ਕੂੜਾ ਪ੍ਰਬੰਧਨ ਪ੍ਰਾਜੈਕਟ ਸੁਚਾਰੂ ਰੂਪ ’ਚ ਚਲਾਏ ਜਾਣ : ਡਿਪਟੀ ਕਮਿਸ਼ਨਰ
ਜ਼ਿਲ੍ਹਾ ਮਾਨਸਾ ਵਿੱਚ ਵਾਤਾਵਰਣ ਦੀ
Publish Date: Thu, 15 Jan 2026 05:33 PM (IST)
Updated Date: Thu, 15 Jan 2026 05:36 PM (IST)

- ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਮੀਟਿੰਗ, ਕਾਰਜਸਾਧਕ ਅਫ਼ਸਰਾਂ ਨੂੰ ਐਕਸ਼ਨ ਪਲਾਨ ਤਿਆਰ ਕਰਨ ਦੇ ਨਿਰਦੇਸ਼ - ਇਕਹਿਰੀ ਵਰਤੋਂ ਵਾਲੀ ਪਲਾਸਟਿਕ ਅਤੇ ਚੀਨੀ ਡੋਰ ਵਿਰੁੱਧ ਲਗਾਤਾਰ ਚੈਕਿੰਗ ਦੀਆਂ ਹਦਾਇਤਾਂ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਜ਼ਿਲ੍ਹਾ ਮਾਨਸਾ ਵਿੱਚ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਮਿੱਥੇ ਗਏ ਟੀਚਿਆਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ ਅਤੇ ਪੂਰੀ ਤਨਦੇਹੀ ਤੇ ਜ਼ਿੰਮੇਵਾਰੀ ਨਾਲ ਕੰਮ ਕੀਤਾ ਜਾਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈਏਐੱਸ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫ਼ਰੰਸ ਹਾਲ ਵਿਚ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਨਗਰ ਕੌਂਸਲਾਂ, ਨਗਰ ਪੰਚਾਇਤਾਂ, ਗ੍ਰਾਮ ਪੰਚਾਇਤਾਂ ਅੰਦਰ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਕੂੜੇ-ਕਰਕਟ ਦੇ ਢੁਕਵੇਂ ਨਿਬੇੜੇ ਅਤੇ ਸਾਫ਼-ਸਫ਼ਾਈ ਨਾਲ ਸਬੰਧਿਤ ਕਾਰਜਾਂ ਦੀ ਵਿਸਥਾਰਪੂਰਵਕ ਸਮੀਖਿਆ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਵਿਸ਼ੇਸ਼ ਤੌਰ ’ਤੇ ਡੋਰ-ਟੂ-ਡੋਰ ਇਕੱਤਰ ਕੀਤੇ ਜਾ ਰਹੇ ਗਿੱਲੇ ਤੇ ਸੁੱਕੇ ਕੂੜੇ ਅਤੇ ਸਾਫ਼-ਸਫ਼ਾਈ ਆਦਿ ਸਬੰਧੀ ਚਲ ਰਹੇ ਕੰਮਾਂ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਦੇ ਮੱਦੇਨਜ਼ਰ ਨੈਸ਼ਨਲ ਗ੍ਰੀਨ ਟ੍ਰੀਬਿਊਨਲ (ਐੱਨਜੀਟੀ) ਪੂਰੀ ਤਰ੍ਹਾਂ ਗੰਭੀਰ ਹੈ। ਇਸ ਲਈ ਜ਼ਿਲ੍ਹੇ ਨੂੰ ਹਰਿਆ-ਭਰਿਆਂ ਤੇ ਸਾਫ਼-ਸੁਥਰਾ ਬਣਾਈ ਰੱਖਣ ਲਈ ਸਾਨੂੰ ਸਭ ਨੂੰ ਰਲ-ਮਿਲ ਕੇ ਹਰ ਤਰ੍ਹਾਂ ਦੇ ਸੰਭਵ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਇਕਹਿਰੀ ਵਰਤੋਂ ਵਾਲੇ ਪਲਾਸਟਿਕ ਵਿਰੁੱਧ ਲਗਾਤਾਰ ਚੈਕਿੰਗ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਜ਼ਿਲ੍ਹੇ ਦੀਆਂ ਸ਼ਹਿਰੀ ਇਕਾਈਆਂ ਵਿੱਚ ਬਣੇ ਐੱਮਆਰਐੱਫ਼ ਸੈਂਟਰਾਂ ਨੂੰ ਪੂਰੀ ਤਰ੍ਹਾਂ ਚਾਲੂ ਰੱਖਣ ‘ਤੇ ਜ਼ੋਰ ਦਿੱਤਾ। ਇਸ ਮੌਕੇ ਉਨ੍ਹਾਂ ਕਾਰਜਸਾਧਕ ਅਫ਼ਸਰਾਂ ਨੂੰ ਐਕਸ਼ਨ ਪਲਾਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡਾਂ ਵਿਚ ਵੀ ਕੂੜਾ ਪ੍ਰਬੰਧਨ ਪ੍ਰੋਜੈਕਟਾਂ ਤੇ ਕੰਮ ਚੱਲ ਰਿਹਾ ਹੈ। ਠੋਸ ਕੂੜਾ ਪ੍ਰਬੰਧਨ ਤਹਿਤ 116 ਥਾਵਾਂ ਤੇ ਕੰਮ ਮੁਕੰਮਲ ਹੋ ਚੁੱਕਿਆ ਹੈ, 56 ਤੇ ਚੱਲ ਰਿਹਾ ਹੈ ਅਤੇ 70 ਪਿੰਡਾਂ ਵਿਚ ਆਉਣ ਵਾਲੇ ਮਹੀਨੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੇ ਡਿਪਟੀ ਕਮਿਸ਼ਨਰ ਨੇ ਸਬੰਧਤ ਸਟਾਫ਼ ਦੀ ਟ੍ਰੇਨਿੰਗ ਕਰਾਉਣ ਉੱਤੇ ਜ਼ੋਰ ਦਿੱਤਾ ਤਾਂ ਜੋ ਉਹ ਆਪਣੀ ਡਿਊਟੀ ਵਧੀਆ ਤਰੀਕੇ ਨਾਲ ਨਿਭਾਅ ਸਕਣ। ਉਨ੍ਹਾਂ ਪੁਲਿਸ ਵਿਭਾਗ ਨੂੰ ਪ੍ਰੈਸ਼ਰ ਹਰਨਾਂ ਸਬੰਧੀ ਲਗਾਤਾਰ ਚੈਕਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸੀਵਰੇਜ ਬੋਰਡ ਅਧਿਕਾਰੀਆਂ ਨੇ ਦੱਸਿਆ ਕਿ 7 ਸ਼ਹਿਰੀ ਇਕਾਈਆਂ ਵਿਚੋਂ 6 ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ ਹਨ। ਪੰਚਾਇਤ ਵਿਭਾਗ ਨੇ ਦੱਸਿਆ ਕਿ 109 ਪਿੰਡਾਂ ਵਿਚ ਥਾਪਰ ਮਾਡਲ ਮੁਕੰਮਲ ਹੋ ਚੁੱਕੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਿਤ ਅਧਿਕਾਰੀਆਂ ਨੂੰ ਚੀਨੀ ਡੋਰ ਖ਼ਿਲਾਫ਼ ਲੋੜੀਂਦੀ ਕਾਰਵਾਈ ਯਕੀਨੀ ਬਣਾਉਣ ਦੇ ਨਾਲ ਨਾਲ ਲੋਕਾਂ ਨੂੰ ਜਾਗਰੂਕ ਕਰਨ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਐਕਸੀਅਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਲਜੀਤ ਸਿੰਘ, ਐੱਸ ਡੀ ਓ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਹਰਮਨਪ੍ਰੀਤ ਸਿੰਘ, ਐਕਸੀਅਨ ਸੀਵਰੇਜ ਬੋਰਡ ਰਾਜਿੰਦਰ ਗਰਗ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ, ਕਾਰਜਸਾਧਕ ਅਫ਼ਸਰ ਮਾਨਸਾ ਕੁਲਦੀਪ ਸਿੰਘ, ਕਾਰਜਸਾਧਕ ਅਫ਼ਸਰ ਬੁਢਲਾਡਾ ਸਿਕੰਦਰ ਸਿੰਘ, ਡੀ ਐੱਸ ਪੀ ਗੁਰਬਿੰਦਰ ਸਿੰਘ ਅਤੇ ਸਿਹਤ ਵਿਭਾਗ, ਭੂਮੀ ਰੱਖਿਆ ਅਤੇ ਸਿਵਲ ਸਪਲਾਈ ਤੇ ਖਪਤਕਾਰ ਵਿਭਾਗ ਤੋਂ ਨੁਮਾਇੰਦੇ ਹਾਜ਼ਰ ਸਨ।