ਵੁਆਇਸ ਆਫ਼ ਮਾਨਸਾ ਦੇ ਵਫ਼ਦ ਨੇ ਡੀਸੀ ਨੂੰ ਦਿੱਤਾ ਮੰਗ ਪੱਤਰ
ਵੁਆਇਸ ਆਫ ਮਾਨਸਾ ਦੇ ਵਫ਼ਦ ਨੇ ਸੰਸਥਾ
Publish Date: Thu, 29 Jan 2026 07:03 PM (IST)
Updated Date: Thu, 29 Jan 2026 07:04 PM (IST)

- ਸਮੱਸਿਆਵਾਂ ਦੇ ਹੱਲ ਤਕ ਉਪਰਾਲੇ ਕਰਦੇ ਰਹਾਂਗੇ : ਡਾ. ਸਿੰਗਲਾ ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ ਮਾਨਸਾ : ਵੁਆਇਸ ਆਫ਼ ਮਾਨਸਾ ਦੇ ਵਫ਼ਦ ਨੇ ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਆਈਏਐੱਸ ਨਾਲ ਮੁਲਾਕਾਤ ਕਰ ਕੇ ਸ਼ਹਿਰ ਦੇ ਗੰਭੀਰ ਮਸਲਿਆਂ ’ਤੇ ਚਰਚਾ ਕੀਤੀ। ਇਸ ਮੌਕੇ ਸੰਸਥਾ ਦੇ ਮੈਂਬਰ ਡਾ. ਲਖਵਿੰਦਰ ਮੂਸਾ ਅਤੇ ਸੋਸ਼ਲਿਸਟ ਪਾਰਟੀ ਦੇ ਆਗੂ ਹਰਿੰਦਰ ਮਾਨਸ਼ਾਹੀਆ ਨੇ ਸ਼ਹਿਰ ਦੀਆਂ ਸੜਕਾਂ ’ਤੇ ਘੁੰਮ ਰਹੇ ਲਾਵਾਰਿਸ ਪਸ਼ੂਆਂ ਨੂੰ ਤੁਰੰਤ ਹਟਾਉਣ ਦੀ ਮੰਗ ਰੱਖੀ। ਲਾਵਾਰਿਸ ਪਸ਼ੂਆਂ ਕਾਰਨ ਲੋਕਾਂ ਨੂੰ ਹੋ ਰਹੀਆਂ ਪਰੇਸ਼ਾਨੀਆਂ ਅਤੇ ਹਾਦਸਿਆਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ। ਉੱਥੇ ਹੀ ਸੀਨੀਅਰ ਸਿਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆ, ਸੇਠੀ ਸਿੰਘ ਸਰਾਂ ਅਤੇ ਬਾਦਸ਼ਾਹ ਸਿੰਘ ਨੇ ਆਵਾਰਾ ਕੁੱਤਿਆਂ ਦੀ ਨਸਬੰਦੀ (ਸਟੀਰਿਲਾਈਜ਼ੇਸ਼ਨ) ਦੀ ਮੰਗ ਕੀਤੀ ਤਾਂ ਜੋ ਬੱਚਿਆਂ ਤੇ ਸੀਨੀਅਰ ਨਾਗਰਿਕਾਂ ਨੂੰ ਆਵਾਰਾ ਕੁੱਤਿਆਂ ਤੋਂ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ। ਸੰਸਥਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਅਤੇ ਜਨਰਲ ਸਕੱਤਰ ਵਿਸ਼ਵ ਬਰਾੜ ਨੇ ਸ਼ਹਿਰ ਵਿੱਚ ਜਨਤਕ ਸਹੂਲਤਾਂ (ਪਬਲਿਕ ਯੂਟਿਲਿਟੀਜ਼) ਜਿਵੇਂ ਪਬਲਿਕ ਟਾਇਲਟ ਆਦਿ ਬਣਾਏ ਜਾਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਸ ਨਾਲ ਰੋਜ਼ਾਨਾ ਸ਼ਹਿਰ ਵਿਚ ਕੰਮ ਕਾਜ ਲਈ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਇਸ ਤੋਂ ਇਲਾਵਾ ਸੰਸਥਾ ਦੇ ਕੈਸ਼ੀਅਰ ਨਰੇਸ਼ ਬਿਰਲਾ, ਨਰਿੰਦਰ ਸਿੰਘਲ ਅਤੇ ਤਰਸੇਮ ਜੋਗਾ ਨੇ ਮਾਨਸਾ ਦੇ ਆਲੇ-ਦੁਆਲੇ ਸੜਕਾ ’ਤੇ ਬਣੇ ਗੈਰ ਕਾਨੂੰਨੀ ਸਪੀਡ ਬ੍ਰੇਕਰਾਂ ਨੂੰ ਹਟਾਉਣ ਦੀ ਮੰਗ ਉਠਾਈ। ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈਏਐੱਸ ਨੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਆਵਾਰਾ ਪਸ਼ੂਆਂ ਦੀ ਸਹੀ ਸੰਭਾਲ ਲਈ ਸ਼ਹਿਰ ਦੇ ਆਲੇ-ਦੁਆਲੇ ਦੀਆਂ ਗਊਸ਼ਾਲਾਵਾਂ ਲਈ ਗਊ ਸੈੱਸ ਦੀ ਢੁੱਕਵੀਂ ਵੰਡ ਯਕੀਨੀ ਬਣਾਈ ਜਾਵੇਗੀ ਤਾਂ ਜੋ ਹਰੇਕ ਗਊਸ਼ਾਲਾ ਨੂੰ ਲਾਭ ਮਿਲ ਸਕੇ ਅਤੇ ਉਹ ਚੰਗੀ ਤਰ੍ਹਾਂ ਆਵਾਰਾ ਪਸ਼ੂਆਂ ਨੂੰ ਸੰਭਾਲ ਸਕਣ। ਉਨ੍ਹਾਂ ਨੇ ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਸਬੰਧਿਤ ਵਿਭਾਗਾਂ ਦੀ ਇੱਕ ਸਾਂਝੀ ਮੀਟਿੰਗ ਬੁਲਾਉਣ ਦੀ ਯੋਜਨਾ ਬਣਾਉਣ ਅਤੇ ਜਲਦੀ ਕਾਰਵਾਈ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਸਬੰਧਿਤ ਅਧਿਕਾਰੀਆਂ ਨਾਲ ਮਾਮਲਾ ਉਠਾ ਕੇ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਕੀਤਾ ਜਾਵੇਗਾ। ਇਸ ਮੌਕੇ ਵੁਆਇਸ ਆਫ਼ ਮਾਨਸਾ ਵੱਲੋਂ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਵਫ਼ਦ ਵੱਲੋਂ ਡਿਪਟੀ ਕਮਿਸ਼ਨਰ ਨੂੰ ਸਮੱਸਿਆਵਾ ਦੇ ਹੱਲ ਲਈ ਹਰ ਤਰ੍ਹਾਂ ਦਾ ਸਹਿਯੋਗ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਜਗਸੀਰ ਸਿੰਘ ਢਿੱਲੋਂ, ਵਿਨੋਦ ਕੁਮਾਰ ਅਤੇ ਹੋਰ ਮੈਂਬਰ ਆਦਿ ਹਾਜ਼ਰ ਸਨ।