮੀਆਂ ਲਈ ਵਰਦਾਨ ਸਾਬਤ ਹੁੰਦੇ ਹਨ, ਜਿੱਥੇ ਉਨ੍ਹਾਂ ਨੂੰ ਆਪਣੀ ਕਲਾ ਦੇ ਸਹੀ ਮੁੱਲ ਦੇ ਨਾਲ-ਨਾਲ ਵੱਡੀ ਪੱਧਰ ਤੇ ਪਛਾਣ ਵੀ ਮਿਲਦੀ ਹੈ। ਨਾਜ਼ਨੀਨ ਨੇ ਮਾਨਸਾ ਦੇ ਜ਼ਿਲ੍ਹਾ ਪ੍ਰਸ਼ਾਸਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਤੇ ਸਹਿਯੋਗ ਸਦਕਾ ਹੀ ਉਨ੍ਹਾਂ ਨੂੰ ਆਪਣਾ ਹੁਨਰ ਦਿਖਾਉਣ ਦਾ ਇਹ ਸੁਨਹਿਰੀ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮਾਨਸਾ ਦੇ ਲੋਕਾਂ ਵੱਲੋਂ ਮਿਲ ਰਿਹਾ ਪਿਆਰ ਅਤੇ ਹੁੰਗਾਰਾ ਉਨ੍ਹਾਂ ਦੇ ਹੌਂਸਲੇ ਨੂੰ ਹੋਰ ਵਧਾ ਰਿਹਾ ਹੈ।