ਬਸੰਤ ਪੰਚਮੀ ਮੌਕੇ ਮਾਂ ਸਰਸਵਤੀ ਦੀ ਕੀਤੀ ਪੂਜਾ-ਅਰਚਨਾ
ਸਥਾਨਕ ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ
Publish Date: Fri, 23 Jan 2026 06:12 PM (IST)
Updated Date: Sat, 24 Jan 2026 04:10 AM (IST)

ਬਲਦੇਵ ਸਿੰਘ ਸਿੱਧੂ, ਪੰਜਾਬੀ ਜਾਗਰਣ, ਭੀਖੀ : ਸਥਾਨਕ ਸ਼੍ਰੀ ਤਾਰਾ ਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ, ਭੀਖੀ ਵਿੱਚ ਬਸੰਤ ਪੰਚਮੀ ਅਤੇ ਮਹਾਨ ਦੇਸ਼ ਭਗਤ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜੈਯੰਤੀ ਦੇ ਸ਼ੁਭ ਮੌਕੇ ਨੰਨ੍ਹੇ ਬੱਚਿਆਂ ਲਈ ਵਿਦਿਆਰੰਭ ਸੰਸਕਾਰ ਅਤੇ ਮਾਂ ਸਰਸਵਤੀ ਪੂਜਨ ਭਗਤੀ ਮਈ ਮਾਹੌਲ ਵਿੱਚ ਕਰਵਾਇਆ ਗਿਆ। ਇਸ ਮੌਕੇ ਵਿਦਿਆ ਦੀ ਅਧਿਸ਼ਠਾਤਰੀ ਦੇਵੀ ਮਾਂ ਸਰਸਵਤੀ ਦੀ ਵਿਧੀਵਤ ਪੂਜਾ ਅਰਚਨਾ ਅਤੇ ਹਵਨ ਕਰਕੇ ਛੋਟੇ ਬੱਚਿਆਂ ਦਾ ਵਿਦਿਆ ਆਰੰਭ ਕਰਵਾਇਆ। ਇਸ ਮੌਕੇ ਮਹਾਨ ਕ੍ਰਾਂਤੀਕਾਰੀ ਨੇਤਾ ਜੀ ਸੁਭਾਸ਼ ਚੰਦਰ ਬੋਸ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਦੇਸ਼ ਭਗਤੀ, ਤਿਆਗ ਤੇ ਅਡਿੱਗ ਸੰਕਲਪ ਨੂੰ ਯਾਦ ਕੀਤਾ ਗਿਆ। ਬੱਚਿਆਂ ਅਤੇ ਮਾਪਿਆਂ ਨੂੰ ਨੇਤਾ ਜੀ ਦੇ ਜੀਵਨ ਤੋਂ ਪ੍ਰੇਰਣਾ ਲੈ ਕੇ ਦੇਸ਼ ਤੇ ਸਮਾਜ ਦੀ ਸੇਵਾ ਲਈ ਸੁਚੇਤ ਰਹਿਣ ਦਾ ਸੰਦੇਸ਼ ਦਿੱਤਾ ਗਿਆ। ਇਸ ਦੌਰਾਨ ਸਕੂਲ ਦੇ ਪ੍ਰਿੰਸੀਪਲ ਰੁਪਿੰਦਰ ਪਟਿਆਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦਿਆਰੰਭ ਸੰਸਕਾਰ ਬੱਚਿਆਂ ਦੇ ਜੀਵਨ ਦੀ ਇੱਕ ਮਹੱਤਵਪੂਰਨ ਸ਼ੁਰੂਆਤ ਹੁੰਦੀ ਹੈ, ਜੋ ਉਨ੍ਹਾਂ ਵਿੱਚ ਗਿਆਨ, ਸੰਸਕਾਰ ਅਤੇ ਅਨੁਸ਼ਾਸਨ ਦੀ ਮਜ਼ਬੂਤ ਨੀਂਹ ਰੱਖਦੀ ਹੈ। ਉਨ੍ਹਾਂ ਨੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੇ ਆਦਰਸ਼ਾਂ ਨੂੰ ਅਪਨਾਉਣ ਅਤੇ ਮਾਪਿਆਂ ਨੂੰ ਬੱਚਿਆਂ ਦੀ ਸਿੱਖਿਆ ਪ੍ਰਤੀ ਸੁਚੇਤ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬ੍ਰਿਜ ਲਾਲ, ਮੈਨੇਜਰ ਸਤੀਸ਼ ਕੁਮਾਰ, ਕਮੇਟੀ ਮੈਂਬਰ ਡਾ. ਗੌਰਵ ਗਰਗ ਅਤੇ ਜਗਦੀਪ ਸਿੰਘ ਸਮੇਤ ਸ਼ਿਸ਼ੂ ਵਾਟਿਕਾ ਇੰਚਾਰਜ ਦੀਦੀ ਸੰਗੀਤਾ ਅਤੇ ਸਮੂਹ ਸਟਾਫ਼ ਵੀ ਹਾਜ਼ਰ ਰਹੇ। ਸਾਰੇ ਮਹਿਮਾਨਾਂ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।