ਲੋਕ ਲਹਿਰ ਬਣਾਉਣ ਲਈ ਪਹਿਰੇਦਾਰਾਂ ਦੀ ਭੂਮਿਕਾ ਅਹਿਮ : ਵਿਧਾਇਕ ਬੁੱਧਰਾਮ
ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ
Publish Date: Tue, 13 Jan 2026 06:49 PM (IST)
Updated Date: Wed, 14 Jan 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਬੁਢਲਾਡਾ : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ “ਯੁੱਧ ਨਸ਼ਿਆਂ ਵਿਰੁੱਧ” ਦੇ ਦੂਜੇ ਪੜਾਅ ਤਹਿਤ ਹਲਕਾ ਬੁਢਲਾਡਾ ਦੇ ਪਿੰਡ ਖੁਡਾਲ ਕਲਾਂ ਵਿਖੇ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਦੀ ਅਗਵਾਈ ਵਿਚ ਪਿੰਡਾਂ ਦੇ ਪਹਿਰੇਦਾਰਾਂ ਵੱਲੋਂ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਲਈ ਵਿਸ਼ੇਸ਼ ਪੈਦਲ ਯਾਤਰਾ ਕੱਢੀ। ਇਸ ਮੌਕੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਨਿਰਣਾਇਕ ਲੜਾਈ ਵਿੱਢੀ ਗਈ ਹੈ, ਜਿਸ ਲਈ ਲੋਕਾਂ ਦਾ ਸਾਥ ਬਹੁਤ ਜ਼ਰੂਰੀ ਹੈ। ਪਿੰਡਾਂ ਦੇ ਪਹਿਰੇਦਾਰਾਂ ਵੱਲੋਂ ਇਸ ਮੁਹਿੰਮ ਵਿੱਚ ਲੋਕਾਂ ਦਾ ਸਾਥ ਲੈਣ ਲਈ ਹਰ ਗਲੀ ਮੁਹੱਲੇ ਵਿੱਚ ਜਾ ਕੇ ਦਸਤਕ ਦਿੱਤੀ ਜਾ ਰਹੀ ਹੈ। ਇੰਨ੍ਹਾ ਯਾਤਰਾਵਾਂ ਦਾ ਮੁੱਖ ਉਦੇਸ਼ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਲਈ ਸਾਂਝੀ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਪੈਦਲ ਯਾਤਰਾਵਾਂ ਵਿੱਚ ਸ਼ਿਰਕਤ ਕਰਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਦੇ ਦੂਜੇ ਪੜਾਅ ਨੂੰ ਇੱਕ ਲੋਕ ਲਹਿਰ ਵਿੱਚ ਬਦਲਣ ਲਈ ਆਪ ਸਭ ਦੇ ਸਹਿਯੋਗ ਦੀ ਜਰੂਰਤ ਹੈ। ਪਹਿਰੇਦਾਰ ਪਿੰਡਾਂ ਦੇ ਰੱਖਿਅਕ ਹਨ ਅਤੇ ਉਨ੍ਹਾਂ ਦੀ ਭੂਮਿਕਾ ਨਸ਼ਿਆਂ ਦੇ ਖ਼ਿਲਾਫ਼ ਇਸ ਜੰਗ ਵਿਚ ਮੁੱਖ ਰਹੇਗੀ।