ਨੌਜਵਾਨਾਂ ‘ਤੇ ਤਸ਼ੱਦਦ ਕਦੇ ਵੀ ਬਰਦਾਸ਼ਤ ਨਹੀਂ : ਬਲਕਾਰ ਸਿੰਘ ਚਹਿਲ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ
Publish Date: Mon, 08 Jun 2026 03:56 PM (IST)
Updated Date: Mon, 08 Jun 2026 03:59 PM (IST)

ਰਮਨਦੀਪ ਸਿੰਘ ਸੰਧੂ, ਪੰਜਾਬੀ ਜਾਗਰਣ ਝੁਨੀਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਝੁਨੀਰ ਦੀ ਮਹੀਨਾਵਾਰ ਮੀਟਿੰਗ ਤੇਜਾ ਸਿੰਘ ਰਾਮਾਨੰਦੀ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਸ਼ਹੀਦ ਊਧਮ ਸਿੰਘ ਯਾਦਗਰੀ ਲਾਇਬ੍ਰੇਰੀ ਖਿਆਲੀ ਚਹਿਲਾਂ ਵਾਲੀ ਵਿਖੇ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ‘ਤੇ ਜ਼ਿਲ੍ਹਾ ਮੀਤ ਪ੍ਰਧਾਨ ਬਲਕਾਰ ਸਿੰਘ ਚਹਿਲ ਅਤੇ ਜ਼ਿਲ੍ਹਾ ਪ੍ਰੈੱਸ ਸਕੱਤਰ ਹਰਬੰਸ ਸਿੰਘ ਪਾਂਧੀ ਪਹੁੰਚੇ। ਮੀਟਿੰਗ ਵਿੱਚ ਸਾਰੀਆਂ ਪਿੰਡ ਇਕਾਈਆਂ ਹਾਜ਼ਰ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਜੋ ਕੱਲ੍ਹ ਪੰਜਾਬ ਸਰਕਾਰ ਦੇ ਹੁਕਮਾਂ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ 2600 ਅਪ੍ਰੇਂਟਸ਼ਿਪ ਲਾਈਨਮੈਂਨ ਯੂਨੀਅਨ ਦੇ ਬੇਰੁਜ਼ਗਾਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ। ਕਈ ਨੌਜਵਾਨਾਂ ਦੇ ਸੱਟਾਂ ਵੀ ਮਾਰੀਆਂ ਗਈਆਂ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਥੇਬੰਦੀ ਵੱਲੋ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾਂਦੀ ਹੈ ਅਤੇ ਇਸ ਸੰਘਰਸ਼ ਵਿੱਚ ਜੱਥੇਬੰਦੀ ਉਨ੍ਹਾਂ ਬੇਰੁਜਗਾਰਾਂ ਦਾ ਸਾਥ ਦੇਣ ਲਈ ਤਿਆਰ ਖੜ੍ਹੀ ਹੈ। ਪੰਜਾਬ ਸਰਕਾਰ ਵੱਲੋਂ ਕੱਲ ਸੇਵਾ ਕੇਂਦਰ ਮੁਲਾਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰਕੇ ਵੱਖ ਵੱਖ ਥਾਣਿਆਂ ਵਿੱਚ ਲਿਜਾਇਆ ਗਿਆ। ਕਈ ਜਗ੍ਹਾ ‘ਤੇ ਜਾ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਵੱਲੋਂ ਉਨ੍ਹਾਂ ਨੂੰ ਰਿਹਾਅ ਕਰਵਾਇਆ ਗਿਆ। ਸਰਕਾਰ ਨੌਜਵਾਨਾਂ ਨਾਲ ਝੂਠੇ ਵਾਅਦੇ ਕਰਕੇ ਹੁਣ ਨੌਜਵਾਨਾਂ ਨੂੰ ਜ਼ਲੀਲ ਕਰ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੌਜਵਾਨਾਂ ‘ਤੇ ਤਸ਼ੱਦਦ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਆਗੂਆਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸਾਰੀਆਂ ਨਹਿਰਾਂ ਵਿੱਚ ਪਾਣੀ ਜਲਦੀ ਤੋਂ ਜਲਦੀ ਛੱਡਿਆ ਜਾਵੇ ਕਿਉਂਕਿ ਨਹਿਰੀ ਪਾਣੀ ਤੋਂ ਬਿਨਾ ਝੋਨੇ ਦੀਆਂ ਪਨੀਰੀਆਂ ਵੀ ਖ਼ਰਾਬ ਹੋ ਚੁੱਕੀਆਂ ਹਨ ਅਤੇ ਝੋਨੇ ਦੀ ਲੁਆਈ ਦਾ ਸਮਾਂ ਆ ਚੁੱਕਿਆ ਹੈ। ਨਹਿਰਾਂ ਵਿੱਚ ਪਾਣੀ ਨਾ ਆਉਣ ਕਰਕੇ ਵਾਟਰ ਵਰਕਸ ਵਿੱਚ ਵੀ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ। ਜ਼ਿਲ੍ਹਾ ਮੀਤ ਪ੍ਰਧਾਨ ਬਲਕਾਰ ਸਿੰਘ ਚਹਿਲ ਨੇ ਕਿਹਾ ਕਿ ਬੈਂਕਾਂ ਦੇ ਵਿੱਚ ਕੈਸ਼ ਨੂੰ ਲੈ ਕੇ ਕਿਸਾਨਾਂ ਨੂੰ ਕਾਫ਼ੀ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕੋਆਪ੍ਰੇਟਿਵ ਬੈਂਕਾਂ ਦੇ ਅਧਿਕਾਰੀ ਕਿਸਾਨਾਂ ਤੋਂ ਕੈਸ਼ ਜਮ੍ਹਾਂ ਤਾਂ ਕਰਵਾ ਲੈਂਦੇ ਹਨ ਪਰ ਵਾਪਸੀ ਸਮੇਂ ਕੈਸ਼ ਨਹੀਂ ਦਿੱਤਾ ਜਾਂਦਾ। ਜੇਕਰ ਅੱਗੇ ਕਿਸਾਨਾਂ ਨਾਲ ਇੰਝ ਕੀਤਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕੀਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਕੋਆਪ੍ਰੇਟਿਵ ਬੈਂਕ ਦੇ ਅਧਿਕਾਰੀ ਕਿਸਾਨਾਂ ਨੂੰ ਪੂਰ੍ਹਾ ਹੱਦ ਕਰਜ਼ਾ ਦੇਣ। ਮੀਟਿੰਗ ਵਿੱਚ ਪਿੰਡ ਚੋਟੀਆਂ ਦੇ ਕਿਸਾਨ ਆਗੂਆਂ ਨੇ ਕਿਹਾ ਕਿ ਪਿੰਡ ਚੋਟੀਆਂ ਵਿਖੇ ਬਿਨ੍ਹਾਂ ਫ਼ਿਲਟਰ ਕੀਤੇ ਪਾਣੀ ਨੂੰ ਘਰਾਂ ਤੱਕ ਭੇਜ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਸਬੰਧਿਤ ਵਿਭਾਗ ਇਸ ‘ਤੇ ਗੌਰ ਕਰੇ ਨਹੀਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜਿੰਦਰ ਸਿੰਘ ਮੋਫ਼ਰ, ਬਹਾਲ ਸਿੰਘ ਮੋਫ਼ਰ, ਤਿੱਤਰ ਸਿੰਘ ਟਾਂਡੀਆ, ਕਰਨੈਲ ਸਿੰਘ ਚੋਟੀਆਂ, ਲਾਭ ਸਿੰਘ ਘੁੱਦੂਵਾਲਾ, ਭੋਲਾ ਸਿੰਘ ਖਿਆਲੀ ਚਹਿਲਾਂ ਵਾਲੀ, ਮਿੱਠੂ ਸਿੰਘ ਚਹਿਲ, ਅਜਾਇਬ ਸਿੰਘ ਰਾਮਾਨੰਦੀ ਆਦਿ ਹਾਜ਼ਰ ਸਨ।