ਦਾਣਾ ਮੰਡੀ ’ਚ ਸਾਮਰਾਜ ਵਿਰੋਧੀ ਦਿਵਸ ਅੱਜ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ
Publish Date: Sun, 22 Mar 2026 06:16 PM (IST)
Updated Date: Mon, 23 Mar 2026 04:10 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਭੀਖੀ ਬਲਾਕ ਦੇ ਪਿੰਡ ਅਕਲੀਆ ਵਿੱਚ ਬਲਾਕ ਖਜ਼ਾਨਚੀ ਕਾਲਾ ਸਿੰਘ ਅਕਲੀਆ ਦੀ ਅਗਵਾਈ ’ਚ ਰੈਲੀ ਕਰਵਾਈ ਗਈ। ਰੈਲੀ ’ਚ ਵੱਡੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਮੌਜੂਦ ਰਹੇ।ਕਿਸਾਨ ਆਗੂ ਮੱਖਣ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਭਾਵੇਂ ਕਿ ਸਿਆਸਤਦਾਨਾਂ ਵੱਲੋਂ ਹਰ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾਂਦਾ ਹੈ ਪਰ ਲੁਕਾਈ ਖੁਸ਼ਹਾਲ ਹੋਣ ਦੀ ਬਜਾਏ, ਆਜ਼ਾਦੀ ਮਗਰੋਂ ਸਾਮਰਾਜੀ ਨੀਤੀਆਂ ਦੇ ਦਾਬੇ ਹੇਠਾਂ ਆ ਕੇ ਪੂਰੀ ਤਰ੍ਹਾਂ ਕਰਜ਼ੇ ਨਾਲ ਲਿਪਤ ਹੋ ਚੁੱਕੀ ਹੈ। ਇਸ ਸਾਮਰਾਜੀ ਤਾਣੇ ਬਾਣੇ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ "ਸਾਮਰਾਜ ਵਿਰੋਧੀ ਦਿਵਸ" ਵਜੋਂ ਮਨਾਉਣ ਦੇ ਦਾ ਫੈਸਲਾ ਕੀਤਾ ਹੈ। ਅੱਜ ਨਵੀਆਂ ਆਰਥਿਕ ਨੀਤੀਆਂ ਨਾਲ ਕਿਸਾਨ ਮਜ਼ਦੂਰ ਸਮੇਤ ਹਰ ਵਰਗ ਪੀੜਤ ਹੈ ਪਰ ਰਾਜ ਸੱਤਾ ਵਿੱਚ ਬੈਠੀਆਂ ਪਾਰਟੀਆਂ ਲੋਕਾਂ ਦੇ ਮਸਲੇ ਹੱਲ ਕਰਨ ਦੀ ਬਜਾਏ ਧੜਾਧੜ ਲੋਕ ਵਿਰੋਧੀ ਨੀਤੀਆਂ ਲਾਗੂ ਕਰ ਰਹੇ ਹਨ। ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਬਿਜਲੀ ਸੋਧ ਬਿੱਲ 2025, ਬੀਜ ਵਿਲ 2025, ਚਾਰ ਕਿਰਤ ਕਾਨੂੰਨ, ਭਾਰਤ-ਅਮਰੀਕਾ ਵਪਾਰ ਸਮਝੌਤਾ ਤੇ ਜੀ ਰਾਮ ਜੀ ਤਹਿਤ ਲੋਕ ਲੋਕ ਮਾਰੂ ਹੱਲਾ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਹੱਲੇ ਦੇ ਵਿਰੋਧ ਵਿੱਚ 23 ਮਾਰਚ ਨੂੰ ਬਰਨਾਲਾ ਦੀ ਦਾਣਾ ਮੰਡੀ ਵਿੱਚ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਹੋਰ ਜਮਹੂਰੀਅਤ ਪਸੰਦ ਜਥੇਬੰਦੀਆਂ ਵੱਡੀ ਗਿਣਤੀ ਵਿੱਚ ਕਾਰਕੁਨਾਂ ਸਮੇਤ ਸ਼ਮੂਲੀਅਤ ਕਰਨਗੀਆਂ ਅਤੇ ਇਹਨਾਂ ਨੀਤੀਆਂ ਦੇ ਵਿਰੋਧ ਵਿੱਚ ਆਵਾਜ਼ ਬੁਲੰਦ ਕਰਨੀ। ਰੈਲੀ ਵਿੱਚ ਬਲਜੀਤ ਸਿੰਘ ਭੈਣੀ ਬਾਘਾ, ਰੂਪ ਸਿੰਘ, ਮੁਕੰਦ ਸਿੰਘ, ਗੁਰਜੰਟ ਸਿੰਘ, ਜਸਵੰਤ ਸਿੰਘ ਪੱਪੂ, ਹਰਦੇਵ ਸਿੰਘ, ਹਰਤੇਜ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਲੋਕ ਸ਼ਾਮਿਲ ਰਹੇ।