ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦਾ ਦੱਸਿਆ ਮਹੱਤਵ
ਰੋਇਲ ਕਾਨਵੈਂਟ ਸਕੂਲ ਸਰਦੂਲਗੜ੍ਹ ਵਿੱਚ
Publish Date: Mon, 13 Apr 2026 07:06 PM (IST)
Updated Date: Tue, 14 Apr 2026 04:08 AM (IST)

ਬੁੱਧਰਾਮ ਬਾਂਸਲ, ਪੰਜਾਬੀ ਜਾਗਰਣ, ਸਰਦੂਲਗੜ੍ਹ : ਰੌਇਲ ਕਾਨਵੈਂਟ ਸਕੂਲ ਸਰਦੂਲਗੜ੍ਹ ਵਿੱਚ ਵਿਸਾਖੀ ਦਾ ਤਿਉਹਾਰ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਾਵਨ ਮੌਕੇ ‘ਤੇ ਸਕੂਲ ਵਿੱਚ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵਿਦਿਆਰਥੀਆਂ ਨੇ ਜੋਸ਼ ਨਾਲ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸਰਸਵਤੀ ਵੰਦਨਾ ਅਤੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ। ਸਮਾਗਮ ਵਿੱਚ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਮੋਹਿਤ ਜੈਨ ਅਤੇ ਵਾਇਸ ਚੇਅਰਮੈਨ ਮੁਨੀਸ਼ ਮੰਗਲਾ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਏ। ਸਕੂਲ ਦੀ ਪ੍ਰਿੰਸੀਪਲ ਮੈਡਮ ਪਰਮਪਾਲ ਕੌਰ ਨੇ ਆਪਣੇ ਸੰਬੋਧਨ ਵਿੱਚ ਵਿਸਾਖੀ ਦੇ ਇਤਿਹਾਸਕ, ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ‘ਤੇ ਵਿਸਥਾਰ ਨਾਲ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਵਿਸਾਖੀ ਸਿਰਫ਼ ਫ਼ਸਲਾਂ ਦੀ ਕਟਾਈ ਦਾ ਤਿਉਹਾਰ ਹੀ ਨਹੀਂ, ਸਗੋਂ ਸਿੱਖ ਇਤਿਹਾਸ ਵਿੱਚ ਵੀ ਇਸ ਦੀ ਵਿਸ਼ੇਸ਼ ਮਹੱਤਤਾ ਹੈ। ਇਸੇ ਦਿਨ 1699 ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਸਾਹਿਬ ਵਿੱਚ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖ ਕੌਮ ਨੂੰ ਨਵੀਂ ਪਛਾਣ ਬਖ਼ਸ਼ੀ ਸੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸੱਚਾਈ, ਹਿੰਮਤ, ਨਿਆਂ ਅਤੇ ਭਾਈਚਾਰੇ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੰਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼—“ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ” ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ। ਮੈਡਮ ਪਰਮਪਾਲ ਕੌਰ ਨੇ ਕਿਹਾ ਕਿ ਬੱਚਿਆਂ ਨੂੰ ਆਪਣੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਅਕਾਦਮਿਕ ਦੇ ਨਾਲ ਨਾਲ ਨੈਤਿਕ ਅਤੇ ਸਮਾਜਿਕ ਤੌਰ ‘ਤੇ ਵੀ ਮਜ਼ਬੂਤ ਬਣ ਸਕਣ। ਸੱਭਿਆਚਾਰਕ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੇ ਗਿੱਧਾ, ਭੰਗੜਾ, ਦੇਸ਼ਭਗਤੀ ਗੀਤਾਂ ਅਤੇ ਸੋਲੋ ਡਾਂਸ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਕਰਕੇ ਦਰਸ਼ਕਾਂ ਨੂੰ ਮੋਹ ਲਿਆ। ਇਸ ਮੌਕੇ ਵਿਦਿਆਰਥੀ ਅਤੇ ਸਟਾਫ਼ ਪੰਜਾਬੀ ਪਹਿਰਾਵੇ ਵਿੱਚ ਨਜ਼ਰ ਆਏ। ਇਸ ਨਾਲ ਪੂਰ੍ਹਾ ਮਾਹੌਲ ਪੰਜਾਬੀ ਰੰਗਾਂ ਨਾਲ ਰੰਗਿਆ ਹੋਇਆ ਸੀ। ਅੰਤ ਵਿੱਚ ਚੇਅਰਮੈਨ ਮੋਹਿਤ ਜੈਨ ਅਤੇ ਵਾਇਸ ਚੇਅਰਮੈਨ ਮੁਨੀਸ਼ ਮੰਗਲਾ ਨੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ।