- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੀਟ ਦਾ ਪੇਪਰ ਲੀਕ ਹੋਣ ਦੇ ਮਾਮਲੇ ਤੇ ਆਲ

ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਨੀਟ ਦਾ ਪੇਪਰ ਲੀਕ ਹੋਣ ਦੇ ਮਾਮਲੇ ਤੇ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਪੰਜਾਬ ਅਤੇ ਇਨਕਲਾਬੀ ਨੌਜਵਾਨ ਸਭਾ ਪੰਜਾਬ ਵੱਲੋਂ ਕੇਂਦਰੀ ਸੱਦੇ ਤਹਿਤ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਮਾਨਸਾ ਵਿਖੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੀ ਅਰਥੀ ਫੂਕ ਕੇ ਅਸਤੀਫ਼ੇ ਦੀ ਮੰਗ ਕੀਤੀ ਗਈ।
ਆਇਸਾ ਦੇ ਸੂਬਾ ਆਗੂ ਸੁਖਜੀਤ ਰਾਮਾਨੰਦੀ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਸੂਬਾ ਆਗੂ ਹੈਪੀ ਮਾਨ ਨੇ ਕਿਹਾ ਕਿ ਅੱਜ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੀ ਜਵਾਨੀ ਨੂੰ ਆਪਣੇ ਹੀ ਵਾਅਦੇ ਮੁਤਾਬਿਕ ਹਰ ਸਾਲ 2 ਕਰੋੜ ਰੁਜ਼ਗਾਰ ਦੇਣ ਦੀ ਬਜਾਏ ਰੁਜ਼ਗਾਰ ਦੇ ਖੇਤਰ ਵਿੱਚੋਂ ਬਾਹਰ ਕਰਨ ਲਈ ਨਿੱਤ ਦਿਨ ਜਨਤਕ ਅਦਾਰਿਆਂ ਦੀਆਂ ਪੋਸਟਾਂ ਖ਼ਤਮ ਕਰਕੇ ਨਿੱਜੀਕਰਨ ਕਰ ਰਹੀ ਹੈ ਅਤੇ ਪੇਪਰ ਲੀਕ ਕਰਵਾ ਕੇ ਵਿਦਿਆਰਥੀ ਨੌਜਵਾਨਾਂ ਦੇ ਭਵਿੱਖ ਨਾਲ ਵੱਡਾ ਖਿਲਵਾੜ ਕਰ ਰਹੀ ਹੈ। ਪਿਛਲੇ ਦਿਨਾਂ ਵਿੱਚ 22.79 ਲੱਖ ਵਿਦਿਆਰਥੀਆਂ ਨੇਂ ਨੀਟ ਦਾ ਪੇਪਰ ਦਿੱਤਾ ਸੀ, ਪਰ ਪੇਪਰ ਦੇਣ ਵਾਲੇ ਵਿਦਿਆਰਥੀਆਂ ਨੂੰ ਆਪਣੇ ਭਵਿੱਖ ਬਾਰੇ ਉਦੋਂ ਪਤਾ ਲੱਗਿਆ, ਜਦੋਂ ਪੇਪਰ ਦੇ ਲੀਕ ਹੋਣ ਦੀ ਖ਼ਬਰ ਸਾਹਮਣੇ ਆ ਗਈ। ਅੰਕੜਿਆਂ ਮੁਤਾਬਕ ਬੀਜੇਪੀ ਸਰਕਾਰ ਦੇ ਰਹਿੰਦਿਆਂ ਪਿਛਲੇ 7 ਸਾਲਾਂ ਦੇ ਕਾਰਜਕਾਲ ਦੌਰਾਨ 70 ਪੇਪਰ ਲੀਕ ਹੋਏ ਹਨ, ਜਿਸਦੀ ਜ਼ਿੰਮੇਵਾਰ ਸਿੱਧੇ ਰੂਪ ਵਿੱਚ ਕੇਂਦਰ ਸਰਕਾਰ ਦੀ ਹੈ। ਸਰਕਾਰ ਵੱਲੋਂ ਹਰ ਸਾਲ ਨੀਟ ਦਾ ਪੇਪਰ ਅਪਲਾਈ ਕਰਨ ਦੇ ਨਾਮ ਤੇ ਵਿਦਿਆਰਥੀਆਂ ਦੀਆਂ ਜੇਬਾਂ ਵਿੱਚੋਂ ਰੁਪਏ ਵਸੂਲ ਕਰਨ ਦਾ ਸਿਲਸਿਲਾ ਪੇਪਰ ਲੀਕ ਹੋਣ ਦੇ ਬਾਵਜੂਦ ਵੀ ਬਾਦਸਤੂਰ ਜਾਰੀ ਹੈ।
ਹੁਣ ਤੱਕ ਗਿਣਤੀ ਤੋਂ ਬਾਹਰ ਰੁਪਏ ਇਕੱਠੇ ਹੋਣ ਦੀ ਸੂਰਤ ਵਿੱਚ ਵੀ ਵਿਦਿਆਰਥੀਆਂ ਨੂੰ ਅਪਲਾਈ ਕੀਤੀ ਗਈ ਫ਼ੀਸ ਦਾ ਕੁਝ ਹਿੱਸਾ ਵੀ ਵਾਪਸ ਨਹੀਂ ਕੀਤਾ ਗਿਆ, ਮੁਆਵਜ਼ਾ ਦੇਣਾ ਤਾਂ ਬਹੁਤ ਦੂਰ ਦੀ ਗੱਲ ਹੈ। ਆਗੂਆਂ ਨੇਂ ਮੰਗ ਕੀਤੀ ਕਿ ਆਪਣੇ ਆਪ ਨੂੰ ਨੀਟ ਦਾ ਪੇਪਰ ਲੀਕ ਹੋਣ ਦਾ ਦੋਸ਼ੀ ਮੰਨਦੇ ਹੋਏ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਨੂੰ ਅਹੁਦੇ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ, ਜਿੰਨ੍ਹਾਂ ਅਧਿਕਾਰੀਆਂ ਦੇ ਨੀਟ ਦਾ ਪੇਪਰ ਲੀਕ ਕਰਨ ਵਿੱਚ ਨਾਮ ਸਾਹਮਣੇ ਆਏ ਹਨ। ਉਨ੍ਹਾਂ ਉੱਪਰ ਤੁਰੰਤ ਕਾਰਵਾਈ ਕਰਦਿਆਂ ਸਜ਼ਾਵਾਂ ਦਿੱਤੀਆਂ ਜਾਣ, ਐਨਟੀਏ ਵਰਗੀ ਭ੍ਰਿਸ਼ਟ ਅਤੇ ਗੈਰ ਜ਼ਿੰਮੇਵਾਰ ਸੰਸਥਾ ਨੂੰ ਭੰਗ ਕੀਤਾ ਜਾਵੇ ਅਤੇ ਪੇਪਰ ਅਪਲਾਈ ਕਰਨ ਵਾਲੇ 22.79 ਲੱਖ ਵਿਦਿਆਰਥੀਆਂ ਨੂੰ ਮੁਆਵਜ਼ਾ ਦਿੱਤਾ ਜਾਵੇ। ਆਗੂਆਂ ਨੇ ਐਲਾਨ ਕੀਤਾ ਕਿ ਸੁਣਵਾਈ ਨਾ ਹੋਣ ਦੀ ਸੂਰਤ ਵਿੱਚ ਸਿੱਖਿਆ ਅਤੇ ਰੁਜ਼ਗਾਰ ‘ਤੇ ਹਮਲੇ ਬਰਦਾਸ਼ਤ ਨਾ ਕਰਦਿਆਂ ਹਿੰਦੁਸਤਾਨ ਦੇ ਨੌਜਵਾਨਾਂ ਨੂੰ ਲਾਮਬੰਦ ਕਰਦਿਆਂ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਅੰਦਰ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਇਨਕਲਾਬੀ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਰਾਜਦੀਪ ਸਿੰਘ ਗੇਹਲੇ, ਜ਼ਿਲ੍ਹਾ ਕਮੇਟੀ ਮੈਂਬਰ ਹਰਦਮ ਸਿੰਘ ਗੇਹਲੇ, ਗੁਰਪ੍ਰੀਤ ਸਿੰਘ ਦੂਲੋਵਾਲ, ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੇ ਦੀਪਕ ਗੋਇਲ ਮਾਨਸਾ ਅਤੇ ਜੈਦੀਪ ਸਿੰਘ ਹਾਜ਼ਰ ਸਨ।