- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਮਾਜ ਸੇਵੀ ਸੰਸਥਾ ਵੁਆਇਸ ਆਫ ਮਾਨਸਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਮਾਨਸਾ : ਸਮਾਜ ਸੇਵੀ ਸੰਸਥਾ ਵੁਆਇਸ ਆਫ਼ ਮਾਨਸਾ ਦੇ ਸਮੂਹ ਮੈਂਬਰਾਂ ਦੀ ਮੀਟਿੰਗ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਸਵੱਛ ਭਾਰਤ ਮਿਸ਼ਨ ਤਹਿਤ ਬੀਤੇ ਵਰ੍ਹੇ ਵਿਚ ਵੱਖ ਵੱਖ ਥਾਵਾਂ ਤੇ ਬਣਾਏ ਜਾਣ ਵਾਲੇ ਜਨਤਕ ਪਖਾਨਿਆਂ ਲਈ ਜਾਰੀ ਕੀਤੀ ਗਈ ਭਾਰਤ ਸਰਕਾਰ ਦੀ ਗ੍ਰਾਂਟ ਨੂੰ ਪ੍ਰਸ਼ਾਸਨ ਤੋਂ ਮੰਗ ਕਰਕੇ ਦੁਆਰਾ ਮੰਗਵਾ ਕੇ ਸ਼ਹਿਰ ਵਿਚ ਪਖਾਨੇ ਹਰ ਹਾਲਤ ਵਿਚ ਬਣਾਉਣ ਦੀ ਲੋੜ ‘ਤੇ ਜ਼ੋਰ ਦਿੱਤਾ ਗਿਆ। ਸੋਸ਼ਲਿਸਟ ਪਾਰਟੀ ਦੇ ਆਗੂਆ ਹਰਿੰਦਰ ਮਾਨਸ਼ਾਹੀਆ, ਬਲਰਾਜ ਮਾਨ ਅਤੇ ਸਰਬਜੀਤ ਕੌਸ਼ਲ ਨੇ ਇਸ ਮੌਕੇ ਮਾਨਸਾ ਖੁਰਦ ਦੀ ਬਣ ਰਹੀ ਸੜਕ ਤੇ ਪਾਏ ਗਏ ਘਟੀਆਂ ਸਮਾਨ ਲਈ ਪ੍ਰਸ਼ਾਸਨ ਵਲੋਂ ਕੀਤੀ ਜਾ ਰਹੀ ਕਾਰਵਾਈ ਤੇ ਚਿੰਤਾ ਪ੍ਰਗਟਾਉਦਿਆਂ ਸਾਰੇ ਨਾਗਰਿਕਾਂ ਨੂੰ ਜਾਗਰੂਕ ਹੋ ਕੇ ਅਜਿਹੇ ਵਰਤਾਰੇ ਰੋਕਣ ਲਈ ਅੱਗੇ ਆਉਣ ਦੀ ਬੇਨਤੀ ਕੀਤੀ।
ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਜੋ ਆਈਐਮਏ ਮਾਨਸਾ ਦੇ ਪ੍ਰਧਾਨ ਵੀ ਹਨ ਅਤੇ ਡਾ. ਸ਼ੇਰ ਜੰਗ ਸਿੰਘ ਸਿੱਧੂ, ਜਰਨਲ ਸਕੱਤਰ ਆਈਐਮਏ ਮਾਨਸਾ ਵੱਲੋਂ ਮੀਂਹ ਦੇ ਮੌਸਮ ਤੋਂ ਪਹਿਲਾਂ ਮਾਨਸਾ ਦੇ ਹਰੇਕ ਗਲੀ ਮੁਹੱਲੇ ਵਿਚ ਕੀਟਨਾਸ਼ਕਾਂ ਦੇ ਛਿੜਕਾਅ ਦੇ ਨਾਲ ਨਾਲ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਅ ਲਈ ਵਿਸ਼ੇਸ਼ ਮੁਹਿੰਮ ਚਲਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਉੱਘੇ ਸਰਜਨ ਡਾ. ਟੀਐਸ ਰੇਖੀ ਨੇ ਬੀਮਾਰੀਆਂ ਦਾ ਫ਼ੈਲਾਅ ਰੋਕਣ ਲਈ ਕਲੋਰੀਨ ਦੀਆਂ ਗੋਲੀਆਂ ਵੀ ਸੰਸਥਾ ਵੱਲੋਂ ਵੰਡਣ ਦਾ ਸੁਝਾਅ ਦਿੱਤਾ। ਸੰਸਥਾ ਦੇ ਪ੍ਰੋਜੈਕਟ ਚੇਅਰਮੈਨ ਲਖਵਿੰਦਰ ਸਿੰਘ ਮੂਸਾ ਵਲੋਂ ਪੀਣ ਵਾਲੇ ਪਾਣੀ ਦੀ ਸਪਲਾਈ ਵਿਚ ਹੋ ਰਹੀ ਸੀਵਰੇਜ ਦੇ ਪਾਣੀ ਦੀ ਰਲਾਵਟ ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ। ਇਸ ਮੁੱਦੇ ‘ਤੇ ਹੋਈ ਵਿਚਾਰ ਚਰਚਾ ਵਿਚ ਖੂਨਦਾਨੀ ਸੰਜੀਵ ਪਿੰਕਾ ਅਤੇ ਸ਼ੰਭੂ ਨਾਥ ਸੇਵਾਮੁਕਤ ਐਸਡੀਓ ਵਾਟਰ ਸਪਲਾਈ ਨੇ ਕਿਹਾ ਕਿ ਬੰਦ ਪਏ ਵਾਟਰ ਸਪਲਾਈ ਕੁਨੈਕਸ਼ਨਾਂ ਵਿਚੋਂ ਪਾਣੀ ਰਿਸਣ ਨਾਲ ਅਕਸਰ ਅਜਿਹਾ ਹੁੰਦਾ ਹੈ ਅਤੇ ਇਸ ਨੂੰ ਰੋਕਣ ਲਈ ਪਾਣੀ ਦੀ ਸਪਲਾਈ ਦੇ ਨਾਂ ਲੋੜੀਂਦੇ ਕੁਨੈਕਸ਼ਨਾਂ ਨੂੰ ਕੱਟ ਕੇ ਸਹੀ ਤਰੀਕੇ ਨਾਲ ਬੰਦ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਸਮਾਜ ਸੇਵੀ ਕ੍ਰਿਸ਼ਨ ਚੁੱਘ ਨੇ ਸਾਰੇ ਮੈਂਬਰਾਂ ਨੂੰ ਸ਼ਹਿਰ ਵਿਚ ਬਿਨਾਂ ਲੋੜ ਤੋਂ ਵਹਿੰਦੇ ਪਾਣੀ ਦੀ ਸਪਲਾਈ ਦੀ ਨਿਸ਼ਾਨਦੇਹੀ ਲਈ ਆਪਣੇ ਪੱਧਰ ਤੇ ਜਾਣਕਾਰੀ ਸੰਸਥਾ ਨਾਲ ਸ਼ੇਅਰ ਕਰਨ ਲਈ ਕਿਹਾ ਤਾਂ ਜੋ ਸਾਰੇ ਸ਼ਹਿਰ ਵਿਚ ਸਾਂਝੇ ਤੌਰ ਤੇ ਕਾਰਵਾਈ ਕੀਤੀ ਜਾ ਸਕੇ। ਸਮੁੱਚੀ ਵਿਚਾਰ ਚਰਚਾ ਨੂੰ ਸੰਖੇਪ ਕਰਦਿਆਂ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਸੰਸਥਾ ਵੱਲੋਂ ਇਸ ’ਤੇ ਇਕ ਕਮੇਟੀ ਬਣਾ ਕੇ ਮਹਿਕਮੇ ਨਾਲ ਤਾਲਮੇਲ ਕਰਕੇ ਸ਼ਹਿਰ ਵਾਸੀਆਂ ਨੂੰ ਸਾਫ਼ ਪੀਣ ਵਾਲਾ ਪਾਣੀ ਮੁਹੱਈਆ ਕਰਨ ਲਈ ਉਚੇਚੇ ਯਤਨ ਕੀਤੇ ਜਾਣ ਦਾ ਅੇਲਾਨ ਕੀਤਾ। ਇਸ ਦੇ ਨਾਲ ਹੀ ਸੇਵਾਮੁਕਤ ਐਸਡੀਐਮ ਓਮ ਪ੍ਰਕਾਸ਼ ਅਤੇ ਤਹਿਸੀਲਦਾਰ ਓਮ ਪ੍ਰਕਾਸ਼ ਜ਼ਿੰਦਲ ਸਮੇਤ ਬਾਕੀ ਮੈਂਬਰਾਂ ਦੇ ਸੁਝਾਅ ਤੇ ਸ਼ਹਿਰ ਦੇ ਗੁਰੂਦੁਆਰਾ ਚੌਂਕ ਵਿਚ ਰਿਕਸ਼ਾ ਯੁਨੀਅਨ ਅਤੇ ਰੇਲਵੇੇ ਪਾਰਕਿੰਗ ਦੇ ਨਾਲ ਜਨਤਕ ਪੈਖਾਨਿਆਂ ਨੂੰ ਬਣਵਾਉਣਾ ਯਕੀਨੀ ਬਣਾਏ ਜਾਣ ਲਈ ਵੀ ਇਕ ਕਮੇਟੀ ਦਾ ਗਠਨ ਕੀਤਾ ਗਿਆ। ਹਰਜੀਵਨ ਸਰਾਂ, ਨਰਿੰਦਰ ਸ਼ਰਮਾ, ਅਧਿਆਪਕ ਆਗੂ ਹਰਦੀਪ ਸਿੱਧੂ ਅਤੇ ਗੁਰਜੰਟ ਸਿੰਘ ਚਹਿਲ ਦੀ ਅਗਵਾਈ ਵਿਚ ਸਮੇਂ ਸਿਰ ਸ਼ਹਿਰ ਵਿਚ ਫ਼ੋਗਿੰਗ ਕਰਵਾਏ ਜਾਣ ਲਈ ਵੀ ਲੋੜੀਦੇ ਪ੍ਰਬੰਧ ਕਰਨ ਲਈ ਰੂਪ ਰੇਖਾ ਤਿਆਰ ਕਰਨ ਲਈ ਕਿਹਾ ਗਿਆ।
ਇਸ ਮੌਕੇ ਸੰਸਥਾ ਦੇ ਕੈਸ਼ੀਅਰ ਨਰੇਸ਼ ਬਿਰਲਾ ਨੇ ਸਾਰੇ ਸਾਲ ਵਿਚ ਸੰਸਥਾ ਵਲੋਂ ਹੜ੍ਹਾਂ ਸਮੇਂ ਤਰਪਾਲਾਂ ਆਦਿ ਵੰਡਣ ਲਈ ਲੋੜੀਂਦਾ ਫੰਡ ਇਕੱਠਾ ਕਰਨ ਵਿੱਚ ਮੁੱਖ ਭੂਮੀਕਾ ਨਿਭਾਉਣ ਵਾਲੇ ਅਸ਼ੋਕ ਬਾਂਸਲ ਅਤੇ ਵੱਖ ਵੱਖ ਦਾਨੀ ਸੱਜਣਾਂ ਦਾ ਧੰਨਵਾਦ ਕਰਦਿਆਂ ਬੀਤੇ ਵਿੱਤੀ ਵਰ੍ਹੇ ਦਾ ਲੇਖਾ-ਜੋਖਾ ਵੀ ਸਭ ਨਾਲ ਸਾਂਝਾ ਕੀਤਾ। ਇਸ ਮੌਕੇ ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆ, ਸੇਠੀ ਸਿੰਘ ਸਰਾਂ, ਰੁਲਦੂ ਰਾਮ ਨੰਦਗੜ੍ਹੀਆ, ਨਰਿੰਦਰ ਗੁਪਤਾ, ਕੇਸਰ ਸਿੰਘ ਧਲੇਵਾਂ, ਹੰਸਰਾਜ ਮੋਫ਼ਰ, ਬਿਕਰਮਜੀਤ ਟੈਕਸਲਾ ਸਮੇਤ ਵੱਖ ਵੱਖ ਮੈਂਬਰ ਵੀ ਮੌਜੂਦ ਸਨ। ਸੰਸਥਾ ਦੇ ਜਨਰਲ ਸਕੱਤਰ ਵਿਸ਼ਵਦੀਪ ਬਰਾੜ ਨੇ ਸਾਰੇ ਸਾਲ ਦੀਆਂ ਸਮਾਜਿਕ ਕਾਰਵਾਈਆਂ ਦੀ ਸੰਖੇਪ ਰਿਪੋਰਟ ਵੀ ਇਸ ਵਿਚ ਪੇਸ਼ ਕੀਤੀ।