ਟਰੱਕ ਪਲਟਣ ਕਾਰਨ ਡਰਾਈਵਰ ਤੇ ਕੰਡਕਟਰ ਦਾ ਜਾਨੀ ਬਚਾਅ
ਬਰਨਾਲਾ–ਸਿਰਸਾ ਨੈਸ਼ਨਲ ਹਾਈਵੇ ‘ਤੇ ਮਾਨਸਾ
Publish Date: Sat, 21 Feb 2026 06:01 PM (IST)
Updated Date: Sun, 22 Feb 2026 04:09 AM (IST)
ਹਰਕ੍ਰਿਸ਼ਨ ਸ਼ਰਮਾ, ਪੰਜਾਬੀ ਜਾਗਰਣ, ਮਾਨਸਾ : ਬਰਨਾਲਾ–ਸਿਰਸਾ ਨੈਸ਼ਨਲ ਹਾਈਵੇਅ ’ਤੇ ਮਾਨਸਾ ਤਿੰਨ ਕੋਨੀ ਨੇੜੇ ਦੇਰ ਰਾਤ ਇਕ ਟਰੱਕ (ਘੋੜਾ) ਡਿਵਾਈਡਰ ‘ਤੇ ਚੜ੍ਹ ਕੇ ਉਲਟ ਗਿਆ। ਹਾਦਸੇ ਦੌਰਾਨ ਟਰੱਕ ਬਿਜਲੀ ਦੇ ਖੰਭਿਆਂ ਨਾਲ ਟਕਰਾ ਗਿਆ, ਜਿਸ ਨਾਲ ਕੁਝ ਖੰਭੇ ਵੀ ਟੁੱਟ ਗਏ। ਹਾਲਾਂਕਿ ਡਰਾਈਵਰ ਅਤੇ ਕੰਡਕਟਰ ਇਸ ਘਟਨਾ ਵਿੱਚ ਸੁਰੱਖਿਅਤ ਰਹੇ। ਟਰੱਕ ਚਾਲਕ ਜਗਤਾਰ ਸਿੰਘ ਨੇ ਦੱਸਿਆ ਕਿ ਉਹ ਰਾਮਾਂ ਮੰਡੀ ਦੀ ਰਿਫ਼ਾਇਨਰੀ ਤੋਂ ਸਲਫ਼ਰ ਭਰ ਕੇ ਉੱਤਰ ਪ੍ਰਦੇਸ਼ ਵੱਲ ਜਾ ਰਹੇ ਸਨ। ਰਾਤ ਕਰੀਬ 10 ਵਜੇ ਜਦੋਂ ਉਹ ਮਾਨਸਾ ਤਿੰਨ ਕੋਨੀ ਓਵਰਬ੍ਰਿਜ ਤੋਂ ਹੇਠਾਂ ਉਤਰ ਰਹੇ ਸਨ ਤਾਂ ਅਚਾਨਕ ਅੱਗੇ ਇੱਕ ਗੱਡੀ ਆ ਗਈ। ਉਸ ਨੂੰ ਬਚਾਉਂਦੇ ਸਮੇਂ ਟਰੱਕ ਡਿਵਾਈਡਰ ‘ਤੇ ਚੜ੍ਹ ਗਿਆ ਅਤੇ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਉਲਟ ਗਿਆ। ਟਰੱਕ ਵਿਚ ਭਰੀ ਸਲਫ਼ਰ ਸੜਕ ‘ਤੇ ਖਿਲਰ ਗਈ। ਚਾਲਕ ਨੇ ਇਹ ਵੀ ਦੱਸਿਆ ਕਿ ਤੇਲ 40 ਲੀਟਰ ਦੀ ਇੱਕ ਕੇਨ ਵਿੱਚ ਭਰ ਕੇ ਰੱਖਿਆ ਸੀ, ਜੋ ਮੌਕੇ ‘ਤੇ ਕਿਸੇ ਵੱਲੋਂ ਚੋਰੀ ਕਰ ਲਿਆ ਗਿਆ। ਟਰੱਕ ਉਲਟਣ ਬਾਅਦ ਇਲਾਕੇ ਵਿੱਚ ਲੋਕਾਂ ਦੀ ਵੱਡੀ ਭੀੜ ਇਕੱਠੀ ਹੋ ਗਈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਹਾਲਾਤ ਨੂੰ ਕਾਬੂ ਕੀਤਾ ਗਿਆ ਤੇ ਆਵਾਜਾਈ ਨੂੰ ਸੁਚਾਰੂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ।