- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੰਜਾਬ ਵਿੱਚ ਆਉਣ ਵਾਲੀਆਂ 2027 ਦੀਆਂ

-ਅਗਰਵਾਲ ਸਭਾ ਨੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦਾ ਕੀਤਾ ਵਿਸ਼ੇਸ਼ ਸਨਮਾਨ
ਪੱਤਰ ਪ੍ਰੇਰਕ ਪੰਜਾਬੀ ਜਾਗਰਣ, ਮਾਨਸਾ
ਪੰਜਾਬ ਵਿੱਚ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਭਾਰੀ ਬਹੁਮਤ ਨਾਲ ਸਰਕਾਰ ਬਣਾਕੇ ਰਾਜ ਦੇ ਹਰ ਵਰਗ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰੇਗੀ। ਇਹ ਗੱਲ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੇ ਅਗਰਵਾਲ ਸਭਾ ਮਾਨਸਾ ਵੱਲੋਂ ਉਨ੍ਹਾਂ ਦੇ ਸਨਮਾਨ ਵਿੱਚ ਕਰਵਾਏ ਗਏ ਇਕ ਵਿਸ਼ੇਸ਼ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕਹੀ। ਇਸ ਮੌਕੇ ਸਭਾ ਵੱਲੋਂ ਜ਼ਿਲਾ ਪ੍ਰਧਾਨ ਕੁਲਵੰਤ ਰਾਏ ਸਿੰਗਲਾ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਉਨ੍ਹਾਂ ਦੇ ਰਾਜਨੀਤਿਕ ਅਤੇ ਸਮਾਜਿਕ ਯੋਗਦਾਨ ਦੀ ਸਰਾਹਨਾ ਕੀਤੀ ਗਈ। ਸਮਾਗਮ ਦੌਰਾਨ ਪੰਜਾਬ ਅਗਰਵਾਲ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਜ਼ਿਲ੍ਹਾ ਪ੍ਰਧਾਨ ਵਿਨੋਦ ਭੰਮਾ, ਸ਼ਹਿਰੀ ਪ੍ਰਧਾਨ ਪ੍ਰਸ਼ੋਤਮ ਬਾਂਸਲ, ਖ਼ਜ਼ਾਨਚੀ ਤੀਰਥ ਸਿੰਘ ਮਿੱਤਲ ਸਮੇਤ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਕੁਲਵੰਤ ਰਾਏ ਸਿੰਗਲਾ ਵਰਗੇ ਜਨਤਕ ਆਗੂ ਸਮਾਜ ਨੂੰ ਇਕੱਠਾ ਰੱਖਣ ਅਤੇ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਉਹ ਭਵਿੱਖ ਵਿੱਚ ਵੀ ਅਗਰਵਾਲ ਸਮਾਜ ਦੇ ਨਾਲ-ਨਾਲ ਹੋਰ ਸਾਰੇ ਵਰਗਾਂ ਦੀਆਂ ਸਮੱਸਿਆਵਾਂ ਲਈ ਆਵਾਜ਼ ਉਠਾਉਂਦੇ ਰਹਿਣਗੇ। ਕੁਲਵੰਤ ਰਾਏ ਸਿੰਗਲਾ ਨੇ ਕਿਹਾ ਕਿ ਪੰਜਾਬ ਅੱਜ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰ ਰਿਹਾ ਹੈ। ਨੌਜਵਾਨਾਂ ਵਿੱਚ ਬੇਰੁਜ਼ਗਾਰੀ, ਕਿਸਾਨਾਂ ਦੀ ਆਰਥਿਕ ਤੰਗੀ, ਵਪਾਰੀਆਂ ਦੀਆਂ ਮੁਸ਼ਕਲਾਂ ਅਤੇ ਆਮ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਕਾਂਗਰਸ ਪਾਰਟੀ ਹਮੇਸ਼ਾਂ ਹਰ ਵਰਗ ਦੀ ਆਵਾਜ਼ ਬਣੀ ਹੈ ਅਤੇ ਭਵਿੱਖ ਵਿੱਚ ਵੀ ਲੋਕਾਂ ਦੀ ਭਲਾਈ ਲਈ ਕੰਮ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਅਗਰਵਾਲ ਸਮਾਜ ਨੇ ਹਮੇਸ਼ਾ ਸਮਾਜਿਕ ਏਕਤਾ, ਸਿੱਖਿਆ, ਵਪਾਰ ਅਤੇ ਸਮਾਜ ਸੇਵਾ ਦੇ ਖੇਤਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਜਿਹੇ ਸਮਾਜਿਕ ਸੰਗਠਨਾਂ ਨਾਲ ਮਿਲ ਕੇ ਹੀ ਰਾਜ ਦੀ ਤਰੱਕੀ ਤੇ ਵਿਕਾਸ ਸੰਭਵ ਹੈ। ਉਨ੍ਹਾਂ ਅਗਰਵਾਲ ਸਭਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਰੋਹ ਸਿਰਫ਼ ਸਨਮਾਨ ਤੱਕ ਸੀਮਿਤ ਨਹੀਂ ਹੁੰਦੇ, ਸਗੋਂ ਇਹ ਸਮਾਜਿਕ ਜੋੜ ਅਤੇ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਦੇ ਹਨ। 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਲਈ ਨਿਰਣਾਇਕ ਸਾਬਤ ਹੋਣਗੀਆਂ। ਇਸ ਮੌਕੇ ਅਗਰਵਾਲ ਸਭਾ ਦੇ ਸੰਜੀਵ ਪਿੰਕਾ, ਰੂਲਦੂ ਰਾਮ ਬਾਂਸਲ, ਬਿੰਦਰਪਾਲ ਗਰਗ, ਵਿਸ਼ਾਲ ਜੈਨ ਗੋਲਡੀ, ਓਮ ਪ੍ਰਕਾਸ਼ ਜਿੰਦਲ, ਦਰਸ਼ਨ ਪਾਲ ਗਰਗ, ਓਮ ਪ੍ਰਕਾਸ਼ ਮਾਸਟਰ, ਰਾਮ ਦਾਸ ਫੱਤਾ, ਵਿਨੋਦ ਮਾਂਟੂ, ਰਜੇਸ਼ ਪੰਧੇਰ, ਹੁਕਮ ਚੰਦ ਬਾਂਸਲ, ਅਸ਼ੋਕ ਗੋਇਲ, ਮਨੀਸ਼ ਗੋਇਲ, ਆਰ.ਸੀ. ਗੋਇਲ, ਪ੍ਰੇਮ ਜਿੰਦਲ, ਸੁਖਦੇਵ ਪਨਸਪ, ਸੂਰਜ ਭਾਨ ਭੈਣੀ, ਰਾਜੀਵ ਅਕਲੀਆ, ਤਰਸੇਮ ਜੋਗਾ, ਕ੍ਰਿਸ਼ਨ ਪੈਪਸੀ, ਪਰਮਜੀਤ ਜਿੰਦਲ ਸਮੇਤ ਵੱਡੀ ਗਿਣਤੀ ਵਿੱਚ ਸਭਾ ਦੇ ਮੈਂਬਰ ਹਾਜ਼ਰ ਸਨ। ਸਮਾਰੋਹ ਦੌਰਾਨ ਵੱਖ-ਵੱਖ ਵਕਤਾਵਾਂ ਨੇ ਅਗਰਵਾਲ ਸਮਾਜ ਦੀ ਭੂਮਿਕਾ ’ਤੇ ਚਾਨਣ ਪਾਉਂਦਿਆਂ ਕਿਹਾ ਕਿ ਸਮਾਜ ਹਮੇਸ਼ਾਂ ਦੇਸ਼ ਤੇ ਸੂਬੇ ਦੀ ਤਰੱਕੀ ਵਿੱਚ ਅੱਗੇ ਰਹਿਆ ਹੈ। ਉਨ੍ਹਾਂ ਕਿਹਾ ਕਿ ਰਾਜਨੀਤਿਕ ਆਗੂਆਂ ਨੂੰ ਸਮਾਜਿਕ ਸੰਗਠਨਾਂ ਨਾਲ ਲਗਾਤਾਰ ਸੰਪਰਕ ਵਿੱਚ ਰਹਿਣਾ ਚਾਹੀਦਾ ਹੈ ਤਾਂ ਜੋ ਜ਼ਮੀਨੀ ਪੱਧਰ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਉਨ੍ਹਾਂ ਦਾ ਹੱਲ ਕੀਤਾ ਜਾ ਸਕੇ।